ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਾਦਿਨ ਨੂੰ ਮਰਵਾ ਕੇ ਜਨਤਾ ਵਿੱਚ ਆਪਣੇ ਨੰਬਰ ਬਣਾਉਣ ਦੀ ਕੋਸਿਸ਼ ਕੀਤੀ ਸੀ ਪਰ ਅਰਥਵਿਵਸਥਾ ਦੀ ਮੰਦੀ ਹਾਲਤ ਨੇ ਅਮਰੀਕੀ ਲੋਕਾਂ ਵਿੱਚ ਉਸ ਦਾ ਗਰਾਫ਼ ਫਿਰ ਥੱਲੇ ਸੁੱਟ ਦਿੱਤਾ ਹੈ। ਅਮਰੀਕਨਾਂ ਨੇ ਦੇਸ਼ ਦੀ ਖੁਸ਼ਹਾਲੀ ਨੂੰ ਪਹਿਲ ਦਿੱਤੀ ਹੈ। ਕਲਿੰਟਨ ਵਲੋਂ ਚੰਗਾ ਰਾਜ ਪ੍ਰਬੰਧ ਦੇਣ ਕਰਕੇ ਉਸ ਦੀਆਂ ਨਿਜੀ ਗਲਤੀਆਂ ਨੂੰ ਲੋਕਾਂ ਨੇ ਮਾਫ਼ ਕਰ ਦਿੱਤਾ ਸੀ ਅਤੇ ਬੁਸ਼ ਨੂੰ ਮਾੜੀ ਇਕਾਨਮੀ ਕਰਕੇ ਲੋਕਾਂ ਦੇ ਗੁਸੇ ਦਾ ਸਿਕਾਰ ਹੋਣਾ ਪਿਆ ਸੀ।
ਵਾਸਿੰਗਟਨ ਪੋਸਟ- ਏਬੀਸੀ ਵਲੋਂ ਕੀਤੇ ਗਏ ਸਰਵਿਆਂ ਅਨੁਸਾਰ ਹਰ ਦੋ ਵਿਚੋਂ ਇੱਕ ਅਮਰੀਕੀ ਦਾ ਕਹਿਣਾ ਹੈ ਕਿ ਇਕਾਨਮੀ ਸਬੰਧੀ ਦੇਸ਼ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਜਦ ਕਿ 10 ਵਿਚੋਂ 9 ਲੋਕ ਅਰਥਵਿਵਸਥਾ ਦੀ ਮੰਦਹਾਲੀ ਨੂੰ ਮੰਨਦੇ ਹਨ। ਬੇਰੁਜ਼ਗਾਰੀ, ਗੈਸ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਘਰਾਂ ਦੀਆਂ ਡਿੱਗ ਰਹੀਆਂ ਕੀਮਤਾਂ ਨੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਹਰ 10 ਵਿਚੋਂ 6 ਅਮਰੀਕਨਾਂ ਦਾ ਕਹਿਣਾ ਹੈ ਕਿ ਅਰਥਵਿਵਸਥਾ ਨੇ ਅਜੇ ਉਭਰਨਾ ਸ਼ੁਰੂ ਨਹੀਂ ਕੀਤਾ। ਰਿਕਵਰੀ ਬਹੁਤ ਹੀ ਘੱਟ ਰਫ਼ਤਾਰ ਨਾਲ ਹੋ ਰਹੀ ਹੈ।