ਨਵੀਂ ਦਿੱਲੀ- ਕਾਂਗਰਸ ਦੇ ਕੁਝ ਸੀਨੀਅਰ ਨੇਤਾ ਇਹ ਕਹਿਣ ਲਗ ਪਏ ਹਨ ਕਿ ਪ੍ਰਿਯੰਕਾ ਨੂੰ ਸਰਗਰਮ ਰਾਜਨੀਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਜਨਤਾ ਵਿੱਚ ਪ੍ਰਿਯੰਕਾ ਦਾ ਰਾਹੁਲ ਨਾਲੋਂ ਵੱਧ ਪ੍ਰਭਾਵ ਹੈ।
ਸਾਬਕਾ ਕੇਂਦਰੀ ਮੰਤਰੀ ਜਾਫਿਰ ਸ਼ਰੀਫ ਨੇ ਕਿਹਾ ਕਿ ਪ੍ਰਿਯੰਕਾ ਰਾਜਨੀਤੀ ਵਿੱਚ ਹੈ ਅਤੇ ਚੋਣਾਂ ਦੌਰਾਨ ਉਹ ਆਪਣੀ ਮਾਤਾ ਸੋਨੀਆ ਅਤੇ ਭਰਾ ਰਾਹੁਲ ਦੇ ਚੋਣ ਖੇਤਰਾਂ ਦਾ ਪੂਰਾ ਧਿਆਨ ਰੱਖਦੀ ਹੈ। ਉਨ੍ਹਾਂ ਲਈ ਚੋਣ ਪਰਚਾਰ ਕਰਦੀ ਹੈ। ਸ਼ਰੀਫ਼ ਨੇ ਇਸ ਗੱਲ ਤੇ ਹੈਰਾਨੀ ਪ੍ਰਗਟਾਈ ਕਿ ਫਿਰ ਉਹ ਕੇਂਦਰ ਦੀ ਸਰਗਰਮ ਰਾਜਨੀਤੀ ਵਿੱਚ ਕਿਉਂ ਨਹੀਂ ਭਾਗ ਲੈਂਦੀ। ਜਾਫਰ ਇੰਦਰਾ ਦੇ ਵਫਾਦਾਰ ਰਹੇ ਹਨ ਅਤੇ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਪ੍ਰਿਯੰਕਾ ਰਾਹੁਲ ਗਾਂਧੀ ਨਾਲੋਂ ਵੱਧ ਲੋਕ ਪ੍ਰਿਆ ਹੈ। ਕਾਂਗਰਸੀ ਨੇਤਾ ਸਾਠੇ ਵੀ ਪ੍ਰਿਯੰਕਾ ਦੇ ਰਾਜਨੀਤੀ ਵਿੱਚ ਸ਼ਾਮਿਲ ਹੋਣ ਬਾਰੇ ਕਹਿ ਚੁੱਕੇ ਹਨ। ਜਾਫਿਰ ਸ਼ਰੀਫ਼ ਨੇ ਕਿਹਾ ਹੈ ਕਿ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਯੰਕਾ ਨੂੰ ਇੱਕ ਟੀਮ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਸ਼ਰੀਫ਼ ਚਾਹੁੰਦੇ ਹਨ ਕਿ ਦੋਵੇਂ ਬੱਚੇ ਰਾਜਨੀਤੀ ਵਿੱਚ ਆਪਣੀ ਮਾਂ ਸੋਨੀਆਂ ਗਾਂਧੀ ਦੀ ਮਦਦ ਕਰਨ।