ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ਪੀ ਏ ਯੂ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਯੰਗ ਰਾਈਟਰਜ਼ ਐਸੋਸੀਏਸ਼ਨ ਅਤੇ ਹੋਰ ਵਿਦਿਆਰਥੀ ਕਲੱਬਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 115ਵੇਂ ਜਨਮ ਦਿਵਸ ਮੌਕੇ ਯੂਨੀਵਰਸਿਟੀ ਕੈਂਪਸ ਅੰਦਰ ਜਗਦੀਆਂ ਮੋਮਬੱਤੀਆਂ ਫੜ ਕੇ ਮਸ਼ਾਲ ਮਾਰਚ ਕੀਤਾ। ਯੂਨੀਵਰਸਿਟੀ ਦੇ ਵੱਖ-ਵੱਖ ਕੇਂਦਰ ਵਿੱਚੋਂ ਹੁੰਦਾ ਹੋਇਆ ਇਹ ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਝੰਡੇ ਹੇਠਾਂ ਜਾ ਕੇ ਖੇਤੀ ਕਾਲਜ ਨੇੜੇ ਸੰਪੂਰਨ ਹੋਇਆ ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਫਲਸਫੇ ਬਾਰੇ ਵਿਦਿਆਰਥੀਆਂ ਨੇ ਭਾਸ਼ਣ ਕਰਦਿਆਂ ਇਹ ਗੱਲ ਉਭਾਰੀ ਕਿ ਜਿਸ ਆਜ਼ਾਦੀ ਦਾ ਸੁਪਨਾ 100 ਸਾਲ ਪਹਿਲਾਂ ਦੀ ਨੌਜਵਾਨ ਪੀੜ੍ਹੀ ਨੇ ਲਿਆ ਸੀ ਉਸ ਨੂੰ ਅੱਜ ਵੀ ਮੁੜ ਸੁਰਜੀਤ ਕਰਨ ਦੀ ਲੋੜ ਹੈ ਤਾਂ ਜੋ ਗਿਆਨ ਵਿਗਿਆਨ ਦਾ ਲਾਭ ਆਮ ਸਧਾਰਣ ਆਦਮੀ ਤੀਕ ਪਹੁੰਚੇ। ਵਿਦਿਆਰਥੀ ਜਥੇਬੰਦੀ ਦੇ ਆਗੂ ਰੁਪਿੰਦਰਪਾਲ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੇ ਰੋਸ਼ਨੀ ਪਾਉਂਦਿਆਂ ਆਖਿਆ ਕਿ ਉਹ ਸ਼ਹੀਦ ਭਗਤ ਸਿੰਘ ਦੇ ਪ੍ਰੇਰਨਾ ਸਰੋਤ ਸਨ ਅਤੇ ਸ਼ਹੀਦ ਭਗਤ ਸਿੰਘ ਅੱਗੋਂ ਸ਼ਹੀਦ ਊਧਮ ਸਿੰਘ ਦੇ ਲਈ ਚਾਨਣ ਮੁਨਾਰਾ ਬਣੇ । ਇਸ ਤਰ੍ਹਾਂ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਇਕੋ ਤੰਦ ਵਿੱਚੋ ਪਰੁੱਚੇ ਹੋਏ ਉਹ ਦੇਸ਼ ਭਗਤ ਹਨ ਜਿਨ੍ਹਾਂ ਦੀ ਕੁਰਬਾਨੀ ਨੂੰ ਵਿਸਾਰਨਾ ਨਹੀਂ ਚਾਹੀਦਾ। ਉਨ੍ਹਾਂ ਆਖਿਆ ਕਿ ਸ਼ਹੀਦਾਂ ਦੇ ਜਨਮ ਦਿਵਸ ਤੇ ਬਰਸੀਆਂ ਮਨਾਉਣ ਦਾ ਮਨੋਰਥ ਉਨ੍ਹਾਂ ਦੇ ਜੀਵਨ ਅਤੇ ਫਲਸਫੇ ਨੂੰ ਸਮਝਣਾ ਹੈ। ਇਸ ਮੌਕੇ ਮਨਪ੍ਰੀਤ ਜੈਦਕਾ, ਮੁਕੇਸ਼ ਕੁਮਾਰ, ਪਵਿੱਤਰ ਸਿੰਘ, ਦਲਜਿੰਦਰ ਸਿੰਘ, ਜਸਪ੍ਰੀਤ ਸਿੰਘ ਕਨਵੀਨਰ ਯੰਗ ਰਾਈਟਰਜ਼ ਐਸੋਸੀਏਸ਼ਨ ਅਤੇ ਤਪਤੇਜ ਸਿੰਘ ਨੇ ਵੀ ਮਾਰਚ ਵਿੱਚ ਸ਼ਮੂਲੀਅਤ ਕੀਤੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਅੱਗੇ ਮੋਮਬੱਤੀਆਂ ਜਗਾ ਕੇ ਇਨ੍ਹਾਂ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਸਮਾਜਿਕ ਕੁਰੀਤੀਆਂ , ਨਸ਼ਾਖੋਰੀ, ਦਾਜ ਦਹੇਜ, ਭਰੂਣ ਹੱਤਿਆ, ਕੰਮਚੋਰੀ ਅਤੇ ਆਲਸ ਦੀ ਪੰਡ ਨੂੰ ਉਤਾਰ ਕੇ ਜ਼ਿੰਦਗੀ ਲਈ ਸਾਰਥਿਕ ਪੈੜਾਂ ਕਰਨਗੇ ਤਾਂ ਜੋ ਉਹ ਸ਼ਹੀਦਾਂ ਦੇ ਸੁਪਨੇ ਦਾ ਭਾਰਤ ਉਸਾਰਨ ਵਿੱਚ ਕਾਮਯਾਬ ਹੋ ਸਕਣ।