ਮਲੋਟ (ਬਠਿੰਡਾ), – (ਗੁਰਿੰਦਰਜੀਤ ਸਿੰਘ ਪੀਰਜੈਨ)- ਚੋਟੀ ਦੇ ਕੌਮੀ ਰਾਜਨੀਤਿਕ ਨੇਤਾਵਾਂ ਅਤੇ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਸੁਰਿੰਦਰ ਕੌਰ ਬਾਦਲ ਨਮਿੱਤ ਅੱਜ ਇੱਥੋਂ ਦੀ ਨਵੀਂ ਅਨਾਜ ਮੰਡੀ ਵਿਖੇ ਹੋਈ ਅੰਤਿਮ ਅਰਦਾਸ ਮੌਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।
ਪੰਜਾਬ ਭਰ ਅਤੇ ਗੁਆਂਢੀ ਸੂਬਿਆਂ ਤੋਂ ਸਮਾਜ ਦੇ ਹਰ ਵਰਗ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਵੇਰ ਤੋਂ ਹੀ ਸਰਦਾਰਨੀ ਬਾਦਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚਣੇ ਸ਼ੁਰੂ ਹੋ ਗਏ ਸਨ। ਦਾਣਾ ਮੰਡੀ ਵਿੱਚ ਲਾਇਆ ਗਿਆ ਵਿਸ਼ਾਲ ਪੰਡਾਲ ਦੁਪਹਿਰ 12 ਵਜੇ ਤੱਕ ਹੀ ਭਰ ਗਿਆ ਸੀ ਅਤੇ ਉਸ ਤੋਂ ਬਾਅਦ ਲੋਕਾਂ ਨੂੰ ਬਾਹਰ ਖੜ੍ਹ ਕੇ ਹੀ ਸ਼ਰਧਾਂਜਲੀ ਸਮਾਗਮ ਦੀ ਕਾਰਵਾਈ ਨੂੰ ਸੁਣਨਾ ਪਿਆ।
ਸਰਦਾਰਨੀ ਬਾਦਲ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਸਾਰੇ ਹੀ ਬੁਲਾਰਿਆਂ ਨੇ ਕਿਹਾ ਕਿ ਬੀਬੀ ਬਾਦਲ ਨੇ ਹਰ ਪੱਖੋਂ ਸਫਲ ਅਤੇ ਭਰਪੂਰ ਜੀਵਨ ਬਤੀਤ ਕੀਤਾ ਅਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਅਨੂਠੇ ਗੁਣਾਂ ਦਾ ਸੰਗਮ ਕਿਹਾ। ਬੁਲਾਰਿਆਂ ਨੇ ਕਿਹਾ ਕਿ ਧਾਰਮਿਕ ਬਿਰਤੀ ਉਨ੍ਹਾਂ ਦਾ ਪ੍ਰਧਾਨ ਗੁਣ ਸੀ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਲਾਲ ਕਿਸ਼ਨ ਅਡਵਾਨੀ ਨੇ ਕਿਹਾ ਕਿ ਕੌਮੀ ਰਾਜਨੀਤੀ ਵਿੱਚ ਜਿਹੜੀ ਉਸਾਰੂ ਤੇ ਮੋਹਰੀ ਭੂਮਿਕਾ ਸਰਦਾਰ ਬਾਦਲ ਨੇ ਨਿਭਾਈ ਹੈ, ਉਸ ਪਿੱਛੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਪ੍ਰੇਰਨਾ ਅਤੇ ਸ਼ਕਤੀ ਕੰਮ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਬੋਝ ਚੁੱਕ ਕੇ ਸ. ਪਰਕਾਸ਼ ਸਿੰਘ ਬਾਦਲ ਨੂੰ ਚਿੰਤਾ-ਮੁਕਤ ਕਰੀ ਰੱਖਿਆ, ਉੱਥੇ ਉਨ੍ਹਾਂ ਨੂੰ ਨੈਤਿਕ ਸ਼ਕਤੀ ਵੀ ਦਿੱਤੀ। ਭਾਜਪਾ ਦੇ ਰਹਿ ਚੁੱਕੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਦਾਰਨੀ ਬਾਦਲ ਦਇਆ, ਕੋਮਲਤਾ, ਦ੍ਰਿੜਤਾ ਅਤੇ ਸ਼ਰਾਫਤ ਦਾ ਅਨੂਠਾ ਸੰਗਮ ਸਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਰਦਾਰਨੀ ਬਾਦਲ ਹਸਮੁਖ ਅਤੇ ਖੁਸ਼ਮਿਜਾਜ਼ ਸ਼ਖਸੀਅਤ ਸਨ ਅਤੇ ਉਨ੍ਹਾਂ ਨੇ ਰਾਜਨੀਤੀ ਦੇ ਕਠੋਰ ਖੇਤਰ ਵਿੱਚ ਵਿਚਰਦਿਆਂ ਹੋਇਆਂ ਵੀ ਆਪਣੇ ਅੰਦਰਲੀ ਨਾਰੀ ਸੰਵੇਦਨਾ ਨੂੰ ਜੀਵਤ ਰੱਖਿਆ।
ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਰਦਾਰਨੀ ਬਾਦਲ ਨਾਲ ਆਪਣੀਆਂ ਨਿੱਜੀ ਯਾਦਾਂ ਨੂੰ ਚਿਤਾਰਦਿਆਂ ਕਿਹਾ ਕਿ ਬੀਬੀ ਬਾਦਲ ਤੋਂ ਉਨ੍ਹਾਂ ਨੂੰ ਹਮੇਸ਼ਾ ਹੀ ਮਾਂ ਵਾਲਾ ਪਿਆਰ ਮਿਲਦਾ ਰਿਹਾ ਹੈ। ਉਹ ਸਮਾਜਿਕ ਕ੍ਰਾਂਤੀ ਦਾ ਪ੍ਰਤੀਕ ਸਨ ਅਤੇ ਭਰੂਣ ਹੱਤਿਆ ਵਿਰੁੱਧ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਨੇ ਸਰਦਾਰਨੀ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਲੋਕਾਂ ਦੇ ਦੁੱਖ-ਤਕਲੀਫਾਂ ਨੂੰ ਘਟਾਉਣ ਲਈ ਕੰਮ ਕੀਤਾ ਅਤੇ ਇਸੇ ਲਈ ਹੀ ਬੀਬੀ ਬਾਦਲ ਦੀ ਕਮੀ ਲੰਮੇ ਸਮੇਂ ਤੱਕ ਮਹਿਸੂਸ ਕੀਤੀ ਜਾਂਦੀ ਰਹੇਗੀ। ਸ੍ਰੀ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਤਸੱਲੀ ਹੈ ਕਿ ਸ. ਸੁਖਬੀਰ ਸਿੰਘ ਬਾਦਲ ਆਪਣੀ ਮਾਂ ਦੇ ਨਕਸ਼ੇ-ਕਦਮਾਂ ਉੱਤੇ ਚਲਦਿਆਂ ਪੰਜਾਬ ਅਤੇ ਪੰਥ ਦੀ ਸੇਵਾ ਕਰ ਰਹੇ ਹਨ।
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਮੁਲਕ ਦੇ ਮਹਾਨ ਰਾਜਨੀਤੀਵੇਤਾ ਵਜੋਂ ਉੱਭਰੇ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਲੜੇ ਗਏ ਲੰਬੇ ਰਾਜਨੀਤਿਕ ਸੰਘਰਸ਼ਾਂ ਪਿੱਛੇ ਸਰਦਾਰਨੀ ਬਾਦਲ ਦੀ ਪ੍ਰੇਰਨਾਮਈ ਭੂਮਿਕਾ ਸੀ। ਉਨ੍ਹਾਂ ਕਿਹਾ ਕਿ ਸਰਦਾਰਨੀ ਬਾਦਲ ਰਾਜਨੀਤੀ ਵਿੱਚ ਰਹਿੰਦਿਆਂ ਵੀ ਰਾਜਨੀਤਿਕ ਵਖਰੇਵਿਆਂ ਤੋਂ ਉਪਰ ਉਠ ਕੇ ਸੋਚਣ ਤੇ ਵਿਚਰਨ ਦੀ ਸਮਰਥਾ ਰੱਖਦੇ ਸਨ। ਲੋਕ ਭਲਾਈ ਪਾਰਟੀ ਦੇ ਪ੍ਰਧਾਨ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਰਦਾਰਨੀ ਬਾਦਲ ਨੇ ਆਪਣੀ ਜ਼ਿੰਦਗੀ ਦੇ ਆਖਰੀ ਵਰ੍ਹੇ ਗੁਰੂ ਘਰ ਅਤੇ ਸਮਾਜ ਦੀ ਨਿਸ਼ਕਾਮ ਸੇਵਾ ਕਰਦਿਆਂ ਗੁਜ਼ਾਰੇ। ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਨੇ ਕਿਹਾ ਕਿ ਸਰਦਾਰਨੀ ਬਾਦਲ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਵਾਲੀ ਇਕ ਸਫਲ ਔਰਤ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਰਦਾਰਨੀ ਬਾਦਲ ਵੱਲੋਂ ਗੁਰੂ ਰਾਮ ਦਾਸ ਲੰਗਰ ਦੀ ਕੀਤੀ ਗਈ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਬੀਬੀ ਬਾਦਲ ਧਾਰਮਿਕ ਬਿਰਤੀ ਵਾਲੇ ਗੁਰੂ ਘਰ ਦੇ ਅੰਨਿਨ ਸੇਵਕ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪ੍ਰਮਾਤਮਾ ਦੇ ਨਿਰਮਲ ਭਉ ਵਿੱਚ ਰਹਿ ਕੇ ਗੁਜ਼ਾਰਿਆ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ‘ਸਿੱਖ ਸਿਧਾਂਤ ਪ੍ਰਚਾਰਕ ਸੰਤ ਸਮਾਜ’ ਵੱਲੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬੀਬੀ ਬਾਦਲ ਇਕ ਸਿਦਕਵਾਨ ਸਿੱਖ ਸਨ ਜਿਨ੍ਹਾਂ ਨੇ ਹਜ਼ਾਰਾਂ ਮਨੁੱਖਾਂ ਨੂੰ ਗੁਰੂ ਘਰ ਦੀ ਸੇਵਾ ਦੇ ਰਾਹ ਤੋਰਿਆ।
ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅਤੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਸਮੇਤ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਗੁਰਸ਼ਬਦ ਦੀ ਕਥਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਦਾਸ ਕੀਤੀ ਅਤੇ ਹੈਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਨੇ ਹੁਕਮਨਾਮਾ ਲਿਆ।
ਸ਼ਰਧਾਂਜਲੀ ਸਮਾਗਮ ਦੇ ਅਖੀਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਸ਼ਖਸੀਅਤਾਂ ਦੇ ਅਸ਼ੀਰਵਾਦ ਅਤੇ ਕੌਮੀ ਨੇਤਾਵਾਂ ਦੇ ਪ੍ਰੇਰਨਾਮਈ ਬੋਲਾਂ ਨਾਲ ਸਾਡਾ ਦੁੱਖ ਵੀ ਘਟਿਆ ਹੈ ਅਤੇ ਸਾਨੂੰ ਢਾਰਸ ਵੀ ਬੱਝੀ ਹੈ। ਆਪਣੀ ਸਵਰਗੀ ਧਰਮ ਪਤਨੀ ਸੁਰਿੰਦਰ ਕੌਰ ਬਾਦਲ ਦੇ ਗੁਣਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਉਹ ਸ਼ੁਰੂ ਕੀਤੇ ਹਰ ਕੰਮ ਨੂੰ ਸਿਰੇ ਲਾ ਕੇ ਹੀ ਦਮ ਲੈਂਦੇ ਸਨ। ਸਰਦਾਰਨੀ ਬਾਦਲ ਦੇ ਵਿਛੋੜੇ ਨੂੰ ਬੇਵਕਤ ਤੇ ਦਰਦਨਾਕ ਦੱਸਦਿਆਂ, ਸਰਦਾਰ ਬਾਦਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਮੁਲਕ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਲੈ ਕੇ ਹਰ ਰਾਜਨੀਤਿਕ ਪਾਰਟੀ ਦੇ ਨੇਤਾਵਾਂ ਨੇ ਸਿਆਸੀ ਵਖਰੇਵਿਆਂ ਤੋਂ ਉਪਰ ਉੱਠ ਕੇ ਉਨ੍ਹਾਂ ਦੇ ਪਰਿਵਾਰ ਦਾ ਦੁੱਖ ਵੰਡਾਇਆ ਹੈ।
ਸਰਦਾਰਨੀ ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਧੀ ਸਰਦਾਰਨੀ ਪਰਨੀਤ ਕੌਰ ਅਤੇ ਦਾਮਾਦ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਸਮੇਤ ਬਾਦਲ ਪਰਿਵਾਰ ਦੇ ਸਾਰੇ ਮੈਂਬਰ ਅਤੇ ਰਿਸ਼ਤੇਦਾਰ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਸਨ।