ਫਰੀਦਾਬਾਦ- ਪਟਨਾ ਤੋਂ ਦਿੱਲੀ ਆ ਰਿਹਾ ਇੱਕ ਏਅਰ ਐਂਬੂਲੈਂਸ ਫਰੀਦਾਬਾਦ ਦੀ ਪਰਵਤੀ ਕਲੋਨੀ ਦੇ ਇੱਕ ਘਰ ਉਪਰ ਜਾ ਡਿੱਗਿਆ। ਇਸ ਹਾਦਸੇ ਵਿੱਚ ਦੋ ਪਾਈਲਟਾਂ ਅਤੇ ਪੰਜ ਯਾਤਰੀਆਂ ਦੀ ਮੌਤ ਹੋ ਗਈ।
ਫਰੀਦਾਬਾਦ ਵਿੱਚ ਜਿਸ ਘਰ ਦੀ ਛੱਤ ਉਪਰ ਜਹਾਜ਼ ਡਿੱਗਿਆ, ਉਸ ਪਰੀਵਾਰ ਦੀਆਂ ਤਿੰਨ ਔਰਤਾਂ ਜਹਾਜ਼ ਦੇ ਮਲਬੇ ਹੇਠ ਆ ਕੇ ਮਾਰੀਆਂ ਗਈਆਂ। ਇਹ ਜਹਾਜ਼ ਪਟਨਾ ਤੋਂ 20 ਸਾਲਾਂ ਰਾਹੁਲ ਰਾਜ ਨੂੰ ਲੈ ਕੇ ਦਿੱਲੀ ਦੇ ਅਪੋਲੋ ਹਸਪਤਾਲ ਆ ਰਿਹਾ ਸੀ। ਰਾਹੁਲ ਦੇ ਪਿਤਾ ਦਵਾਈਆਂ ਦੇ ਵਪਾਰੀ ਹਨ। ਰਾਹੁਲ ਉਨ੍ਹਾਂ ਦਾ ਇਕਲੌਤਾ ਬੇਟਾ ਸੀ। ਰਾਹੁਲ ਪੀਲੀਏ ਦਾ ਮਰੀਜ ਸੀ ਅਤੇ ਇਸ ਕਰਕੇ ਉਸ ਦੀ ਕਿਡਨੀ ਫੇਲ ਹੋ ਗਈ ਸੀ। ਉਸ ਨੂੰ ਲੈਣ ਲਈ ਦਿੱਲੀ ਤੋਂ ਦੋ ਡਾਕਟਰ ਪਟਨਾ ਗਏ ਸਨ। ਵਾਪਸੀ ਤੇ ਦੋਵੇਂ ਡਾਕਟਰ ਅਰਸ਼ਦ ਤੇ ਰਜੇਸ਼, ਦੋ ਪਾਈਲਟ ਹਰਪ੍ਰੀਤ ਅਤੇ ਮਨਜੀਤ, ਰਾਹੁਲ ਰਾਜ ਦੇ ਨਾਲ ਉਸਦਾ ਚਚੇਰਾ ਭਰਾ ਅਤੇ ਇੱਕ ਮੇਲ ਨਰਸ ਸਮੇ ਕੁਲ ਸੱਤ ਲੋਕ ਸਵਾਰ ਸਨ। ਦਿੱਲੀ ਦੇ ਨਜ਼ਦੀਕ ਪਹੁੰਚਦੇ ਹੀ ਜਹਾਜ਼ ਰਡਾਰ ਤੋਂ ਗਾਇਬ ਹੋ ਗਿਆ ਅਤੇ ਉਸ ਦਾ ਨਿਯੰਤਰਣ ਵਿਭਾਗ ਤੋਂ ਉਸ ਦਾ ਸੰਪਰਕ ਟੁੱਟ ਗਿਆ। ਇਸ ਦੌਰਾਨ ਫਰੀਦਾਬਾਦ ਵਿੱਚ ਮੌਸਮ ਬੇਹੱਦ ਖਰਾਬ ਸੀ।
ਅੱਖੀਂ ਵੇਖਣ ਵਾਲਿਆਂ ਅਨੁਸਾਰ ਜਹਾਜ਼ ਨੂੰ ਅੱਗ ਲਗੀ ਹੋਈ ਸੀ ਅਤੇ ਕੁਝ ਲੋਕ ਨੀਚੇ ਡਿੱਗ ਰਹੇ ਸਨ। ਇਸ ਸਮੇਂ ਪਰਵਤੀ ਕਲੋਨੀ ਵਿੱਚ ਰਹਿਣ ਵਾਲਾ ਦੀਪਕ ਆਪਣੇ ਭਾਣਜੇ ਨੂੰ ਲੈ ਕੇ ਆਪਣੇ ਘਰ ਦੀ ਛੱਤ ਤੇ ਬੈਠਾ ਸੀ। ਉਸ ਦੀ ਪਤਨੀ, ਭੈਣ ਅਤੇ ਮਾਂ ਵੀ ਉਸ ਦੇ ਨਾਲ ਸਨ। ਅਚਾਨਕ ਦੀਪਕ ਨੇ ਅੱਗ ਦੇ ਗੋਲੇ ਡਿੱਗਦੇ ਹੋਏ ਵੇਖੇ ਤਾਂ ਉਸਨੇ ਚੀਕਾਂ ਮਾਰਦੇ ਹੋਏ ਗਵਾਂਢੀਆਂ ਦੀ ਛੱਤ ਤੇ ਛਾਲ ਮਾਰ ਦਿੱਤੀ। ਦੀਪਕ ਦੀ ਮਾਂ, ਪਤਨੀ ਅਤੇ ਭੈਣ ਮਲਬੇ ਥੱਲੇ ਦੱਬ ਕੇ ਮਰ ਗਈਆਂ। ਜਹਾਜ਼ ‘ਚ ਲਗੀ ਅੱਗ ਕਰਕੇ ਕਈ ਘਰ ਅੱਗ ਦੀ ਲਪੇਟ ਵਿੱਚ ਆ ਗਏ। ਮੌਸਮ ਖਰਾਬ ਹੋਣ ਕਰਕੇ ਬਿਜਲੀ ਦੀ ਸਪਲਾਈ ਵੀ ਠੱਪ ਪਈ ਸੀ। ਜਿਸ ਕਰਕੇ ਰਾਹਤ ਦੇ ਕੰਮਾਂ ਵਿੱਚ ਵੀ ਰੁਕਾਵਟ ਆਈ।