ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਜਥੇਬੰਦੀ ਨੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੇ ਅੱਜ ਪੀ.ਜੀ.ਆਈ ਵਿਖੇ ਹੋਏ ਅਕਾਲ ਚਲਾਣੇ ਉੱਤੇ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਬਾਦਲ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਗਹਿਰਾ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ। ਸ: ਮਾਨ ਨੇ ਕਿਹਾ ਕਿ ਅਸੀ ਸਭ ਨੇ ਇੱਕ ਨਾ ਇੱਕ ਦਿਨ ਇਸ ਦੁਨੀਆ ਤੋ ਕੂਚ ਕਰਨਾ ਹੀ ਹੈ, ਫਿਰ ਕਿਉ ਨਾ ਇਨ੍ਹਾ ਸਵਾਸਾਂ ਨੂੰ ਮਨੁੱਖਤਾ ਅਤੇ ਸਮਾਜ ਦੀ ਬਹਿਤਰੀ ਵਿੱਚ ਲਗਾ ਕੇ ਆਪਣੇ ਮਨੁੱਖੀ ਜਾਮੇ ਦੇ ਮਿਸ਼ਨ ਨੂੰ ਪੂਰਨ ਕਰੀਏ। ਉਨ੍ਹਾ ਕਿਹਾ ਕਿ ਸਰਦਾਰਨੀ ਬਾਦਲ ਅਤੇ ਬਾਦਲ ਪਰਿਵਾਰ ਨੂੰ ਲੰਮੇ ਸਮੇ ਤੋ ਹਕੂਮਤਾਂ ਉੱਤੇ ਬੈਠਣ ਅਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾ ਨੇ ਆਪਣੀ ਜਿ਼ੰਦਗੀ ਵਿੱਚ ਕਈ ਵੱਡੇ ਸਮਾਜਿਕ ਕੰਮ ਕੀਤੇ ਹੋਣਗੇ ਅਤੇ ਕਈ ਉਨ੍ਹਾ ਦੇ ਜਾਣ ਨਾਲ ਅਧੂਰੇ ਰਹਿ ਗਏ ਹੋਣਗੇ। ਮਨੁੱਖੀ ਜਾਮੇ ਵਿੱਚ ਸਾਨੂੰ ਮਿਲਿਆ ਇਹ ਜੀਵਨ ਉਦੋ ਹੀ ਸਫ਼ਲ ਮੰਨਿਆ ਜਾਂਦਾ ਹੈ, ਜਦੋ ਅਸੀਂ ਦਿਨ ਰਾਤ ਮਜ਼ਲੂਮਾਂ, ਲੋੜਵੰਦਾਂ, ਸਮਾਜ ਦੇ ਲਤਾੜੇ ਹੋਏ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਸਮਾਜ ਵਿੱਚ ਉਚੇ ਸੁੱਚੇ ਇਖਲਾਕ ਵਾਲੀਆਂ ਪਿਰਤਾਂ ਪਾਉਣ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਉਦੇ ਹੋਏ, ਚੁੱਪ ਚਪੀਤੇ ਇਸ ਦੁਨੀਆ ਤੋ ਅਛੋਪਲੇ ਹੀ ਕੂਚ ਕਰ ਜਾਈਏ। ਸ: ਮਾਨ ਅਤੇ ਸਮੁੱਚੀ ਜਥੇਬੰਦੀ ਨੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਸ਼ਾਂਤੀ ਬਖਸਣ ਅਤੇ ਬਾਦਲ ਪਰਿਵਾਰ ਦੇ ਸਮੁੱਚੇ ਮੈਬਰਾਨ, ਰਿਸ਼ਤੇਦਾਰਾਂ, ਸਬੰਧੀਆਂ ਅਤੇ ਪੰਜਾਬੀਆਂ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ। ਸ: ਮਾਨ ਦਾ ਇਹ ਅਫਸੋਸ ਭਰਿਆ ਬਿਆਨ ਪਾਰਟੀ ਦੇ ਸਿਆਸੀ ਅਤੇ ਮੀਡੀਆ ਸਲਾਹਕਾਰ ਸ: ਇਕਬਾਲ ਸਿੰਘ ਟਿਵਾਣਾ ਵੱਲੋ ਉਨ੍ਹਾ ਦੇ ਦਸਤਖਤਾਂ ਹੇਠ ਚੰਡੀਗੜ੍ਹ ਪ੍ਰੈਸ ਲਈ ਜਾਰੀ ਕੀਤਾ ਗਿਆ।
ਸਰਦਾਰਨੀ ਬਾਦਲ ਦੇ ਅਕਾਲ ਚਲਾਣੇ ‘ਤੇ ਸ: ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰਾ ਦੁੱਖ ਪ੍ਰਗਟ ਕੀਤਾ
This entry was posted in ਪੰਜਾਬ.