ਨਵੀਂ ਦਿੱਲੀ- ਉਤਰ ਭਾਰਤ ਵਿੱਚ ਮਾਨਸੂਨ ਆਉਣ ਤੋਂ ਪਹਿਲਾਂ ਸਰਕਾਰ ਇਹ ਪੂਰੀ ਕੋਸਿਸ਼ ਕਰ ਰਹੀ ਹੈ ਕਿ ਖੁਲ੍ਹੇ ਅਸਮਾਨ ਥੱਲੇ ਪਏ ਅਨਾਜ ਨੂੰ ਗੋਦਾਮਾਂ ਵਿੱਚ ਪਹੁੰਚਾਇਆ ਜਾਵੇ। ਇਸ ਲਈ ਖਾਧ ਵਿਭਾਗ ਨੇ ਰੇਲਵੇ ਤੋਂ ਸਹਿਯੋਗ ਮੰਗਿਆ ਹੈ। ਖਾਧ ਮੰਤਰੀ ਕੇਵੀ ਥਾਮਸ ਨੇ ਇਸ ਸਬੰਧੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਦਖਲ ਦੇਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਸਮੇਤ ਹੋਰ ਰਾਜਾਂ ਦੀਆਂ ਮੰਡੀਆਂ ਵਿੱਚ ਖੁਲ੍ਹੇ ਵਿੱਚ ਪਏ ਅਨਾਜ ਦੀ ਢੋਆਢੁਆਈ ਲਈ ਇੱਕ ਵਿਸਤਿਰਿਤ ਯੋਜਨਾ ਵੀ ਤਿਆਰ ਕੀਤੀ ਹੈ, ਜਿਸ ਵਿੱਚ ਖਾਧ ਵਿਭਾਗ, ਰਾਜ ਸਰਕਾਰਾਂ ਅਤੇ ਰੇਲਵੇ ਨੂੰ ਸਾਮਿਲ ਕੀਤਾ ਗਿਆ ਹੈ।
ਪ੍ਰਸਤਾਵਿਤ ਯੋਜਨਾ ਦਾ ਮਸੌਦਾ ਪ੍ਰਧਾਨਮੰਤਰੀ ਨੂੰ ਭੇਜ ਦਿੱਤਾ ਗਿਆ ਹੈ। ਇਸ ਵਿੱਚ ਰੇਲਵੇ, ਐਫ਼ਸੀਆਈ ਅਤੇ ਰਾਜ ਸਰਕਾਰਾਂ ਦੇ ਉਚ ਅਧਿਕਾਰੀਆਂ ਦੀ ਭੂਮਿਕਾ ਅਹਿਮ ਰਹੇਗੀ। ਰੇਲਵੇ ਦਾ ਇਸ ਕੰਮ ਵਿੱਚ ਅਹਿਮ ਰੋਲ ਹੋਵੇਗਾ। ਰੇਲਵੇ ,ਰਾਜ ਸਰਕਾਰਾਂ ਅਤੇ ਖਾਧ ਵਿਭਾਗ ਵਿੱਚ ਤਾਲਮੇਲ ਰੱਖਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀ ਰਾਸ਼ਟਰੀ ਪੱਧਰ ਤੇ ਅਨਾਜ ਦੇ ਭੰਡਾਰ ਅਤੇ ਉਸ ਦੀ ਢੋਅਢੁਆਈ ਦਾ ਪ੍ਰਬੰਧ ਕਰੇਗੀ।