ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਆਪਣਾ ਸਾਲ 2011-12 ਦਾ ਬਜਟ ਪੇਸ਼ ਕਰ ਦਿੱਤਾ ਹੈ। ਰੱਖਿਆ ਬਜਟ ਵਿੱਚ 12 ਫੀਸਦੀ ਦਾ ਵਾਧਾ ਕਰਕੇ 495 ਅਰਬ ਰੁਪੈ ਰੱਖੇ ਗਏ ਹਨ। ਸੰਸਦ ਦੀ ਰੱਖਿਆ ਕਮੇਟੀ ਨੇ ਅਪਰੈਲ ਵਿੱਚ ਇਹ ਸੁਝਾਅ ਦਿੱਤਾ ਸੀ ਕਿ ਰੱਖਿਆ ਬਜਟ ਨੂੰ 500 ਅਰਬ ਰੁਪੈ ਤੱਕ ਵਧਾਇਆ ਜਾਵੇ।
ਸੰਸਦ ਵਿੱਚ ਪੇਸ਼ ਕੀਤੇ ਗਏ ਬਜਟ ਅਨੁਸਾਰ ਪਾਕਿਸਤਾਨੀ ਸੈਨਾ ਦੇ ਖਰਚਿਆਂ ਲਈ 495 ਅਰਬ 21 ਕਰੋੜ 50 ਲੱਖ ਰੁਪੈ ਰੱਖੇ ਗਏ ਹਨ, ਜੋ ਪਿੱਛਲੇ ਸਾਲ ਤੋਂ 12 ਫੀਸਦੀ ਜਿਆਦਾ ਹਨ।ਵਿੱਤ ਮੰਤਰੀ ਹਫ਼ੀਜ ਸ਼ੇਖ ਨੇ ਸੰਸਦ ਵਿੱਚ 2011-12 ਦਾ ਬਜਟ ਪੇਸ਼ ਕੀਤਾ। ਵਿਤਮੰਤਰੀ ਨੇ ਰੱਖਿਆ ਬਜਟ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ। ਪਾਕਿਸਤਾਨ ਵਿੱਚ ਰੱਖਿਆ ਬਜਟ ਤੇ ਸੰਸਦ ਦੇ ਬਾਹਰ ਜਾਂ ਅੰਦਰ ਕੋਈ ਚਰਚਾ ਨਹੀਂ ਹੁੰਦੀ ਅਤੇ ਨਾਂ ਹੀ ਸਰਕਾਰ ਅਤੇ ਸੈਨਾ ਵਲੋਂ ਇਸ ਬਾਰੇ ਜਿਆਦਾ ਜਾਣਕਾਰੀ ਦਿੱਤੀ ਜਾਂਦੀ ਹੈ। ਬਜਟ ਦਾ ਤਕਰੀਬਨ 60 ਫੀਸਦੀ ਹਿੱਸਾ ਸੈਨਾ ਤੇ ਖਰਚ ਹੋ ਜਾਂਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਅਤਵਾਦ ਦੇ ਵਿਰੁੱਧ ਚਲ ਰਹੇ ਸੰਘਰਸ਼ ਕਰਕੇ ਰੱਖਿਆ ਬਜਟ ਵਿੱਚ ਵਾਧਾ ਕੀਤਾ ਗਿਆ ਹੈ।