ਗੁਰਜੀਤ ਸਿੰਘ ਮਾਂਗਟ, ਜਗਜੀਤ ਸਿੰਘ ਲੋਰੇ
ਅਤੇ ਪ੍ਰੀਤਇੰਦਰ ਸਿੰਘ ਸਰਾਉ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਸਾਲ 1960-61 ਦੌਰਾਨ ਪੰਜਾਬ ਵਿਚ ਟਿਊਬਵੈਲਾਂ ਦੀ ਗਿਣਤੀ 98,000 ਸੀ ਜੋ 2009-10 ਵਿ¤ਚ ਵਧ ਕੇ 13,75,000 ਹੋ ਗਈ। ਕੁਲ ਸੇਂਜ਼ੂ ਜ਼ਮੀਨ 54% ਤੋਂ ਵਧ ਕੇ 97% ਹੋ ਗਈ। ਪਾਣੀ ਦੀਆਂ ਸਹੂਲਤਾਂ ਵਧਣ ਨਾਲ ਕਣਕ ਹੇਠ ਰਕਬਾ 37% ਤੋਂ ਵਧ ਕੇ 78% ਅਤੇ ਝੋਨੇ ਹੇਠ 6% ਤੋਂ 60% ਹੋ ਗਿਆ।ਇਸ ਵਰਤਾਰੇ ਕਾਰਣ ਘੱਟ ਪਾਣੀ ਲੈਣ ਵਾਲੀਆਂ ਦਾਲ ਅਤੇ ਤੇਲ ਬੀਜ ਫਸਲਾਂ ਹੇਠ ਰਕਬਾ ਨਿਗੂਣਾ ਹੋ ਗਿਆ।ਪੰਜਾਬ ਨੇ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਦੇ ਸਮੇਂ ਤੋਂ ਕੇਂਦਰੀ ਅਨਾਜ ਭੰਡਾਰ ਨੂੰ ਤਕਰੀਬਨ 60% ਕਣਕ ਅਤੇ 40% ਚੌਲਾਂ ਦਾ ਯੋਗਦਾਨ ਪਾਉਣ ਕਾਰਨ ਕੌਮੀ ਅਨਾਜ ਸੁਰੱਖਿਆ ਦਾ ਅਲੰਬਰਦਾਰ ਹੋਣ ਦਾ ਮਾਣ/ਰੁਤਬਾ ਹਾਸਿਲ ਕੀਤਾ ਹੈ। ਪ੍ਰੰਤੂ ਇਹ ਮਾਣ ਪਾਉਣ ਬਦਲੇ ਪੰਜਾਬ ਨੂੰ ਆਪਣੇ ਅਣਮੁੱਲੇ ਕੁਦਰਤੀ ਸੋਮਿਆਂ ਦੀ ਕੁਰਬਾਨੀ ਦੇਣੀ ਪਈ ਹੈ।ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ। ਇਸ ਫਸਲੀ ਚੱਕਰ ਦੀ ਪੈਦਾਵਾਰ ਨੂੰ ਬਰਕਰਾਰ ਰੱਖਣ ਲਈ ਕਿਸਾਨ ਡੂੰਘੇ ਬੋਰ ਲਗਾ ਰਹੇ ਹਨ, ਜਿਸ ਨਾਲ ਊਰਜਾ ਦੀ ਮੰਗ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਿਸ ਕਾਰਨ ਪੰਜਾਬ ਨੂਂੰ ਨਵੇਂ ਬੋਰਾਂ ਤੇ ਵਾਧੂ ਖਰਚਾ, ਊਰਜਾ ਦੀ ਵਧੇਰੇ ਮੰਗ ਅਤੇ ਧਰਤੀ ਹੇਠਲੇ ਪਾਣੀ ਦੀ ਕੁਆਲਟੀ ਦੇ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਮੁਨਾਫੇ ਨੂੰ ਕਾਇਮ ਰੱਖਣ ਲਈ ਪ੍ਰਤੀ ਏਕੜ ਝਾੜ ਵਧਾਉਣ ਦੀ ਜ਼ਰੂਰਤ ਹੈ।ਇਸ ਲਈ ਖੇਤੀ ਦੀਆਂ ਸਮੁੱਚੀਆਂ ਸਿਫਾਰਸ਼ਾਂ ਨੂੰ ਅਪਨਾਉਣਾ ਪਵੇਗਾ। ਇਸ ਵਿੱਚ ਸੁਧਰੀਆਂ ਕਿਸਮਾਂ ਦਾ ਯੋਗਦਾਨ ਬਹੁਤ ਅਹਿਮ ਸਥਾਨ ਰੱਖਦਾ ਹੈ।ਖੇਤ ਨਤੀਜੇ ਦਰਸਾਉਂਦੇ ਹਨ ਕਿ ਕੁਲ ਝਾੜ ਵਿੱਚ ਅੱਧਾ ਯੋਗਦਾਨ ਕਿਸਮਾਂ ਦਾ ਅਤੇ ਬਾਕੀ ਅੱਧਾ ਪੈਦਾਵਾਰ ਤਕਨੀਕਾਂ ਦਾ ਹੁੰਦਾ ਹੈ। ਪ੍ਰਮਾਣਿਤ ਕਿਸਮਾਂ (ਬੀਜ) ਖੇਤੀ ਦੀ ਮੁ¤ਢਲੀ ਸਮਗਰੀ ਹੈ ਕਿਉਂਕਿ ਬਾਕੀ ਸਾਰੀਆਂ ਤਕਨੀਕਾਂ ਇਸ ਉਪਰ ਲਾਗੂ ਹੁੰਦੀਆਂ ਹਨ।
ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਸਾਉਣੀ ਦੀਆਂ ਫਸਲਾਂ ਝੋਨਾ, ਮੱਕੀ, ਕਪਾਹ ਆਦਿ ਵਿੱਚ ਰਕਬੇ ਦਾ ਕਾਫੀ ਹਿੱਸਾ ਗੈਰ-ਸਿਫਾਰਸ਼ ਕਿਸਮਾਂ ਥੱਲੇ ਹੈ ਜੋ ਕਿ ਵੱਖ-ਵੱਖ ਕਾਰਨਾਂ ਕਰਕੇ ਪੈਦਾਵਾਰ ਅਤੇ ਖੇਤੀ ਮੁਨਾਫ਼ੇ ਨੂੰ ਘਟਾਉਂਦਾ ਹੈ ਅਤੇ ਕਈ ਹੋਰ ਮੁਸ਼ਕਲਾਂ ਦਾ ਸਬੱਬ ਵੀ ਬਣਦਾ ਹੈ। ਜਿਵੇਂ ਕਿ:
1.ਘੱਟ ਝਾੜ ਸਮੱਰਥਾ: ਗੈਰ ਸਿਫਾਰਸ਼ ਕਿਸਮਾਂ ਦੀ ਝਾੜ ਸਮਰੱਥਾ ਘੱਟ ਹੁੰਦੀ ਹੈ ਕਿਉਂਕਿ ਇਸ ਵਿ¤ਚ ਬਹੁਤ ਸਾਰੀਆਂ ਤਾਂ ਅਖੌਤੀ ਹੀ ਹੁੰਦੀਆਂ ਹਨ ਜਾਂ ਫਿਰ ਦੂਸਰੇ ਰਾਜਾਂ ਵਿੱਚ ਸਿਫਾਰਸ਼ ਕਿਸਮਾਂ। ਜ਼ਰੂਰੀ ਨਹੀਂ ਕਿ ਦੂਸਰੇ ਰਾਜ ਦੀਆਂ ਸਿਫਾਰਸ਼ ਕਿਸਮਾਂ ਪੰਜਾਬ ਲਈ ਢੁਕਵੀਆਂ ਹੋਣ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਇਹ ਕੰਮ ਲਗਾਤਾਰ ਕੀਤਾ ਜਾਂਦਾ ਹੈ ਅਤੇ ਜੇਕਰ ਨਤੀਜੇ ਠੀਕ ਹੋਣ ਤਾਂ ਇਨ੍ਹਾਂ ਦੀ ਸਿਫ਼ਾਰਸ਼ ਕਰ ਦਿੱਤੀ ਜਾਂਦੀ ਹੈ।ਐਚ ਕੇ ਆਰ 47 ਅਤੇ ਐਚ ਕੇ ਆਰ 127 ਨੂੰ ਬਕਾਇਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪਹਿਲਾਂ ਆਲ ਇੰਡੀਆ ਪਰੋਜੈਕਟ ਅਧੀਨ ਅਤੇ ਫਿਰ ਆਪਣੇ ਤੌਰ ਤੇ ਝਾੜ ਅਤੇ ਬਿਮਾਰੀਆਂ ਲਈ ਪੰਜਾਬ ਲਈ ਪਰਖਿਆ ਗਿਆ ਪ੍ਰੰਤੂ ਘੱਟ ਝਾੜ, ਕਮਜ਼ੋਰ ਨਾੜ ਅਤੇ ਝੁਲਸ ਰੋਗ ਦੇ ਟਾਕਰਾ ਕਰਨ ਤੋਂ ਅਸਮਰਥ ਹੋਣ ਕਾਰਨ ਕਾਸ਼ਤ ਲਈ ਸਿਫ਼ਾਰਸ਼ ਨਹੀਂ ਕੀਤਾ ਗਿਆ।
2.ਗੈਰ-ਮਿਆਰੀ ਬੀਜ ਅਤੇ ਉਤਪਾਦਨ ਕੁਆਲਟੀ: ਅਜਿਹੀਆਂ ਕਿਸਮਾਂ ਦੇ ਬੀਜ ਉਤਪਾਦਨ ਦਾ ਕੋਈ ਯੋਗ ਪ੍ਰਬੰਧ ਨਹੀਂ ਹੁੰਦਾ ਇਸ ਲਈ ਇਨ੍ਹਾਂ ਦੇ ਤਕਨੀਕੀ ਅਤੇ ਸਿਹਤਮੰਦ ਹੋਣ ਦਾ ਭਰੋਸਾ ਨਹੀਂ ਹੁੰਦਾ। ਆਮ ਤੌਰ ਤੇ ਦੇਖਣ ਵਿ¤ਚ ਆਇਆ ਹੈ ਕਿ ਇਹ ਉਚੇ-ਨੀਵੇਂ, ਅਗੇਤੇ-ਪਛੇਤੇ ਦਾਣਿਆਂ ਦੇ ਸਾਈਜ਼ ਵਿੱਚ ਅੰਤਰ ਵਾਲੇ ਬੂਟਿਆਂ ਦਾ ਮਿਸ਼ਰਣ ਹੁੰਦਾ ਹੈ ਜੋ ਕਿ ਗੈਰ-ਮਿਆਰੀ ਉਪਜ ਦਾ ਕਾਰਨ ਬਣਦਾ ਹੈ ਜਿਸ ਨਾਲ ਫਸਲ ਦੇ ਇਕਸਾਰ ਨਾ ਪੱਕਣ ਕਾਰਨ ਕਟਾਈ ਅਤੇ ਮੰਡੀਕਰਨ ਦੀ ਸਮੱਸਿਆ ਆਉਂਦੀ ਹੈ। ਪਿਛਲੇ ਸਾਲ ਬਠਿੰਡਾ, ਫਰੀਦਕੋਟ, ਮਾਨਸਾ ਆਦਿ ਜ਼ਿਲਿਆਂ ਵਿੱਚ ਗੈਰ-ਮਿਆਰੀ ਕੁਆਲਟੀ ਦੇ ਬੀਜਾਂ ਦੀਆਂ ਬਹੁਤ ਸ਼ਿਕਾਇਤਾਂ ਦਰਜ਼ ਹੋਈਆਂ।
3.ਨਵੀਆਂ ਬੀਮਾਰੀਆਂ ਅਤੇ ਉਨਾਂ ਦੀਆਂ ਜਾਤੀਆਂ ਵਿੱਚ ਵਾਧਾ: ਸਭ ਤੋਂ ਵੱਡਾ ਨੁਕਸਾਨ
ਹੈ ਇਹਨਾਂ ਕਿਸਮਾਂ ਵਿੱਚ ਬੀਮਾਰੀਆਂ ਅਤੇ ਕੀੜਿਆਂ ਪ੍ਰਤੀ ਸਹਿਣ ਸ਼ਕਤੀ ਦਾ ਨਾ ਹੋਣਾ । ਹਰ ਖਿ¤ਤੇ ਜਾਂ ਸੂਬੇ ਦੀ ਖੇਤੀ ਖੋਜ ਉਸ ਖਿ¤ਤੇ ਜਾਂ ਸੂਬੇ ਦੀਆਂ ਸਮੱਸਿਆਵਾਂ ਜਾਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ ਜਿਵੇਂ ਕਿ ਪੰਜਾਬ ਵਿੱਚ ਝੋਨੇ ਦੀਆਂ ਉਹ ਕਿਸਮਾਂ ਵਿਕਸਤ ਅਤੇ ਸਿਫਾਰਸ਼ ਕੀਤੀਆਂ ਜਾਂਦੀਆਂ ਹਨ ਜੋ ਕਿ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੋਣ । ਇਸ ਤੋਂ ਇਲਾਵਾ ਇਨ੍ਹਾਂ ਕਿਸਮਾਂ ਰਾਹੀਂ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਕੀੜਿਆਂ ਨੂੰ ਵੀ ਸੱਦਾ ਦਿੱਤਾ ਹੈ ਅਤੇ ਬੀਮਾਰੀਆਂ ਦੀਆਂ ਜਾਤੀਆਂ ਵੀ ਵਧ ਗਈਆਂ ਹਨ। ਜਿਵੇਂ ਕਿ ਹੇਠ ਲਿਖੇ ਵੇਰਵੇ ਤੋਂ ਸਾਫ਼ ਪਤਾ ਲਗਦਾ ਹੈ:
ੳ) ਝੁਲਸ ਰੋਗ ਝੋਨੇ ਦੀ ਇ¤ਕ ਲਾਇਲਾਜ ਬੀਮਾਰੀ ਹੈ ਅਤੇ ਇਸ ਤੇ ਕਾਬੂ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਇਸ ਬੀਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਹੀ ਅਪਣਾਈਆਂ ਜਾਣ। ਇਸ ਵੇਲੇ ਪੰਜਾਬ ਦੇ ਕਈ ਜ਼ਿਲੇ ਹਨ ਜਿੱਥੇ ਕਿ ਕਿਸਾਨ ਇਸ ਰੋਗ ਦਾ ਟਾਕਰਾ ਨਾ-ਕਰਨ ਵਾਲੀਆਂ ਕਿਸਮਾਂ ਅਪਣਾ ਰਹੇ ਹਨ ਜਿਵੇਂ ਕਿ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਸ਼ਰਬਤੀ, ਐਚ ਕੇ ਆਰ 47, ਐਚ ਕੇ ਆਰ 127 ਅਤੇ ਸੰਗਰੂਰ, ਪਟਿਆਲਾ ਅਤੇ ਲੁਧਿਆਣਾ ਵਿੱਚ ਪੂਸਾ-44 ਆਦਿ। ਇਹਨਾਂ ਕਿਸਮਾਂ ਦਾ ਝਾੜ ਮੌਸਮ ਤੇ ਨਿਰਭਰ ਕਰਦਾ ਹੈ। ਜੇਕਰ ਮੌਸਮ ਖੁਸ਼ਕ ਹੈ ਤਾਂ ਇਹ ਝੁਲਸ ਰੋਗ ਦੀ ਮਾਰ ਤੋਂ ਬਚ ਜਾਣਗੀਆਂ ਪਰ ਜੇਕਰ ਬਾਰਸ਼ ਕਾਰਨ ਮੌਸਮ ਵਿੱਚ ਨਮੀ ਦੀ ਮਾਤਰਾ ਵਧ ਜਾਵੇ ਤਾਂ ਇਹ ਇਸ ਬੀਮਾਰੀ ਨੂੰ ਵਧਾਉਂਦੀ ਹੈ । ਝੁਲਸ ਰੋਗ ਇਸ ਨਾਲ ਭਿਆਨਕ ਰੂਪ ਧਾਰਨ ਕਰ ਸਕਦਾ ਹੈ ਜਿਵੇਂ ਕਿ ਸਾਲ 2009 ਦੌਰਾਨ ਵਾਪਰਿਆ।
ਅ) ਝੁਲਸ ਰੋਗ ਦਾ ਟਾਕਰਾ ਨਾ ਕਰਨ ਵਾਲੀਆਂ ਕਿਸਮਾਂ ਬੀਮਾਰੀ ਦੇ ਵਾਧੇ ਦੇ ਨਾਲ-ਨਾਲ ਇਸਦੀਆਂ ਨਵੀਆਂ ਜਾਤੀਆਂ ਪੈਦਾ ਕਰਨ ਵਿੱਚ ਸਹਾਈ ਹੁੰਦੀਆਂ ਹਨ ਕਿਉਂਕਿ ਜੀਵਾਣੂੰ ਇਨ੍ਹਾਂ ਕਿਸਮਾਂ ਉਪਰ ਪਲਦੇ ਹਨ ਅਤੇ ਨਵੀਆਂ ਕਿਸਮਾਂ ਨੂੰ ਪੈਦਾ ਕਰਦੇ ਹਨ। ਐਚ ਕੇ ਆਰ 47 ਅਤੇ ਐਚ ਕੇ ਆਰ 127 ਕਾਰਨ ਝੁਲਸ ਰੋਗ ਦੇ ਜੀਵਾਣੂੰ ਦੀ ਨਵੀ ਕਿਸਮ ਜੋ ਪਹਿਲਾਂ ਹਰਿਆਣੇ ਵਿੱਚ ਹੀ ਮੌਜੂਦ ਸੀ ਪੰਜਾਬ ਵਿ¤ਚ ਆ ਗਈ। ਝੁਲਸ ਰੋਗ ਦੇ ਜੀਵਾਣੂ ਦੀ ਕਿਸਮਾਂ ਜੋ ਪਹਿਲਾਂ ਸੱਤ ਸਨ ਹੁਣ ਦਸ ਹੋ ਗਈਆਂ ਹਨ। ਇਸ ਕਾਰਨ ਸਹਿਣ ਸ਼ਕਤੀ ਵਾਲੀਆਂ ਕਿਸਮਾਂ ਨੂੰ ਵੀ ਇਨ੍ਹਾਂ ਨਵੀਆਂ ਜਾਤੀਆਂ ਕਾਰਨ ਬੀਮਾਰੀ ਆਉਣ ਲੱਗ ਪਈ ਹੈ।
ੲ) ਇਸੇ ਤਰਾਂ ਪੂਸਾ 1121 ਕਾਰਨ ਪੰਜਾਬ ਵਿ¤ਚ ਪੈਰਾਂ ਦੇ ਗਲ੍ਹਣ ਰੋਗ (ਫੁੱਟ-ਰੌਟ) ਦਾ ਦਾਖਲਾ ਹੋਇਆ ਜਿਸ ਨੂੰ ਕਾਬੂ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਖੋਜ ਤੇ ਬਹੁਤ ਪੈਸਾ ਅਤੇ ਮਿਹਨਤ ਕਰਨੀ ਪਈ।
ਸ) ਪਿਛਲੇ ਵਰ੍ਹੇ ਪਟਿਆਲਾ ਅਤੇ ਸੰਗਰੂਰ ਦੇ ਜ਼ਿਲਿਆਂ ਵਿੱਚ ਇਹਨਾਂ ਕਿਸਮਾਂ ਉਪਰ ਝੋਨੇ ਦੇ ਭੂਰੇ ਟਿੱਡੇ ਦਾ ਬਹੁਤ ਹਮਲਾ ਹੋਇਆ ਜਿਸ ਕਾਰਨ ਮਹਿੰਗੀਆਂ ਕੀਟ ਨਾਸ਼ਕ ਦਵਾਈਆਂ ਦੀ ਸਪਰੇਅ ਕਰਨ ਦੇ ਬਾਵਜੂਦ ਪ੍ਰਤੀ ਕਿੱਲਾ ਚਾਰ ਕੁਇੰਟਲ ਦੇ ਕਰੀਬ ਝਾੜ ਘਟਿਆ।
4.ਕੁਦਰਤੀ ਸੋਮਿਆਂ ਦੀ ਬਰਬਾਦੀ:- ਗੈਰ ਸਿਫ਼ਾਰਸ਼ੀ ਕਿਸਮਾਂ ਦੀ ਕਾਸ਼ਤ ਕੁਦਰਤੀ ਸੋਮਿਆਂ ਦੀ ਬਰਬਾਦੀ ਦਾ ਕਾਰਨ ਵੀ ਬਣਦੀ ਹੈ। 1970 ਦੇ ਦਹਾਕਿਆਂ ਵਿ¤ਚ ਝੋਨੇ ਦੀ ਲੁਆਈ ਆਮ ਤੌਰ ਤੇ 30 ਜੂਨ ਤੋਂ ਸ਼ੁਰੂ ਕੀਤੀ ਜਾਂਦੀ ਸੀ ਕੁਝ ਬੀਜ ਵਪਾਰੀਆਂ ਨੇ ਝੋਨੇ ਦੀ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ-44 ਜੋ ਪੱਕਣ ਨੂੰ ਤਕਰੀਬਨ 160-165 ਦਿਨ ਦਾ ਸਮਾਂ ਲੈਂਦੀ ਹੈ ਦਾ ਬੀਜ ਵੇਚਣਾ ਸ਼ੁਰੂ ਕਰ ਦਿੱਤਾ। ਝੋਨੇ ਦੀ ਪੂਸਾ 44 ਕਿਸਮ ਦੀ ਕਾਸ਼ਤ ਨੇ ਅਗੇਤੀ ਲੁਆਈ ਨੂੰ ਉਤਸ਼ਾਹ ਦਿੱਤਾ। ਇਹ ਸੁਭਾਵਿਕ ਹੀ ਸੀ ਜੋ ਕਿਸਮ ਜ਼ਿਆਦਾ ਸਮਾਂ ਲਵੇਗੀ ਉਸਦਾ ਝਾੜ ਜ਼ਿਆਦਾ ਹੋਵੇਗਾ ਪ੍ਰੰਤੂ ਇਸ ਗੱਲ ਨੂੰ ਅੱਖੋਂ ਪਰੋਖੇ ਕੀਤਾ ਗਿਆ ਕਿ ਕਣਕ ਦੀ ਬਾਅਦ ਵਾਲੀ ਫਸਲ ਲਈ ਵਕਤ ਸਿਰ ਖੇਤ ਵਿਹਲੇ ਕਰਨ ਹਿੱਤ ਪੂਸਾ-44 ਦੀ ਬੀਜਾਈ ਅਗੇਤੀ (ਅਪਰੈਲ-ਮਈ) ਕਰਨੀ ਪਈ ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਭਿਆਨਕ ਗਿਰਾਵਟ ਆਈ। ਇਹ ਸਾਰਾ ਕੁਝ ਯੂਨੀਵਰਸਿਟੀ ਵੱਲੋਂ ਪਿਛਲੇ ਕੋਈ 10-15 ਸਾਲ ਤੋਂ ਅਖਬਾਰਾਂ ਵਿੱਚ ਝੋਨਾ ਅਗੇਤਾ ਨਾ ਲਾਉਣ ਦੀਆਂ ਅਪੀਲਾਂ ਦੇ ਬਾਵਜੂਦ ਹੋਇਆ। ਇਸਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਉਨ੍ਹਾਂ ਜ਼ਿਲਿਆਂ (ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਸੰਗਰੂਰ, ਮੋਗਾ, ਬਰਨਾਲਾ ਆਦਿ) ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਨੀਚੇ ਗਿਆ ਜਿੱਥੇ ਪੂਸਾ-44 ਦੀ ਕਾਸ਼ਤ ਕੀਤੀ ਗਈ ਜਾਂ ਹੋ ਰਹੀ ਸੀ।
5 ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ:- ਜਿਸ ਤਰ੍ਹਾਂ ਉਪਰ ਦੱਸਿਆ ਗਿਆ ਹੈ ਕਿ ਪਹਿਲਾਂ ਝੋਨਾ ਜੂਨ ਦੇ ਅਖੀਰ ਵਿੱਚ ਲਾਇਆ ਜਾਂਦਾ ਸੀ ਅਤੇ ਖੇਤ ਕਣਕ ਦੀ ਕਟਾਈ ਤੋਂ ਬਾਅਦ ਤਕਰੀਬਨ ਡੇਢ ਤੋਂ ਦੋ ਮਹੀਨੇ ਖਾਲੀ ਰਹਿੰਦੇ ਸਨ ਅਤੇ ਕਿਸਾਨ ਵਾਹਣਾਂ ਨੂੰ ਖਾਲੀ ਛੱਡ ਦਿੰਦੇ ਸਨ ਅਤੇ ਮਈ ਜੂਨ ਦੀਆਂ ਧੁੱਪਾਂ ਅਤੇ ਪੰਛੀਆਂ ਰਾਹੀਂ ਕੀੜਿਆਂ ਦਾ ਕੰਟਰੋਲ ਕੁਦਰਤੀ ਤੌਰ ਤੇ ਹੋ ਜਾਂਦਾ ਸੀ। ਪ੍ਰੰਤੂ ਲੰਮਾਂ ਸਮਾਂ ਲੈਣ ਵਾਲੀ ਪੂਸਾ-44 ਕਿਸਮ ਦੀ ਅਗੇਤੀ ਲੁਆਈ ਕਰਨ ਝੋਨੇ ਦੀ ਗੋਭ ਦੀ ਸੁੰਡੀ ਦਾ ਹਮਲਾ ਇੱਕ ਆਮ ਵਰਤਾਰਾ ਹੋ ਗਿਆ ਜਿਸ ਨੂੰ ਰੋਕਣ ਲਈ ਕਿਸਾਨਾਂ ਵੱਲੋਂ ਫਿਊਰਾਡਾਨ, ਕੈਲਡਾਨ ਅਤੇ ਪਦਾਨ ਜਿਹੀਆਂ ਜ਼ਹਿਰਾਂ ਦਾ ਅੰਧਾਧੁੰਦ ਪ੍ਰਯੋਗ ਕੀਤਾ ਗਿਆ ਜਿਸਨੇ ਕੇਵਲ ਪੈਸੇ ਦੀ ਬਰਬਾਦੀ ਹੀ ਨਹੀਂ ਕੀਤੀ ਸਗੋਂ ਧਰਤੀ ਹੇਠਲੇ ਪਾਣੀ ਨੂੰ ਵੀ ਖ਼ਰਾਬ ਕੀਤਾ ਅਤੇ ਸੱਪ, ਡੱਡੂ, ਨਿਉਲੇ, ਮੱਕੜੀਆਂ ਆਦਿ ਮਿੱਤਰ ਜੀਵਾਂ ਨੂੰ ਵੀ ਨੁਕਸਾਨ ਪਹੁੰਚਾਇਆ।
6 ਗੈਰ ਸਿਫ਼ਾਰਸ਼ੀ ਕਿਸਮਾਂ ਬਣਦੀਆਂ ਹਨ ਲੁੱਟ ਦਾ ਕਾਰਨ:- ਬੀਜ ਵਪਾਰੀ ਵਰਗ ਬਹੁਤ ਹੁਸ਼ਿਆਰ ਹੈ ਉਹ ਕਿਸਾਨ ਦੀ ਨਵੀਂ ਤਕਨੀਕ ਅਪਨਾਉਣ ਦੀ ਖਾਹਿਸ਼ ਦਾ ਨਜਾਇਜ਼ ਫਾਇਦਾ ਉਠਾ ਕੇ ਕੁਝ ਨਾ ਕੁਝ ਨਵਾਂ ਪੇਸ਼ ਕਰਕੇ ਮੋਟੀ ਕਮਾਈ ਕਰਨ ਦੀ ਭਾਲ਼ ਵਿੱਚ ਰਹਿੰਦਾ ਹੈ। ਜਿਸ ਦੀ ਉਦਾਹਰਣ ਹੈ ਇਸ ਸਮੇਂ ਪੰਜਾਬ ਵਿੱਚ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ 14 ਕਿਸਮਾਂ (ਝੋਨੇ ਦੀਆਂ ਸੱਤ ਅਤੇ ਬਾਸਮਤੀ ਦੀਆਂ ਸ¤ਤ ਕਿਸਮਾਂ) ਤੋਂ ਇਲਾਵਾ ਤਕਰੀਬਨ 30-35 ਕਿਸਮਾਂ ਦਾ ਬੀਜ ਬੀਜ-ਵਪਾਰੀਆਂ ਵਲੋਂ ਪੰਜਾਬ ਵਿੱਚ ਵੇਚਿਆ ਜਾ ਰਿਹਾ ਹੈ ਜੋ ਕੇਂਦਰੀ ਕਮੇਟੀ ਜਾਂ ਕਿਸੇ ਯੂਨੀਵਰਸਿਟੀ ਵੱਲੋਂ ਪੰਜਾਬ ਲਈ ਸਿਫ਼ਾਰਸ਼ ਹੀ ਨਹੀਂ ਕੀਤੀਆਂ ਗਈਆਂ।
ਇਸ ਦੀ ਪ੍ਰਤੱਖ ਉਦਾਹਰਣ ਇਸ ਸਾਲ ਕੁਝ ਬੀਜ ਵਿਕਰੇਤਾਵਾਂ ਵਲੋਂ ਪਰਮਲ ਪੂਸਾ 1067 ਦੇ ਨਾਂ ਹੇਠ ਬੀਜ ਦੇ ਇਸ਼ਤਿਹਾਰ ਅਤੇ ਖਬਰ ਦਿੱਤੀ ਗਈ ਜਿਸ ਦਾ ਪੂਸਾ ਇੰਸਟੀਚਿਊਟ ਨਵੀਂ ਦਿੱਲੀ ਵਲੋਂ ਖੰਡਨ ਕਰਨ ਉਪਰੰਤ ਇਹੀ ਕਿਸਮ ਹੁਣ ਪੀ-1067 ਦੇ ਨਾਮ ਹੇਠ ਵੇਚੀ ਜਾ ਰਹੀ ਹੈ।
ਉਪਰੋਕਤ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਭਰਾਵਾਂ ਨੂੰ ਥੋੜ ਚਿਰੀ ਮੁਨਾਫ਼ੇ ਅਤੇ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿੰਦੇ ਹੋਏ ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਸਥਾਈ ਮੁਨਾਫੇ ਹਿੱਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫਾਰਸ਼ ਕਿਸਮਾਂ/ਤਕਨੀਕਾਂ ਹੀ ਅਪਨਾਉਣੀਆਂ ਚਾਹੀਦੀਆਂ ਹਨ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਯੂਨੀਵਰਸਿਟੀ ਦੁਆਰਾ ਵਿਕਸਤ ਸਿਫ਼ਾਰਸ਼ ਕਿਸਮਾਂ ਦਾ ਬੀਜ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਜੋ ਸੁਚੱਜੇ ਢੰਗ ਨਾਲ ਕਾਸ਼ਤ ਕਰਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾ ਸਕੇ। ਫ਼ਸਲਾਂ ਦਾ ਨਿਰੀਖਣ ਸਮੇਂ-ਸਮੇਂ ਤੇ ਕਰਦੇ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ਤੇ ਖੇਤੀ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ।