ਲੰਡਨ- ਇਕ ਜੰਗੀ ਮਾਹਿਰ ਦਾ ਕਹਿਣਾ ਹੈ ਕਿ ਜੇ ਫਿਰ ਮੁੰਬਈ ਜਾਂ ਵਰਲਡ ਟਰੇਂਡ ਸੈਂਟਰ ਵਰਗਾ ਹਮਲਾ ਭਵਿਖ ਵਿਚ ਭਾਰਤ ਜਾਂ ਅਮਰੀਕਾ ਵਿਚ ਦੁਹਰਾਇਆ ਗਿਆ ਤਾਂ ਪਾਕਿਸਤਾਨ ਦਾ ਨਕਸ਼ੇ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਲੰਡਨ ਦੇ ਕਿੰਗਜ ਕਾਲਜ ਦੇ ਵਿਦਵਾਨ ਅਤੇ ਯੁਧ ਅਧਿਅਨ ਵਿਭਾਗ ਦੇ ਪ੍ਰੋਫੈਸਰ ਡਾ: ਐਨਾਤੋਲ ਲਿਏਵੈਨ ਨੇ ਕਿਹਾ ਹੈ ਕਿ ਜੇ ਮੁੰਬਈ ਵਰਗਾ ਹਮਲਾ ਫਿਰ ਦੁਹਰਾਇਆ ਗਿਆ ਤਾਂ ਪਾਕਿਸਤਾਨ ਨੂੰ ਗੰਭੀਰ ਸਿਟੇ ਭੁਗਤਣੇ ਪੈਣਗੇ। ਇਸ ਲਈ ਪਾਕਿਸਤਾਨ ਨੂੰ ਆਪਣੇ ਹਿਤ ਲਈ ਅਤਵਾਦੀਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਰਣਨੀਤਕ ਅਧਿਅਨ ਸੰਸਥਾ ਦੁਆਰਾ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਡਾ: ਐਨਾਤੋਲ ਨੇ ਕਿਹਾ ਕਿ ਜੇ ਭਾਰਤ ਹਮਲੇ ਦਾ ਸਿ਼ਕਾਰ ਬਣਦਾ ਹੈ ਤਾਂ ਅਮਰੀਕਾ ਨੂੰ ਪਾਕਿਸਤਾਨ ਤੇ ਹਮਲਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੇ ਮੁਤਾਬਿਕ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਅਲਕਾਇਦਾ ਮੌਜੂਦ ਹੈ ਅਤੇ ਜੇ ਦੁਨੀਆਂ ਦੇ ਕਿਸੇ ਵੀ ਮੁੱਖ ਟਿਕਾਣੇ ਤੇ ਹਮਲਾ ਹੁੰਦਾ ਹੈ ਤਾਂ ਅਮਰੀਕਾ ਪਾਕਿਸਤਾਨ ਤੇ ਸਖਤ ਵਾਰ ਕਰੇਗਾ। ਪਾਕਿਸਤਾਨ ਨੂੰ ਆਰਥਿਕ ਬੰਦਸ਼ਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਬੰਦਸ਼ਾਂ ਉਸਦੀ ਵਰਤਮਾਨ ਆਰਥਿਕ ਹਾਲਤ ਨੂੰ ਵੇਖਦੇ ਹੋਏ ਉਸ ਲਈ ਵਿਨਾਸ਼ਕਾਰੀ ਸਾਬਿਤ ਹੋਣਗੀਆਂ। ਅਤਵਾਦੀਆਂ ਦੇ ਖਿਲਾਫ ਅਮਰੀਕਾ ਪਾਕਿਸਤਾਨ ਤੇ ਕਾਰਵਾਈ ਲਈ ਦਬਾਅ ਪਾਉਂਦਾ ਰਹੇਗਾ।