ਫਤਿਹਗੜ੍ਹ ਸਾਹਿਬ, :- ਜਿਸ ਦਿਨ ਅਮਰੀਕਾ ਦਾ ਨਵ ਨਿਯੁਕਤ ਪ੍ਰਧਾਨ ਸ਼੍ਰੀ ਬਾਰਕ ਓਬਾਮਾ ਸਹੁੰ ਚੁੱਕਣ ਜਾ ਰਹੇ ਹਨ, ਉਸੇ ਦਿਨ ਹਿੰਦ ਹਕੂਮਤ ਵੱਲੋਂ ਪਾਕਿਸਤਾਨ ਦੀ ਸਰਹੱਦ ਉੱਤੇ ਬ੍ਰਹਮੋਸ ਮਿਜ਼ਾਇਲ ਤਾਇਨਾਤ ਕਰਨ ਦੀ ਕਾਰਵਾਈ ਹਿੰਦ-ਪਾਕਿ ਵਿਚਲੇ ਤਨਾਆਂ ਨੂੰ ਹੋਰ ਕੁੜੱਤਣ ਭਰਿਆ ਬਣਾ ਕੇ, ਹਿੰਦ ਸਰਕਾਰ ਬੱਜਰ ਗੁਸਤਾਖੀ ਕਰ ਰਹੀ ਹੈ। ਅਜਿਹਾ ਕਰਕੇ ਹਿੰਦ ਸਰਕਾਰ ਇਹ ਵੀ ਸ਼ੰਦੇਸ਼ ਦੇ ਰਹੀ ਹੈ ਕਿ ਅਮਰੀਕਾ ਦੀ ਨਵੀਂ ਚੁਣੀ ਓਬਾਮਾ ਸਰਕਾਰ ਦੀਆਂ ਮਨੁੱਖਤਾ ਪੱਖੀ ਅਮਨ-ਚੈਨ ਨੂੰ ਬਰਕਰਾਰ ਰੱਖਣ ਵਾਲੀਆਂ ਨੀਤੀਆਂ ਅਤੇ ਸੋਚ ਦੀ ਉਸਨੂੰ ਕੋਈ ਪਰਵਾਹ ਨਹੀਂ ਤੇ ਅਸਲੀਅਤ ਵਿੱਚ ਓਬਾਮਾ ਸਰਕਾਰ ਨੂੰ ਚੁਣੌਤੀ ਦੇਣ ਵਾਲੀ ਕਾਰਵਾਈ ਹੈ। ਜੋ ਕਿ ਮੁਸਲਿਮ ਪਾਕਿਸਤਾਨ ਅਤੇ ਹਿੰਦੂਤਵ ਹਿੰਦੋਸਤਾਨ ਦੋਵਾਂ ਮੁਲਕਾਂ ਦੇ ਵਿਚਾਲੇ ਵੱਸ ਰਹੀ ਸਿੱਖ ਕੌਮ ਲਈ ਗਹਿਰੀ ਚਿੰਤਾ ਤੇ ਖਤਰੇ ਵਾਲੀ ਭੜਕਾਉ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਹਕੂਮਤ ਦੀ ਉਪਰੋਕਤ ਕੀਤੀ ਜਾਣ ਵਾਲੀ ਕਾਰਵਾਈ ਨੂੰ ਅਤਿ ਮੰਦਭਾਗਾ ਕਰਾਰ ਦਿੰਦੇ ਹੋਏ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ।
ਉਹਨਾਂ ਕਿਹਾ ਕਿ ਸ਼੍ਰੀ ਜਾਰਜ ਬੁਸ਼ ਨੇ ਜਿਵੇਂ ਇਰਾਕ ਵਿੱਚ ਨਿਯੁਕਲੀਅਰ ਬੰਬਾਂ ਦੀ ਭੰਡਾਰ ਹੋਣ ਦਾ ਬਹਾਨਾ ਬਣਾ ਕੇ ਉੱਥੇ ਫੌਜਾਂ ਭੇਜ ਕੇ ਜੰਗ ਲਾਉਂਦੇ ਹੋਏ ਮਨੁੱਖਤਾ ਦਾ ਕਤਲੇਆਮ ਕਰਕੇ ਬੱਜਰ ਗੁਸਤਾਖੀ ਕੀਤੀ ਸੀ। ਉਸੇ ਤਰ੍ਹਾਂ ਅਮਰੀਕਾ ਨੇ ਹਿੰਦ ਵੱਲੋਂ ਸੀ ਟੀ ਬੀ ਟੀ ਅਤੇ ਐਨ ਪੀ ਟੀ ਕੌਮਾਂਤਰੀ ਸੰਧੀਆਂ ਉੱਤੇ ਦਸਤਖਤ ਕੀਤੇ ਬਗੈਰ ਹਿੰਦ-ਅਮਰੀਕਾ 123 ਪ੍ਰਮਾਣੂ ਸਮਝੌਤਾ ਕਰਕੇ ਬਹੁਤ ਵੱਡੀ ਭੁੱਲ ਕੀਤੀ ਹੈ। ਉਹਨਾਂ ਕਿਹਾ ਕਿ ਇਸ 123 ਪ੍ਰਮਾਣੂ ਸਮਝੌਤੇ ਦੀ ਵਜ੍ਹਾ ਕਾਰਨ ਹੀ ਅੱਜ ਹਿੰਦ ਬ੍ਰਹਮੋਸ ਮਿਜ਼ਾਇਲ ਪਾਕਿਸਤਾਨ ਸਰਹੱਦ ਉੱਤੇ ਤਾਇਨਾਤ ਕਰਕੇ ਅਤੇ ਜੰਗ ਨੂੰ ਖੁੱਲ੍ਹੇਆਮ ਸੱਦਾ ਦੇ ਰਿਹਾ ਹੈ, ਜਿਸਦੀ ਸਿੱਖ ਕੌਮ ਪੁਰਜ਼ੋਰ ਨਿਖੇਧੀ ਕਰਦੀ ਹੈ। ਸ: ਮਾਨ ਨੇ 123 ਪ੍ਰਮਾਣੂ ਸਮਝੌਤੇ ਸੰਬੰਧੀ ਆਪਣੇ ਵਿਚਾਰਾਂ ਦਾ ਖੁਲਾਸਾ ਕਰਦੇ ਹੋਏ ਕਿਹਾ “ਬਾਂਦਰ ਅੱਗ ਤਾਂ ਲਾ ਸਕਦਾ ਹੈ ਪਰ ਉਸ ਕੋਲ, ਉਸ ਲਾਈ ਅੱਗ ਨੂੰ ਬੁਝਾਉਣ ਦੀ ਲਿਆਕਤ ਨਹੀਂ ਹੁੰਦੀ।” ਇਸ 123 ਨਿਯੁਕਲੀਅਰ ਸਮਝੌਤੇ ਦੇ ਕਾਰਨ ਅੱਜ ਹਿੰਦ ਹਉਂਮੈ ਵਿੱਚ ਗ੍ਰਸਤ ਹੋ ਕੇ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੰਗ ਦੀਆਂ ਗੱਲਾਂ ਕਰ ਰਿਹਾ ਹੈ। ਜਦੋਂ ਕਿ ਇਸ ਦੇ ਹੋਣ ਵਾਲੇ ਵੱਡੇ ਨੁਕਸਾਨ ਜਾਂ ਇਸ ਦੇ ਸੰਸਾਰ ਜੰਗ ਵਿੱਚ ਬਦਲਣ ਦੇ ਖਤਰਨਾਕ ਸਿੱਟਿਆਂ ਤੋਂ ਜਾਣੂ ਨਹੀਂ ਹੈ। ਉਹਨਾਂ ਕਿਹਾ ਕਿ “ਜੰਗ” ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ। ਇਸ ਨਾਲ ਤਾਂ ਮਸਲੇ ਹੋਰ ਵੀ ਪੇਚੀਦਾ ਹੋ ਜਾਂਦੇ ਹਨ। ਹਿੰਦ ਸਰਕਾਰ ਤੇ ਮੁਤੱਸਵੀ ਲੋਕ ਜੰਗ ਲਾ ਕੇ ਲਹਿੰਦੇ ਪੰਜਾਬ ਵਿੱਚ ਵੱਸ ਰਹੀ ਮੁਸਲਿਮ ਕੌਮ ਅਤੇ ਚੜਦੇ ਪੰਜਾਬ ਵਿੱਚ ਵੱਸ ਰਹੀ ਸਿੱਖ ਕੌਮ ਨੂੰ ਖਤਮ ਕਰਨ ਦੀ ਮੰਦਭਾਵਨਾ ਰੱਖਦੇ ਹਨ, ਜਿਸਨੂੰ ਸਿੱਖ ਕੌਮ ਕਤਈ ਕਾਮਯਾਬ ਨਹੀਂ ਹੋਣ ਦੇਵੇਗੀ। ਉਹਨਾਂ ਅੱਜ ਵਾਸਿ਼ੰਗਟਨ ਵਿੱਚ ਸਹੁੰ ਚੁੱਕ ਰਹੇ ਸ਼੍ਰੀ ਬਾਰਕ ਓਬਾਮਾ ਪ੍ਰਧਾਨ ਅਮਰੀਕਾ ਅਤੇ ਉਸਦੀ ਕੈਬਨਿਟ ਵਿੱਚ ਆਉਣ ਵਾਲੇ ਸਹਿਯੋਗੀਆਂ ਨੂੰ ਇਹ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਕਸ਼ਮੀਰ ਅਤੇ ਖਾਲਿਸਤਾਨ ਦੇ ਦੋਵੇਂ ਮਸਲੇ ਮੁਸਲਿਮ ਤੇ ਸਿੱਖ ਕੌਮ ਦੀ ਆਜ਼ਾਦੀ ਨਾਲ ਜੁੜੇ ਹੋਏ ਹਨ। ਜਿਸਨੂੰ ਸ਼੍ਰੀ ਓਬਾਮਾ ਸੰਜੀਦਗੀ ਨਾਲ ਲੈਂਦੇ ਹੋਏ ਲੰਮੇ ਸਮੇਂ ਤੋਂ ਇਹਨਾਂ ਦੋਵਾਂ ਕੌਮਾਂ ਨਾਲ ਹਿੰਦ ਸਰਕਾਰ ਵੱਲੋ ਕੀਤੀਆਂ ਜਾ ਰਹੀਆ ਜਿਆਦਤੀਆਂ, ਜ਼ਬਰ-ਜੁਲਮ ਨੂੰ ਦੂਰ ਕਰਾਉਣ ਤੇ ਇਹਨਾਂ ਦੋਨਾਂ ਕੌਮਾਂ ਨੂੰ ਆਜ਼ਾਦ ਕਰਾਉਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ।