ਲੁਧਿਆਣਾ:- ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਹੈ ਕਿ ਸਰਦਾਰਨੀ ਬਾਦਲ ਨੇ ਪੰਜਾਬ ਦੀ ਸਮਾਜਿਕ ਜ਼ਿੰਦਗੀ ਵਿੱਚ ¦ਮਾ ਸਮਾਂ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਮਾਲਵਾ ਖੇਤਰ ਵਿੱਚ ਬਣਾਏ ਜਾਣ ਵਾਲੇ ਕੈਂਸਰ ਹਸਪਤਾਲ ਦਾ ਨਾਮ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੇ ਨਾਮ ਤੇ ਰੱਖਿਆ ਜਾਵੇ। ਇਹ ਸੰਸਥਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਪੰਜਾਬ ਦੇ ਕੈਂਸਰ ਪੀੜਤ ਆਮ ਲੋਕਾਂ ਨੂੰ ਵੀ ਰਾਹਤ ਨਸੀਬ ਹੋਵੇਗੀ। ਸ: ਜੱਸੋਵਾਲ ਨੇ ਆਖਿਆ ਕਿ ਕੁਝ ਗੱਲਾਂ ਸਿਆਸਤ ਤੋਂ ਉਪਰ ਹੁੰਦੀਆਂ ਹਨ। ਇਸ ਵੇਲੇ ਕੈਂਸਰ ਖਿਲਾਫ ਲੜਾਈ ਲੜਨ ਲਈ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡ ਕੇ ਸਾਂਝੀ ਸ਼ਕਤੀ ਨਾਲ ਹੰਭਲਾ ਮਾਰਨ ਦੀ ਲੋੜ ਹੈ। ਸਿਰਫ ਇਲਾਜ ਹੀ ਨਹੀਂ ਸਗੋਂ ਕੈਂਸਰ ਕਰਨ ਵਾਲੇ ਤੱਤਾਂ ਦੇ ਖਿਲਾਫ ਲੋਕ ਚੇਤਨਾ ਲਹਿਰ ਵੀ ਚਲਾਈ ਜਾਵੇ।
ਸ: ਜਗਦੇਵ ਸਿੰਘ ਜੱਸੋਵਾਲ ਦੀ ਪ੍ਰਧਾਨਗੀ ਹੇਠ ਅੱਜ ਫਾਉਂਡੇਸ਼ਨ ਦੇ ਪ੍ਰਧਾਨ ਸ: ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ: ਨਿਰਮਲ ਜੌੜਾ, ਸਾਧੂ ਸਿੰਘ ਗਰੇਵਾਲ, ਇਕਬਾਲ ਸਿੰਘ ਰੁੜਕਾ, ਗੁਰਨਾਮ ਸਿੰਘ ਧਾਲੀਵਾਲ ਅਤੇ ਕਈ ਹੋਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਸ: ਜੱਸੋਵਾਲ ਵੱਲੋਂ ਦਿੱਤੇ ਸੁਝਾਅ ਨਾਲ ਸਹਿਮਤੀ ਪ੍ਰਗਟਾਈ।