ਸਰਕਾਰ ਨੇ ਬਾਬਾ ਰਾਮਦੇਵ ਦੀ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਕੀਤੀ ਗਈ ਪੁਲਿਸ ਕਾਰਵਾਈ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਬਾਬੇ ਨੇ ਰਾਮਲੀਲਾ ਮੈਦਾਨ ਵਿੱਚ ਯੋਗਾ ਕੈਂਪ ਲਗਾਉਣ ਲਈ ਮਨਜੂਰੀ ਲੈਂਦੇ ਸਮੇਂ ਕੀਤਾ ਗਿਆ ਵਾਇਦਾ ਤੋੜਿਆ ਹੈ ਅਤੇ ਕਨੂੰਨ ਦੀ ਉਲੰਘਣਾ ਵੀ ਕੀਤੀ ਹੈ। ਕਨੂੰਨ ਵਿਵਸਥਾ ਦੀ ਸਥਿਤੀ ਨੂੰ ਵਿਗੜਨ ਤੋਂ ਬਚਾਉਣ ਲਈ ਪੁਲਿਸ ਕਾਰਵਾਈ ਜਰੂਰੀ ਸੀ।
ਵਿਕਾਸ ਮੰਤਰੀ ਕਪਿਲ ਸਿੱਬਲ ਨੇ ਵੀ ਕਿਹਾ ਕਿ ਬਾਬਾ ਨੇ ਸਿਰਫ਼ ਪੰਜ ਹਜ਼ਾਰ ਲੋਕਾਂ ਨੂੰ ਯੋਗ ਸਿਖਿਆ ਦੇਣ ਦੇ ਨਾਂ ਤੇ ਰਾਮਲੀਲਾ ਮੈਦਾਨ ਬੁੱਕ ਕਰਵਾਇਆ ਸੀ। ਬਾਅਦ ਵਿੱਚ ਬਾਬਾ ਰਾਮਦੇਵ ਨੇ ਇਸਨੂੰ ਯੋਗ ਸਿਖਿਆ ਦੀ ਥਾਂ ਤੇ ਰਾਜਨੀਤਕ ਮੰਚ ਬਣਾ ਦਿੱਤਾ। ਸਰਕਾਰ ਲਈ ਦਿੱਲੀ ਵਿੱਚ ਕਨੂੰਨ ਵਿਵਸਥਾ ਰੱਖਣਾ ਜਰੂਰੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬਾਬੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਉਹ ਸੰਘ ਦਾ ਹੀ ਦੂਸਰਾ ਰੂਪ ਹੈ।
ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਨੇ ਵੀ ਬਾਬਾ ਰਾਮਦੇਵ ਦੀ ਗ੍ਰਿਫਤਾਰੀ ਨੂੰ ਜਾਇਜ ਠਹਿਰਾਉਂਦੇ ਹੋਏ ਕਿਹਾ ਹੈ ਕਿ ਇਤਿਹਾਸਿਕ ਰਾਮਲੀਲਾ ਮੈਦਾਨ ਨੂੰ ਰਾਜਨੀਤਕ ਮਕਸਦ ਲਈ ਵਰਤ ਕੇ ਬਾਬੇ ਨੇ ਗੈਰ ਕਨੂੰਨੀ ਕੰਮ ਕੀਤਾ ਸੀ। ਇਸ ਕਰਕੇ ਕੇਂਦਰ ਸਰਕਾਰ ਨੂੰ ਕਾਰਵਾਈ ਕਰਨੀ ਪਈ। ਰਾਮਲੀਲਾ ਮੈਦਾਨ ਵਿੱਚ ਬਾਬੇ ਰਾਮਦੇਵ ਦੇ ਟੋਲੇ ਤੇ ਸਰਕਾਰ ਵਲੋਂ ਕੀਤੀ ਗਈ ਪੁਲਿਸ ਕਾਰਵਾਈ ਤੇ ਦਿਗਵਿਜੈ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਰਾਜਨੀਤਕ ਸਰਗਰਮੀਆਂ ਲਈ ਰਾਜਧਾਨੀ ਵਿੱਚ ਜੰਤਰ-ਮੰਤਰ ਦਾ ਸਥਾਨ ਤੈਅ ਹੈ। ਬਾਬੇ ਰਾਮਦੇਵ ਨੇ ਰਾਮਲੀਲਾ ਮੈਦਾਨ ਯੋਗ ਸਿਖਿਆ ਦੇ ਨਾਂ ਤੇ ਬੁਕ ਕਰਵਾਇਆ ਸੀ ਅਤੇ ਉਥੇ ਰਾਜਨੀਤੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਬੇ ਨੇ ਯੋਗਾ ਦੇ ਨਾਂ ਤੇ ਕੇਵਲ ਸਰਕਾਰ ਨਾਲ ਹੀ ਨਹੀਂ, ਸਗੋਂ ਆਪਣੇ ਸਮਰਥਕਾਂ ਨਾਲ ਵੀ ਧੋਖਾ ਕੀਤਾ ਹੈ। ਰਾਮਲੀਲਾ ਮੈਦਾਨ ਤੇ ਪੁਲਿਸ ਕਾਰਵਾਈ ਦਿੱਲੀ ਪ੍ਰਸ਼ਾਸਨ ਦਾ ਫੈਸਲਾ ਸੀ। ਉਨ੍ਹਾਂ ਨੇ ਵੀ ਬਾਬੇ ਨੂੰ ਆਰਐਸਐਸ ਦਾ ਹੱਥਠੋਕਾ ਦਸਿਆ।
ਜਿਕਰਯੋਗ ਹੈ ਕਿ ਰਾਮਲੀਲਾ ਮੈਦਾਨ ਵਿੱਚ ਭੀੜ ਨੂੰ ਤਿਤਰ ਬਿਤਰ ਕਰਨ ਲਈ ਦਿੱਲੀ ਪੁਲਿਸ ਵਲੋਂ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਅਤੇ ਲਾਠੀਚਾਰਜ ਵੀ ਕੀਤਾ ਗਿਆ। ਬਾਬਾ ਰਾਮਦੇਵ ਔਰਤਾਂ ਵਾਲੇ ਕਪੜੇ ਪਹਿਨ ਕੇ ਅਤੇ ਚੁੰਨੀ ਵਿੱਚ ਮੂੰਹ ਛਿਪਾ ਕੇ ਰਾਮਲੀਲਾ ਮੈਦਾਨ ਵਿਚੋਂ ਭਜਿਆ।