ਨਵੀਂ ਦਿੱਲੀ- ਦੇਸ਼ ਵਿੱਚ ਬੇਸ਼ਕ ਨਿਰਯਾਤ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਪਰ ਵੱਧ ਰਹੇ ਆਯਾਤ ਨੇ ਵੀ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਮਈ ਮਹੀਨੇ ਵਿੱਚ ਨਿਰਯਾਤ 56.9 ਫੀਸਦੀ ਦੀ ਰਫ਼ਤਾਰ ਨਾਲ 25.9 ਅਰਬ ਡਾਲਰ ਤੱਕ ਪਹੁੰਚਿਆ ਤਾਂ ਆਯਾਤ ਵੀ 54.1 ਫੀਸਦੀ ਵੱਧ ਕੇ 40.9 ਅਰਬ ਡਾਲਰ ਤੱਕ ਜਾ ਪਹੁੰਚਿਆ ਹੈ। ਆਯਾਤ ਵਿੱਚ ਹੋਏ ਇਸ ਵਾਧੇ ਨੇ ਵਪਾਰਿਕ ਘਾਟੇ ਨੂੰ ਮਈ ਵਿੱਚ 15 ਅਰਬ ਡਾਲਰ ਦੇ ਖਤਰਨਾਕ ਮੋੜ ਤੇ ਪਹੁੰਚਾ ਦਿੱਤਾ ਹੈ। ਪਿੱਛਲੇ ਚਾਰ ਸਾਲਾਂ ਵਿੱਚ ਇਹ ਵਪਾਰਿਕ ਘਾਟਾ ਸੱਭ ਤੋਂ ਵੱਧ ਹੈ।
ਵਪਾਰਿਕ ਸਕੱਤਰ ਰਾਹੁਲ ਖੁਲਰ ਨੇ ਮਈ 2011 ਦੇ ਆਯਾਤ -ਨਿਰਯਾਤ ਦੇ ਅੰਕੜੇ ਜਾਰੀ ਕਰਦੇ ਹੋਏ ਦਸਿਆ ਕਿ ਨਿਰਯਾਤ ਦੇ ਨਾਲ-ਨਾਲ ਆਯਾਤ ਵਿੱਚ ਹੋਇਆ ਵਾਧਾ ਵੀ ਹੈਰਾਨੀਜਨਕ ਹੈ। ਸਰਕਾਰ ਨੂੰ ਇਸ ਸਬੰਧੀ ਏਨੀ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਨਹੀ ਸੀ। ਸਰਕਾਰ ਦਾ ਮੰਨਣਾ ਹੈ ਕਿ ਜੇ ਆਯਾਤ ਦੀ ਰਫ਼ਤਾਰ ਇਸੇ ਤਰ੍ਹਾਂ ਰਹੀ ਤਾਂ ਸਰਕਾਰ ਨੂੰ ਚਾਲੂ ਖਾਤੇ ਦੇ ਘਾਟੇ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੇ ਵਪਾਰਿਕ ਘਾਟਾ ਇਸੇ ਸਪੀਡ ਨਾਲ ਵੱਧਦਾ ਰਿਹਾ ਤਾਂ ਸਾਲ ਦੇ ਅੰਤ ਤੱਕ ਇਹ ਘਾਟਾ 140 ਤੋਂ 145 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਆਯਾ ਅਤੇ ਨਿਰਯਾਤ ਦਰਮਿਆਨ ਅੰਤਰ ਨੂੰ ਵਪਾਰਿਕ ਘਾਟਾ ਕਿਹਾ ਜਾਂਦਾ ਹੈ। ਚਾਲੂ ਵਿੱਤੀ ਸਾਲ ਦੇ ਦੂਸਰੇ ਹੀ ਮਹੀਨੇ ਵਿੱਚ 15 ਅਰਬ ਡਾਲਰ ਦੇ ਵਪਾਰਿਕ ਘਾਟੇ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।
ਵਿੱਤੀ ਸਾਲ ਦੇ ਪਹਿਲੇ ਦੋ ਮਹੀਨੇ ਵਿੱਚ 73.7 ਅਰਬ ਡਾਲਰ ਦਾ ਅਯਾਤ ਹੋਇਆ। ਇਲੈਕਟਰਿਕ ਸਮਾਨ ਦਾ ਆਯਾਤ ਪਿੱਛਲੇ ਸਾਲ ਦੇ ਮੁਕਾਬਲੇ 61 ਫੀਸਦੀ ਵਧਿਆ ਅਤੇ ਮਸ਼ਨਿਰੀ ਦੇ ਆਯਾਤ ਵਿੱਚ 46.7 ਫਸਿਦੀ ਦਾ ਵਾਧਾ ਹੋਇਆ। ਮੋਤੀ ਅਤੇ ਕੀਮਤੀ ਰਤਨਾਂ ਦੇ ਆਯਾਤ ਵਿੱਚ 24 ਫੀਸਦੀ ਦਾ ਵਾਧਾ ਹੋਇਆ। ਸੋਨੇ ਅਤੇ ਚਾਂਦੀ ਦਾ ਆਯਾਤ ਵੀ ਦੋ ਮਹੀਨੇ ਵਿੱਚ 220 ਫੀਸਦੀ ਤੱਕ ਵਧਿਆ ਹੈ,ਪਰ ਵੱਧਦੇ ਵਪਾਰਿਕ ਘਾਟੇ ਲਈ ਇੱਕਲੇ ਇਸ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।