ਲੁਧਿਆਣਾ ਜੂਨ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿਖਿਆ ਵਿਭਾਗ ਵਲੋਂ ਪੰਜਾਬ ਡਾਇਵਰਸਿਟੀ ਬੋਰਡ, ਚੰਡੀਗੜ ਦੇ ਸਹਿਯੋਗ ਨਾਲ ਇਕ ਪ੍ਰਦਰਸ਼ਨੀ-ਕਮ-ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸਦਾ ਮੁਖ ਮੰਤਵ ਖੇਤੀ ਵਿਭਿੰਨਤਾ ਦੀ ਮਹੱਤਤਾ ਨੂੰ ਉਤਸਾਹਤ ਕਰਨਾ ਸੀ। ਇਸ ਸੈਮੀਨਾਰ ਵਿਚ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਵਲੋਂ 60 ਫੀਸਦੀ ਕਣਕ, 40 ਫੀਸਦੀ ਝੋਨਾ, 30 ਫੀਸਦੀ ਸ਼ਹਿਦ ਅਤੇ 50 ਫੀਸਦੀ ਖੁੰਬਾ ਦਾ ਯੋਗਦਾਨ ਕੇਂਦਰੀ ਅੰਨ ਭੰਡਾਰ ਵਿਚ ਪਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਗਲੋਬਲ ਵਾਰਮਿੰਗ ਨੂਂੰ ਧਿਆਨ ਵਿਚ ਰਖਦਿਆਂ ਸਾਨੂੰ ਤਾਪਮਾਨ ਨੂੰ ਸਹਿਣ ਕਰਨ ਵਾਲੀਆਂ ਕਿਸਮਾਂ ਵੱਲ ਖੋਜ ਕੇਂਦਰਿਤ ਕਰਨੀ ਪਵੇਗੀ। ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਿਛਲੇ ਪੰਜਾਹ ਸਾਲਾਂ ਦੌਰਾਨ ਵੱਖ-ਵੱਖ ਫਸਲਾਂ ਦਾ ਜਰਮਪਲਾਜਮ ਇਕੱਠਾ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਭਵਿਖ ਵਿਚ ਆਉਣ ਵਾਲੀਆਂ ਚੁਨੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਇਸਤੋਂ ਪਹਿਲਾਂ ਖੇਤੀਬਾੜੀ ਕਾਲਜ ਦੇ ਡੀਨ ਡਾ. ਦਵਿੰਦਰ ਸਿੰਘ ਚੀਮਾ ਨੇ ਜੀ ਆਇਆ ਦੇ ਸ਼ਬਦ ਕਹੇ ਅਤੇ ਖੇਤੀ ਵਿਚ ਆਈ ਖੜੋਤ ਨੂੰ ਤੋੜਨ ਲਈ ਖੇਤੀ ਵਿਭਿੰਨਤਾ ਵਲ ਤੁਰਨ ਲਈ ਕਿਹਾ। ਪਸਾਰ ਸਿਖਿਆ ਵਿਭਾਗ ਦੇ ਮੁਖੀ ਡਾ. ਰਵਿੰਦਰ ਕੌਰ ਧਾਲੀਵਾਲ ਨੇ ਖੇਤੀਬਾੜੀ ਅਤੇ ਆਮ ਜਿੰਦਗੀ ਵਿਚ ਪਰਚਲਤ ਰਸਮਾ-ਰਿਵਾਜਾਂ ਨਾਲ ਵਾਤਾਵਰਣ ਸੰਭਾਲ ਦਾ ਸੰਬੰਧ ਆਪਣੇ ਵਿਸ਼ੇਸ਼ ਭਾਸ਼ਨ ਵਿਚ ਦਰਸਾਇਆ। ਇਸ ਸੈਮੀਨਾਰ ਵਿਚ ਬੋਰਡ ਦੇ ਸੀਨੀਅਰ ਸਾਇੰਟਿਫਿਕ ਅਫਸਰ ਸ. ਗੁਰਹਰਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਸੈਮੀਨਾਰ ਦੌਰਾਨ ਪੌਦਾ ਰੋਗ ਵਿਗਿਆਨ ਤੋਂ ਮਾਹਰ ਡਾ. ਚੰਦਰਮੋਹਨ, ਜੰਗਲਾਤ ਅਤੇ ਕੁਦਰਤੀ ਸੋਮਿਆਂ ਤੋਂੰ ਮਾਹਰ ਡਾ. ਅਵਤਾਰ ਸਿੰਘ, ਪਸਾਰ ਸਿਖਿਆ ਤੋਂ ਮਾਹਰ ਡਾ. ਰਵਿੰਦਰ ਕੌਰ ਧਾਲੀਵਾਲ ਨੇ ਆਪਣੇ-ਆਪਣੇ ਸੋਧ ਪੱਤਰ ਵੀ ਪੜੇ। ਇਸਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤੀਆਂ ਵੱਖ-ਵੱਖ ਫਸਲਾਂ ਸੰਬੰਧੀ ਕੀਤੀ ਜਾ ਰਹੀ ਖੋਜ ਨੂੰ ਦਰਸਾਉਣ ਲਈ ਇਕ ਬੜੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਅੱਪਰ ਨਿਰਦੇਸ਼ਕ ਪਸਾਰ ਸਿਖਿਆ ਡਾ. ਹਰਜੀਤ ਸਿੰਘ ਧਾਲੀਵਾਲ ਵੀ ਸ਼ਾਮਲ ਸਨ।