ਫ਼ਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)- : ਕਥਿਤ ‘ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ’ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਵਲੋਂ ਪੀ.ਟੀ.ਸੀ. ਨਿਊਜ਼ ਚੈਨਲ ਤੇ ਗੱਲਬਾਤ ਦੌਰਾਨ ਪੰਜਾਬ ਵਿੱਚ ਪਿਛਲ ਦੋ ਦਹਾਕਿਆਂ ਦੌਰਾਨ ਹੋਈ ਕਤਲੋਗਾਰਤ ਲਈ ਭਾਰਤੀ ਖ਼ੁਫੀਆ ਏਜੰਸੀਆਂ ਨੂੰ ਜਿੰਮੇਵਾਰ ਦੱਸਣ ’ਤੇ ਸਵਾਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਜਦੋਂ ਬਿੱਟਾ ਖ਼ੁਦ ਜ਼ੁਰਮ ਕਰਨ ਵਾਲੀ ਧਿਰ ਦਾ ਇੱਕ ਹਿੱਸਾ ਸੀ ਉਸ ਸਮੇਂ ਉਸਨੇ ਇਹ ਖ਼ੁਲਾਸਾ ਕਿਉਂ ਨਹੀਂ ਕੀਤਾ ਕਿ ਪੰਜਾਬ ਵਿੱਚ ਕਤਲੋਗਾਰਤ ਭਾਰਤੀ ਖ਼ੁਫੀਆ ਏਜੰਸੀਆਂ ਹੀ ਕਰਵਾ ਰਹੀਆਂ ਹਨ। ਜਦਕਿ ਉਸ ਸਮੇਂ ਉਹ ਅਪਣੀਆਂ ਸਿਆਸੀ ਇਛਾਵਾਂ ਦੀ ਪੂਰਤੀ ਲਈ ਖੁਦ ਇਸ ਸਿਸਟਮ ਦੇ ਨਾਲ ਮਿਲ ਕੇ ਚੱਲ ਰਿਹਾ ਸੀ। ਉਕਤ ਆਗੂਆਂ ਨੇ ਕਿਹਾ ਕਿ ਇਸ ਕਤਲੋਗਾਰਤ ਦਾ ਮੁੱਖ ਜਿੰਮੇਵਾਰ ਤੇ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਮੁਖੀ ਕੇ. ਪੀ. ਐਸ. ਗਿੱਲ ਨਾਲ ਬਿੱਟੇ ਦੀ ਅੱਜ ਤੱਕ ਪੱਕੀ ਮਿੱਤਰਤਾ ਹੈ ਤੇ ਬਿੱਟੇ ਦੇ ਫਰੰਟ ਦੇ ਪ੍ਰੋਗਰਾਮਾਂ ਵਿੱਚ ਅੱਜ ਵੀ ਉਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਾ ਹੈ। ਪਿਛਲੇ ਸਮੇਂ ਵਿੱਚ ਬਿੱਟੇ ’ਤੇ ਹੋਏ ਹਮਲਿਆਂ ਦਾ ਕਾਰਨ ਸਿਰਫ਼ ਉਸ ਦਾ ਪਿਛਲੇ ਦੋ ਦਹਾਕਿਆਂ ਦੌਰਾਨ ਇਸ ਕਾਤਲ ਸਿਸਟਮ ਦਾ ਹਿੱਸਾ ਹੋਣਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਦੀ ਬਿੱਟਾ ਅੱਜ ਨਿਖੇਧੀ ਕਰ ਰਿਹਾ ਹੈ, ਉਹ ਅਸਲ ਵਿੱਚ ਪੰਜਾਬ ’ਚ ਸਾਂਤ ਤੇ ਸਦਭਾਵਨਾ ਦਾ ਮਾਹੌਲ ਬਣਾਉਣਾ ਚਾਹੁੰਦੇ ਹਨ ਜਦਕਿ ਬਿੱਟਾ ਪੰਜਾਬ ਦਾ ਮਾਹੌਲ ਦੁਬਾਰਾ ਵਿਗਾੜ ਰਿਹਾ ਹੈ ਤਾਂ ਜੋ ਪਹਿਲਾਂ ਵਾਂਗ ਹੀ ਉਹ ਇਸ ਮਾਹੌਲ ਦਾ ਫਾਇਦਾ ਉਠਾ ਕੇ ਅਪਣੀਆਂ ਸਿਆਸੀ ਤੇ ਨਿੱਜ਼ੀ ਲਾਲਸਾਵਾਂ ਦੀ ਪੂਰਤੀ ਕਰ ਸਕੇ। ਇਸੇ ਮਕਸਦ ਵਾਸਤੇ ਬਿੱਟਾ ਪੰਜਾਬ ਵਿੱਚ ਨਿਰਦੋਸ਼ ਲੋਕਾਂ ਦੀ ਕਤਲੋਗਾਰਤ ਕਰਨ ਵਾਲੇ ਪੁਲਿਸ ਅਫਸਰਾਂ ਦੀ ਸ਼ਲਾਘਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਨੂੰ ਕਾਇਰ ਦੱਸਣ ਵਾਲਾ ਬਿੱਟਾ ਖ਼ੁਦ ਅਪਣੀ ਸੁਰੱਖਿਆ ਲਈ ਟੀ.ਵੀ. ਤੋਂ ਵਾਸਤੇ ਪਾ ਰਿਹੈ ਜਿਸ ਤੋਂ ਉਸਦੀ ਕਥਿਤ ‘ਬਹਾਦਰੀ’ ਪ੍ਰਗਟ ਹੁੰਦੀ ਹੈ। ਉਕਤ ਆਗੂਆ ਨੇ ਬਿੱਟੇ ਨੂੰ ਚਣੌਤੀ ਦਿੰਦਿਆਂ ਕਿਹਾ ਕਿ ਉਹ ਜਦੋਂ ਵੀ ਚਾਹੇ ਸਾਡੇ ਕਿਸੇ ਵੀ ਜਨਤਕ ਮੰਚ ’ਤੇ ਖੁੱਲ੍ਹੀ ਬਹਿਸ ਕਰ ਸਕਦਾ ਹੈ।