ਨਵੀਂ ਦਿੱਲੀ – ਸ. ਜਸਬੀਰ ਸਿੰਘ ਕਾਕਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ-ਕਾਰਜ ਦੀ ਅਰੰਭਤਾ 12 ਜੂਨ, ਐਤਵਾਰ ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਸੰਤਾਂ-ਮਹਾਂਪੁਰਖਾਂ ਅਤੇ ਸੰਗਤਾਂ ਦੀ ਹਾਜ਼ਰੀ ਵਿਚ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨੀਂਹ-ਪੱਥਰ ਰੱਖ ਕੇ ਵਿਕਾਸ-ਕਾਰਜ ਦੀ ਅਰੰਭਤਾ ਕਰਨਗੇ ਅਤੇ ਦਿੱਲੀ ਦੇ ਸਿੱਖਿਆ ਅਤੇ ਟ੍ਰਾਂਸਪੋਰਟ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਇਸ ਮੌਕੇ ਤੇ ਹੋਣ ਵਾਲੇ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਸ਼ਾਮਲ ਹੋਣਗੇ।
ਸ. ਜਸਬੀਰ ਸਿੰਘ ਕਾਕਾ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵਰਤਮਾਨ ਸਰੂਪ ਨੂੰ ਕਾਇਮ ਰੱਖਦਿਆਂ, ਇਸ ਕੰਪਲੈਕਸ ਦੇ ਜਿਸ ਹਿੱਸੇ ਨੂੰ ਅਜੇ ਤਕ ਇਸਤੇਮਾਲ ਨਹੀਂ ਕੀਤਾ ਗਿਆ ਹੋਇਆ, ਉਥੇ ਸਿੱਖ-ਇਤਿਹਾਸ ਖੋਜ ਕੇਂਦਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਕਨਵੈਨਸ਼ਨ ਅਤੇ ਸੈਮੀਨਾਰ ਹਾਲ ਦੇ ਨਾਲ ਹੀ ਵਰਤਮਾਨ ਲੱਖੀਸ਼ਾਹ ਵਣਜਾਰਾ ਹਾਲ ਦਾ ਵਿਸਥਾਰ ਕਰਦਿਆਂ, ਇਤਨਾ ਹੀ ਵੱਡਾ ਇਕ ਹੋਰ ਅੰਡਰ-ਗਰਾਊਂਡ ਹਾਲ ਬਣਾਇਆ ਜਾਇਗਾ। ਇਸਤੋਂ ਇਲਾਵਾ ਏਅਰ-ਕੰਡੀਸ਼ੰਡ ਲੰਗਰ ਹਾਲ ਅਤੇ ਸਿੱਖ ਇਤਿਹਾਸ ਦੀ ਖੋਜ ਕਰਨ ਲਈ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਵਿਦਵਾਨ-ਸਕਾਲਰਾਂ ਦੇ ਰਹਿਣ ਅਤੇ ਖੋਜ ਕਰਨ ਵਿਚ ਮੱਦਦ ਕਰਨ ਲਈ ਆਧੁਨਿਕ ਪ੍ਰਬੰਧ ਕੀਤੇ ਜਾਣਗੇ। ਆਧੁਨਿਕ ਸਹੂਲਤਾਂ ਨਾਲ ਲੈੱਸ ਇਕ ਹੋਰ ਯਾਤਰੀ ਨਿਵਾਸ ਬਣਾਇਆ ਜਾਇਗਾ। ਰਾਗੀਆਂ, ਗ੍ਰੰਥੀਆਂ ਆਦਿ ਸਟਾਫ ਮੈਂਬਰਾਂ ਲਈ ਕੁਆਰਟਰ ਵੀ ਬਣਾਏ ਜਾਣਗੇ। ਇਨ੍ਹਾਂ ਤੋਂ ਬਿਨਾਂ ਮਲਟੀ-ਸਟੋਰੀ ਕਾਰ-ਪਾਰਕਿੰਗ ਦਾ ਨਿਰਮਾਣ ਹੋਵੇਗਾ, ਜਿਸ ਵਿਚ ਤਿੰਨ ਹਜ਼ਾਰ ਦੇ ਲਗਭਗ ਕਾਰਾਂ ਇਕੋ ਸਮੇਂ ਪਾਰਕ ਹੋ ਸਕਣਗੀਆਂ।
ਸ. ਜਸਬੀਰ ਸਿੰਘ ਕਾਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ, ਸੀਨੀਅਰ ਮੀਤ ਪ੍ਰਧਾਨ ਸ. ਭਜਨ ਸਿੰਘ ਵਾਲੀਆ, ਜਨਰਲ ਸਕੱਤਰ ਸ. ਗੁਰਮੀਤ ਸਿੰਘ ਸ਼ੰਟੀ ਆਦਿ ਨੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਸਹਿਮਤੀ ਨਾਲ ਇਸ ਪ੍ਰਾਜੈਕਟ ਨੂੰ ਤਿੰਨ ਪੜਾਵਾਂ ਵਿਚ ਅਤੇ ਤਿੰਨ ਵਰ੍ਹਿਆਂ ਵਿਚ ਮੁਕੰਮਲ ਕਰਨ ਦੀ ਸਮਾਂ-ਸੀਮਾ ਨਿਸ਼ਚਿਤ ਕੀਤੀ ਹੈ।