ਅਜੋਕਾ ਸਮਾ ਸੂਚਨਾ ਤੇ ਤਕਨਾਲੋਜੀ ਦਾ ਯੁਗ ਹੈ।ਅਜ ਟੀ.ਵੀ. ਇਕ ਬਹੁਤ ਹੀ ਸ਼ਕਤੀਸ਼ਾਲੀ ਮੀਡੀਆ ਹੈ।ਆਮ ਘਰਾਂ ਵਿਚ ਘਟੋ ਘਟ ਇਕ ਟੀ.ਵੀ ਸੈਟ ਤਾਂ ਹੈ ਜਿਥੇ ਪਰਿਵਾਰ ਦੇ ਸਾਰੇ ਮੈਂਬਰ ਬੈਠ ਕੇ ਆਪਣੀ ਪਸੰਦ ਦੇ ਪ੍ਰੋਗਰਾਮ ਵਿਸ਼ੇਸ਼ ਕਰ ਟੀ.ਵੀ. ਗੀਤ ਸੰਗੀਤ ਤੇ ਹੋਰ ਮਨੋਰੰਜਕ ਪ੍ਰੋਗਰਾਮ ਦੇਖਦੇ ਹਨ, ਖ਼ਬਰਾਂ ਸੁਣਦੇ ਹਨ। ਅਮੀਰ ਘਰਾਂ ਵਿਚ ਤਾਂ ਹਰ ਮੈੰਬਰ ਦੇ ਕਮਰੇ ਵਿਚ ਵੱਖਰਾ ਟੀ.ਵੀ.ਸੈਟ ਹੈ, ਜਿੱਥੇ ਉਹ ਆਪਣੀ ਪਸੰਦ ਦੇ ਪ੍ਰੋਗਰਾਮ ਦੇਖਦੇ ਹਨ। ਬਹੁਤੇ ਟੀ.ਵੀ. ਚੈਨਲਾਂ ਦਾ ਮੁਖ ਉਦੇਸ਼ ਜਾਣਕਾਰੀ ਤੇ ਸਿਖਿਆ ਦੇਣਾ ਤੇ ਮਨੋਰੰਜਨ ਕਰਨਾ ਹੈ।
ਭਾਵੇਂ ਕੁਝ ਪੱਛੜ ਕੇ ਹੀ ਸਹੀ, ਦੂਜੀਆਂ ਭਾਰਤੀ ਭਾਸ਼ਾਵਾਂ ਵਾਂਗ ਪੰਜਾਬੀ ਦੇ ਅਨੇਕਾਂ ਚੈਨਲ ਸ਼ੁਰੁ ਹੋ ਗਏ ਹਨ, ਜਿਨ੍ਹਾਂ ਦਾ ਪੰਜਾਬੀਆਂ ਨੇ ਭਰਵਾਂ ਸਵਾਗਤ ਕੀਤਾ ਹੈ। ਇਨ੍ਹਾਂ ਵਿਚ ਮਿਊਜ਼ਕ (ਸੰਗੀਤ) ਤੇ ਨਿਊਜ਼ ਚੈਨਲ ਵੀ ਹਨ, ਜੋ ਅਨੇਕ ਔਕੜਾ ਦਾ ਸਾਹਮਣਾ ਕਰਦੇ ਹੋਏ ਮਾਂ-ਬੋਲੀ ਪੰਜਾਬੀ ਤੇ ਪੰਜਾਬੀ ਸਭਿਆਚਾਰ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਅਤੇ ਆਪਣੀ ਪਛਾਣ ਬਨਾਉਣ ਦਾ ਯਤਨ ਕਰ ਰਹੇ ਹਨ। ਇਹ ਦੁੱਖ ਵਾਲੀ ਗਲ ਹੈ ਕਿ ਇਨ੍ਹਾਂ ਚੋਂ ਬਹੁਤੇ ਪੰਜਾਬੀ ਚੈਨਲ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਘਾਣ ਕਰ ਰਹੇ ਹਨ।ਅਸੀਂ ਇਥੇ ਕੇਵਲ ਸਮਾਚਾਰ ਚੈਨਲਾਂ ਦੀ ਗਲ ਹੀ ਕਰਾਂਗੇ।
ਇਨ੍ਹਾਂ ਸਮਾਚਾਰ ਚੈਨਲਾਂ ਦੇ ਬੁਲਿਟਨਾਂ ਵਿਚ ਪੰਜਾਬੀ ਦੇ ਨਾਲ ਹਿੰਦੀ ਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਮੁਖ ਕਾਰਨ ਇਹ ਹੈ ਕਿ ਸਮਾਚਾਰ ਵਿਭਾਗ ਵਿਚ ਕੰਮ ਕਰਨ ਵਾਲੇ ਪ੍ਰੋਡਿਊਸਰ ਤੇ ਸਕਰਿਪਟ-ਰਾਈਟਰ ਅਤੇ ਫੀਲਡ ਵਿਚ ਕੰਮ ਕਰਨ ਵਾਲੇ ਪੱਤਰਕਾਰ ਵਧੇਰੇ ਕਰਕੇ ਹਿੰਦੀ ਚੈਨਲਾਂ ਵਿਚੋਂ ਆਏ ਹਨ, ਜਾਂ ਸ਼ਹਿਰਾਂ ਦੇ ਰਹਿਣ ਵਾਲੇ ਹਨ ਜਿਨ੍ਹਾਂ ਆਪਣੀ ਸਿਖਿਆ ਹਿੰਦੀ ਮਾਧਿਆਮ ਵਿਚ ਹਾਸਲ ਕੀਤੀ ਹੈ। ਪੰਜਾਬੀ ਨੂੰ ਇਹ ਆਪਣੀ ਮਾਂ-ਬੋਲੀ ਤਾਂ ਕੀ “ਮਾਸੀ-ਬੋਲੀ” ਵੀ ਨਹੀਂ ਸਮਝਦੇ। ਪੰਜਾਬੀ ਦੇ ਸਾਰੇ ਹੀ ਨਿਊਜ਼ ਚੈਨਲਾਂ ਦਾ ਇਹੋ ਹਾਲ ਹੈ। ਜਾਲੰਧਰ ਦੂਰਦਰਸ਼ਨ/ਡੀ.ਡੀ. ਪੰਜਾਬੀ ਵਿਚ ਜਦੋਂ ਤੋਂ ਸ੍ਰੀ ਮਨਮੋਹਨ ਸ਼ਰਮਾ ਨੇ ਸਮਾਚਾਰ ਸੰਪਾਦਕ ਦਾ ਅਹੁਦਾ ਸੰਭਾਲਿਆ ਹੈ, ਸਾਰੇ ਸਮਾਚਾਰ ਬੁਲਿਟਨਾਂ ਦੀ ਭਾਸ਼ਾ ਠੇਠ ਪੰਜਾਬੀ ਹੋ ਗਈ ਹੈ।ਉਨ੍ਹਾਂ ਹਿੰਦੀ ਦੇ ਸ਼ਬਦ ਵਰਤਨ ਦੀ ਥਾਂ ਖੁਦ ਕਈ ਸ਼ਬਦ ਘੜੇ ਹਨ ਜੋ ਬੜੇ ਮਕਬੂਲ ਵੀ ਹੋ ਗਏ ਹਨ। ਮਿਸਾਲ ਦੇ ਤੌਰ ‘ਤੇ ਅੰਗਰੇਜ਼ੀ ਦੇ “ਕਾਊਂਟਰ-ਪਾਰਟ” ਲਈ ਉਹ “ਹਮ-ਅਹੁਦਾ” ਸ਼ਬਦ ਵਰਤਦੇ ਹਨ, ਜੋ ਬਿਲਕੁਲ ਸਹੀ ਹੈ। ਹੁਣ ਦੂਸਰੇ ਪੰਜਾਬੀ ਚੈਨਲ ਵੀ ਇਸ ਸ਼ਬਦ ਦੀ ਵਰਤੋਂ ਕਰਨ ਲਗੇ ਹਨ।
ਪਰ ਸਵੇਰੇ “ਸੱਹਰੀ ਸਵੇਰ” ਦੇ ਪ੍ਰੋਗਰਾਮ ਵਿਚ ਖ਼ਬਰਾਂ ਦੇ ਬੁਲਟਨ ਤੋਂ ਤੁਰਤ ਬਾਅਦ “ਖਾਸ ਖ਼ਬਰ-ਇਕ ਨਜ਼ਰ” ਪ੍ਰੋਗਰਾਮ ਵਿਚ ਜੋ ਮਹਿਮਾਨ ਪੱਤਰਕਾਰ ਬੁਲਾਏ ਜਾਂਦੇ ਹਨ, ਉਨ੍ਹਾਂ ਚੋ ਕਈਆਂ ਨੂੰ ਸ਼ੁਧ ਪੰਜਾਬੀ ਬੋਲਣੀ ਹੀ ਨਹੀਂ ਆਉਂਦੀ, ਉਨ੍ਹਾਂ ਦੀ ਗਲਬਾਤ ਵਿਚ ਹਿੰਦੀ ਦੇ ਸ਼ਬਦਾਂ ਦੀ ਭਰਮਾਰ ਹੁੰਦੀ ਹੈ। ਇਸ ਪ੍ਰੋਗਰਾਮ ਵਿਚੋਂ ਜੋ ਮੈਂ ਮੋਟੇ ਮੋਟੇ ਹਿੰਦੀ ਦੇ ਸ਼ਬਦ ਨੋਟ ਕੀਤੇ ਹਨ, ਉਹ ਇਸ ਪ੍ਰਕਾਰ ਹਨ:- ਅੰਨਸ਼ਨ (ਵਰਤ)
ਪਕਸ਼ੀ (ਪੰਛੀ), ਲੁਭਾਉਣਾ (ਭਰਮਾਉਣਾ), ਪ੍ਰਲੋਭਣ ( ਲਾਲਚ) ਔਪਚਾਕਰਤਾ, ਗਾਜ਼, ਦਿੱਗਜ਼, ਸ਼ੇਤਰ (ਖੇਤਰ), ਛਮਾ (ਖਿਮਾ), ਚਰਨ (ਪੜਾਅ), ਮਹਿਲਾ, ਚਰਨ (ਗੇੜ),ਮੁਖਯ ਮੰਤਰੀ, ਤਸਕਰ, ਆਸ਼ੰਕ, ਚਪੇਟ, ਗੁਹਾਰ (ਫਰਿਆਦ) ਆਹਵਾਨ (ਸੱਦਾ) ਸਮੁਦਾਏ (ਭਾਈਚਾਰਾ) ਅਨੂਮਤੀ (ਮਨਜ਼ੂਰੀ) ਲੁਪਤ (ਗਾਇਬ) ਚੁਨਿੰਦਾ, ਚਪੇਟ (ਲਪੇਟ), ਸ਼ਮਤਾ (ਸਮੱਰਥਾ) ਛਾਤਰ, ਛੱਵੀ, ਛੇਤਰ, ਪਾਰਸ਼ਦ (ਕੌਂਸਲਰ), ਸੰਪਨ (ਸਮਾਪਤ, ਖਤਮ), ਕਗਾਰ (ਕੰਢੇ) ਸ਼ਿਵਰ (ਕੈਂਪ), ਵਰਿਸ਼ਟ, ਵਿਵਾਹ, ਅਧਿਅਕਸ਼, ਘੋਸ਼ਣਾ, ਅਨੁਵਾਰੀਆ (ਜ਼ਰੂਰੀ), ਦੁੱਖਦ (ਦੁੱਖਦਾਈ), ਪ੍ਰਤੀਸ਼ਤ (ਫੀਸਦੀ), ਨਿੰਦਨੀਅ, ਸ਼ਿਖਸ਼ਾ, ਚੁਨਿੰਦਾ, ਸ਼ਵ (ਲਾਸ਼), , ਚਾਕੂ ਗੋਦ ਕੇ ਹੱਤਿਆ, ਬੁੱਤ ਦਾ ਆਵਰਨ,ਰਾਜਯ, ਰਾਸ਼ਟ੍ਰੀਆ ਅਸ਼ਿਐਕਸ਼, ਵਿਪੱਕਸ਼, ਯੋਗਯ, ਪ੍ਰਯਟਨ (ਸੈਰ ਸਪਾਟਾ), ਆਸ਼ਾਵਾ (ਆਸਾਂ,ਉਮੀਦਾਂ), ਰਾਜਯ ਸਭਾ (ਰਾਜ ਸਭਾ), ਵਿੱਤੀਅ (ਵਿਤੀ, ਮਾਲੀ), ਲਾਂਛਨ (ਇਲਜ਼ਾਮ), ਬਿਮਾਨ (ਜਹਾਜ਼), ਗ੍ਰਹਿਣੀਆਂ (ਇਸਤ੍ਰੀਆਂ,ਔਰਤਾਂ), ਸਤੱਰਕ (ਚੇਤੰਨ) ਘਟਕ ਦਲ (ਭਾਈਵਾਲ ਪਾਰਟੀ), ਬਾੜ੍ਹ (ਹੜ੍ਹ) ਆਦਿ। ਇਹ ਸਾਰੇ ਸ਼ਬਦ ਸ੍ਰੀ ਰਾਜੀਵ ਭਾਸਕਰ, ਸ੍ਰੀ ਅਨੁਰਾਗ ਸੂਦ, ਸ੍ਰੀ ਸਰਿੰਦਰ ਸੇਠ ਅਤੇ ਸ੍ਰੀ ਚੰਦਰ ਮੋਹਨ ਦੇ ਮੂੰਹ ਚੋਂ ਨਿਕਲੇ ਹਨ। ਸਭ ਤੋਂ ਵੱਧ ਹਿੰਦੀ ਦੇ ਸ਼ਬਦ ਸ੍ਰੀ ਭਾਸਕਰ ਬੋਲਦੇ ਹਨ ਉਹ “ਹੜ੍ਹ” ਨੂੰ ਵੀ “ਵਾੜ੍ਹ” ਕਹਿੰਦੇ ਹਨ ਜਦੋਂ ਕਿ ਇਕ ਆਮ ਪੰਜਾਬੀ ਬੱਚੇ ਨੂੰ ਵੀ “ਹੜ੍ਹ” ਬਾਰੇ ਪਤਾ ਹੈ ।ਸ੍ਰੀ ਸੇਠ ਤੇ ਸ੍ਰੀ ਚੰਦਰ ਮੋਹਨ ਵੀ ਹਿੰਦੀ ਦੇ ਕਈ ਸ਼ਬਦ ਬੋਲਦੇ ਹਨ, ਪਰ ਉਨ੍ਹਾਂ ਦਾ ਚਲੰਤ ਮਾਮਲਿਆਂ ਬਾਰੇ ਗਿਆਨ ਵਿਸ਼ਾਲ ਹੈ ਤੇ ਗਲਬਾਤ ਦਾ ਢੰਗ ਬਹੁਤ ਹੀ ਦਿਲਚਸਪ ਤੇ ਵੱਧੀਆ ਹੈ ਕਿ ਇਹ ਸ਼ਬਦ ਵਧੇਰੇ ਚੁਭਦੇ ਨਹੀਂ। ਚਲੰਤ ਮਾਮਲਿਆਂ ‘ਤੇ ਤਸਵਰਾ ਕਰਨ ਵਾਲਿਆਂ ਵਿਚ ਸ੍ਰੀ ਜਤਿੰਦਰ ਪੰਨੁੰ, ਸ੍ਰੀ ਸਤਿਨਾਮ ਮਾਣਕ, ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ ਤੇ ਪੋ. ਕਮਲੇਸ਼ ਦੁੱਗਲ ਬਹੁਤ ਹੀ ਬੇਬਾਕੀ ਤੇ ਖੂਬਸੂਰਤੀ ਨਾਲ ਗਲਬਾਤ ਕਰਦੇ ਹਨ।
ਮੈਂ ਅਨੇਕਾਂ ਵਾਰੀ ਉਪਰੋਕਤ ਤੋ ਹੋਰ ਸ਼ਬਦਾਂ ਦਾ ਹਵਾਲਾ ਦੇ ਕੇ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਤੇ ਡੀ.ਡੀ. ਪੰਜਾਬੀ ਦੇ ਡਾਇਰੈਕਰ ਨੂੰ ਪੱਤਰ ਲਿਖੇ ਹਨ, ਪਰ ਉਹ ਜ਼ਰਾ ਵੀ ਪਰਵਾਹ ਨਹੀਂ ਕਰਦੇ। ਜਾਲੰਧਰ ਮੀਡੀਆ ਦਾ ਇਕ ਬਹੁਤ ਵੱਡਾ ਕੇਂਦਰ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੱਤਰਕਾਰੀ ਵਿਭਾਗ ਹੈ, ਕਾਲਜਾਂ ਵਿਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਹਨ, ਸ੍ਰੀ ਭਾਸਕਰ ਵਰਗਿਆਂ ਨੂੰ ਬੁਲਾਉਣ ਦੀ ਥਾਂ ਉਨ੍ਹਾਂ ਨੂੰ ਬੁਲਾਇਆ ਜਾ ਸਕਦਾ ਹੈ।
ਵੈਸੇ ਸਮੁਚੇ ਤੌਰ ‘ਤੇ ਡੀ.ਡੀ.ਪੰਜਾਬੀ ਦੇ ਲਗਭਗ ਸਾਰੇ ਪ੍ਰੋਗਰਾਮ ਬਹੁਤ ਵੱਧੀਆ ਹਨ।ਇਸ ਚੈਨਲ ਨੇ ਜਿੱਥੇ ਪੰਜਾਬੀ ਭਾਸ਼ਾ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕੀਤਾ ਉੱਥੇ ਹੀ ਚੰਗੇ ਪੰਜਾਬੀ ਮੀਡੀਆ ਵਜੋਂ ਸਥਾਪਿਤ ਵੀ ਹੋਇਆ ਹੈ ਹਾਲਾਂਕਿ ਦੂਰਦਰਸ਼ਨ ਵਿੱਚ ਕਈ ਤਰ੍ਹਾ ਦੇ ਸਰਕਾਰੀ ਮਸ਼ਵਰੇ ਵੀ ਹੁੰਦੇ ਨੇ , ਫਿਰ ਵੀ ਡੀ ਡੀ ਪੰਜਾਬੀ ਨੇ ਸ਼ਹਿਰਾਂ ਤੋਂ ਪਿੰਡਾਂ ਤੱਕ ਦੇ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਕੈਮਰੇ ਵਿੱਚ ਲਿਆ ਕੇ ਪੰਜਾਬ ਦੀ ਪੁਰਾਤਨ ਤੇ ਮੌਜੂਦਾ ਤਸਵੀਰ ਪੇਸ਼ ਕਰਨ ਦਾ ਯਤਨ ਕੀਤਾ ਹੈ, ਜੋ ਸ਼ਲਾਘਾਯੋਗ ਹੈ।