ਵਾਸਿੰਗਟਨ- ਅਮਰੀਕਾ ਦੀ ਸੈਨਟ ਦੀ ਇੱਕ ਪ੍ਰਭਾਵਸ਼ਾਲੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 2014 ਵਿੱਚ ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ਨੂੰ ਬਹੁਤ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਦੇਸ਼ੀ ਮਾਮਲਿਆਂ ਨਾਲ ਸਬੰਧਿਤ ਇਸ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਅਮਰੀਕਾ ਹਰ ਮਹੀਨੇ ਅਫ਼ਗਾਨਿਸਤਾਨ ਨੂੰ 32 ਕਰੋੜ ਡਾਲਰ ਦਾ ਦਾਨ ਦਿੰਦਾ ਹੈ। ਇਸ ਦਾਨ ਦਿੱਤੀ ਗਈ ਰਕਮ ਦੀ ਗਲਤ ਵਰਤੋਂ ਨਾਲ ਭ੍ਰਿਸ਼ਟਾਚਾਰ ਵਿੱਚ ਵਾਧਾ ਹੁੰਦਾ ਹੈ। ਇਸ ਲਈ ਇਸ ਰਕਮ ਦੀ ਸਹੀ ਵਰਤੋਂ ਹੋਣੀ ਚਾਹੀਦੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਾਨ ਦਿੱਤੀ ਗਈ ਰਕਮ ਦਾ ਦੋ ਤਿਹਾਈ ਹਿੱਸਾ ਦੇਸ਼ ਦੇ ਦੱਖਣੀ ਅਤੇ ਪੂਰਬੀ ਹਿਸਿਆਂ ਵਿੱਚ ਤਾਲਿਬਾਨ ਨਾਲ ਚਲ ਰਹੀ ਲੜਾਈ ਤੇ ਖਰਚ ਹੋ ਰਿਹਾ ਹੈ। ਤਾਲਿਬਾਨ ਦੇ ਕੰਟਰੋਲ ਵਾਲੇ ਇਸ ਇਲਾਕੇ ਵਿੱਚ ਲੋਕਾਂ ਦੇ ਦਿਲ ਜਿਤਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਅਫ਼ਗਾਨਿਸਤਾਨ ਇਸ ਸਮੇਂ ਪੂਰੀ ਤਰ੍ਹਾਂ ਨਾਲ ਵਿਦੇਸ਼ੀ ਦਾਨ ਤੇ ਨਿਰਭਰ ਹੋ ਗਿਆ ਹੈ। ਅਮਰੀਕਾ ਤੋਂ ਆ ਰਹੇ ਇਸ ਪੈਸੇ ਨਾਲ ਮਜਦੂਰੀ ਦੀ ਦਰ ਵੀ ਵੱਧ ਗਈ ਹੈ ਅਤੇ ਭ੍ਰਿਸ਼ਟਾਚਾਰ ਵੀ ਵੱਧ ਗਿਆ ਹੈ।
ਨੈਟੋ ਸੈਨਾ ਦੀ 2014 ਵਿੱਚ ਵਾਪਸੀ ਹੋਣੀ ਹੈ। ਕਮੇਟੀ ਦਾ ਕਹਿਣਾ ਹੈ ਕਿ ਜੇ ਹੁਣ ਤੋਂ ਕੋਈ ਯੋਜਨਾ ਨਾਂ ਬਣੀ ਤਾਂ ਅਫ਼ਗਾਨਿਸਤਾਨ ਵੱਡੇ ਆਰਥਿਕ ਸੰਕਟ ਵਿੱਚ ਘਿਰ ਸਕਦਾ ਹੈ। ਵਿਦੇਸ਼ੀ ਦਾਨ ਨਾਲ ਸਕੂਲ ਅਤੇ ਸਿਹਤ ਸਬੰਧੀ ਸੇਵਾਵਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਅਮਰੀਕਾ ਵਿੱਚ ਵੀ ਅਫ਼ਗਾਨਿਸਤਾਨ ਵਿੱਚ ਹੋ ਰਹੇ ਆਰਥਿਕ ਖਰਚ ਤੇ ਤਿੱਖੇ ਸਵਾਲ ਉਠ ਰਹੇ ਹਨ। ਕਮੇਟੀ ਚਾਹੁੰਦੀ ਹੈ ਕਿ ਦਾਨ ਦੀ ਰਕਮ ਨੂੰ ਇੱਕਦਮ ਬੰਦ ਨਾਂ ਕੀਤਾ ਜਾਵੇ, ਇਸ ਨਾਲ ਭਾਰੀ ਆਰਥਿਕ ਮੰਦੀ ਆ ਜਾਵੇਗੀ।