ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਰੇਲਵੇ ਦੀ ਖਰਾਬ ਹੋ ਰਹੀ ਮਾਲੀ ਹਾਲਤ, ਟਰੇਨਾਂ ਅਤੇ ਯੋਜਨਾਵਾਂ ਦੀ ਵੱਧ ਰਹੀ ਲੇਟਲਤੀਫ਼ੀ ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਰੇਲਵੇ ਬੋਰਡ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਇਸ ਸਬੰਧੀ ਜਲਦੀ ਹੀ ਉਚਿਤ ਕਦਮ ਉਠਾਏ ਜਾਣ। ਮਮਤਾ ਬੈਨਰ ਜੀ ਦੇ ਪੱਛਮੀ ਬੰਗਾਲ ਦਾ ਮੁੱਖਮੰਤਰੀ ਬਣਨ ਤੋਂ ਬਾਅਦ ਰੇਲਵੇ ਵਿਭਾਗ ਸੰਭਾਲ ਰਹੇ ਪ੍ਰਧਾਨਮੰਤਰੀ ਨੇ ਆਪਣੇ ਨਿਵਾਸ ਸਥਾਨ ਤੇ ਤਿੰਨਾਂ ਰਾਜਮੰਤਰੀਆਂ ਸਮੇਤ ਸੰਪੂਰਨ ਰੇਲਵੇ ਬੋਰਡ ਦੀ ਮੀਟਿੰਗ ਬੁਲਾਈ ਸੀ।
ਡਾ: ਮਨਮੋਹਨ ਸਿੰਘ ਨੇ ਇਸ ਗੱਲ ਤੇ ਹੈਰਾਨੀ ਪ੍ਰਗਟਾਈ ਕਿ ਲਾਭ ਵਿੱਚ ਚਲ ਰਹੀ ਰੇਲਵੇ ਘਾਟੇ ਵਿੱਚ ਕਿਸ ਤਰ੍ਹਾਂ ਆ ਗਈ। ਇਸ ਸਾਲ ਅਪ੍ਰੈਲ ਤੱਕ ਰੇਲਵੇ ਦੀ ਕਮਾਈ ਟੀਚੇ ਤੋਂ 444 ਕਰੋੜ ਘੱਟ ਰਹੀ ਹੈ। ਸਰਪਲਸ ਵੀ 1549 ਕਰੋੜ ਰੁਪੈ ਘੱਟਿਆ ਹੈ। ਪ੍ਰਧਾਨਮੰਤਰੀ ਨੇ ਚਾਲੂ ਯੋਜਨਾਵਾਂ ਦਾ ਵੀ ਜਾਇਜਾ ਲਿਆ। ਉਨ੍ਹਾਂ ਨੇ ਖਾਸ ਤੌਰ ਤੇ ਰਾਏਬਰੇਲੀ ਕੋਚ ਫੈਕਟਰੀ, ਮਢੌਰਾ ਅਤੇ ਮਧੇਪੁਰਾ ਇੰਜਨ ਕਾਰਖਾਨੇ, ਡੈਡੀਕੇਟਡ ਫਰੈਟ ਕਾਰੀਡੋਰ ਅਤੇ ਵਰਲਡ ਕਲਾਸ ਸਟੇਸ਼ਨਾਂ ਦੀ ਵੀ ਜਾਂਚ ਕੀਤੀ। ਇਹ ਯੋਜਨਾਵਾਂ ਬਹੁਤ ਹੀ ਸੁਸਤ ਚਾਲ ਚਲ ਰਹੀਆਂ ਹਨ। ਇਸ ਬੈਠਕ ਦੌਰਾਨ ਕਰਾਸਿੰਗ ਹਾਦਸਿਆਂ ਅਤੇ ਟਰੇਨਾਂ ਦੇ ਲੇਟ ਚਲਣ ਦਾ ਮੁੱਦਾ ਵੀ ਉਠਾਇਆ ਗਿਆ। ਪ੍ਰਧਾਨਮੰਤਰੀ ਨੇ ਕਿਹਾ ਕਿ ਇੱਕ ਵੀ ਦੁਰਘਟਨਾ ਸਰਕਾਰ ਅਤੇ ਰੇਲਵੇ ਦਾ ਅਕਸ ਖਰਾਬ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਕਦਮ ਉਠਾ ਕੇ ਅਜਿਹੇ ਹਾਦਸਿਆਂ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਨੇ ਟਰੇਨਾਂ ਦੇ ਲੇਟ ਚਲਣ ਤੇ ਵੀ ਚਿੰਤਾ ਜਾਹਿਰ ਕੀਤੀ। ਇਸ ਸਮੇਂ ਕੇਵਲ 75 ਫੀਸਦੀ ਟਰੇਨਾਂ ਹੀ ਠੀਕ ਸਮੇਂ ਤੇ ਚਲ ਰਹੀਆਂ ਹਨ। ਇਹ ਅਨੁਪਾਤ ਘੱਟ ਤੋਂ ਘੱਟ 90 ਫੀਸਦੀ ਹੋਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਦੱਖਣ ਮੱਧ ਰੇਲਵੇ ਦਾ ਰਿਕਾਰਡ ਚੰਗਾ ਰਿਹਾ ਹੈ, ਜੋ ਕਿ 96 ਫੀਸਦੀ ਸਮੇਂ ਦੇ ਪਬੰਦ ਹਨ। ਉਤਰ ਮੱਧ ਰੇਲਵੇ ਦਾ ਰਿਕਾਰਡ ਸੱਭ ਤੋਂ ਵੱਧ ਖਰਾਬ ਹੈ। ਇੱਥੇ ਕੇਵਲ 50 ਫੀਸਦੀ ਟਰੇਨਾਂ ਹੀ ਸਮੇਂ ਅਨੁਸਾਰ ਚਲ ਰਹੀਆਂ ਹਨ। ਪੂਰਬ ਮੱਧ ਰੇਲਵੇ ਅਤੇ ਉਤਰ ਰੇਲਵੇ ਵਿੱਚ ਕੇਵਲ 64% ਟਰੇਨਾਂ ਸਮੇਂ ਤੇ ਚਲਦੀਆਂ ਹਨ।