ਲੁਧਿਆਣਾ – ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੱਕੀ ਵਿਗਿਆਨੀ ਡਾ. ਬਲਦੇਵ ਸਿੰਘ ਢਿੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਹਨ। ਨਿਯੁਕਤੀ ਦਾ ਇਹ ਫੈਸਲਾ ਚੰਡੀਗੜ ਵਿਖੇ ਪੀ.ਏ.ਯੂ. ਪ੍ਰਬੰਧਕੀ ਬੋਰਡ ਨੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ. ਐਸ. ਸੀ. ਅਗਰਵਾਲ ਦੀ ਪ੍ਰਧਾਨਗੀ ਹੇਠ ਅੱਜ ਹੀ ਬਾਅਦ ਦੁਪਿਹਰ ਕੀਤਾ ਹੈ। ਡਾ. ਢਿੱਲੋਂ ਨੇ ਖਾਲਸਾ ਕਾਲਜ ਅਮ੍ਰਿਤਸਰ ਤੋਂ ਬੀ.ਐਸ.ਸੀ. ਖੇਤੀਬਾੜੀ ਕਰਨ ਉਪਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਐਮ.ਐਸ.ਸੀ ਦੀ ਡਿਗਰੀ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਅੰਤਰਰਾਸ਼ਟਰੀ ਮੱਕੀ ਅਤੇ ਕਣਕ ਖੋਜ ਕੇਂਦਰ ਸਿਮਟ ਤੋਂ ਸਿਖਲਾਈ ਪ੍ਰਾਪਤ ਡਾ. ਢਿੱਲੋਂ ਭਾਰਤ ਸਰਕਾਰ ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਅਸਿਟੈਂਟ ਡਾਇਰੈਕਟਰ ਜਨਰਲ, ਭਾਰਤ ਸਰਕਾਰ ਵਿਚ ਨੈਸ਼ਨਲ ਬਿਊਰੋ ਆਫ ਪਲਾਂਟ ਜੈਨੇਟਿਕ ਰਿਸੋਰਸਸ ਦੇ ਪਹਿਲੇ ਡਾਇਰੈਕਟਰ ਬਣੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਲੰਮਾ ਸਮਾਂ ਖੋਜ ਕਾਰਜ ਕਰਨ ਉਪਰੰਤ ਉਹ ਇਥੇ ਹੀ ਨਿਰਦੇਸ਼ਕ ਖੋਜ ਵਜੋਂ ਇਥੋਂ ਹੀ ਸੇਵਾ ਮੁਕਤ ਹੋਏ। ਅੱਜ ਕਲ ਆਪ ਜਰਮਨੀ ਸਥਿਤ ਮੱਕੀ ਸੰਬੰਧੀ ਬਾਇਓਟੈਕਨਾਲੋਜੀ ਕੇਂਦਰ ਵਿਖੇ ਉਚੇਰੀ ਪਦਵੀ ਤੇ ਸੁਸ਼ੋਭਤ ਹਨ। ਡਾ. ਢਿੱਲੋ 340 ਤੋਂ ਵੱਧ ਖੋਜ ਪੱਤਰ ਅਤੇ ਹੋਰ ਅਨੇਕਾਂ ਪ੍ਰਕਾਸ਼ਨਾਵਾਂ ਲਿਖ ਚੁੱਕੇ ਹਨ। ਸਿਰੜੀ, ਸਿਦਕੀ ਅਤੇ ਸਿਆਣਪ ਦੇ ਮੁਜਸਮੇ ਵਜੋਂ ਜਾਣੇ ਜਾਂਦੇ ਡਾ. ਬਲਦੇਵ ਸਿੰਘ ਢਿੱਲੋਂ ਹੁਣ ਤੀਕ ਕਈ ਅੰਤਰਰਾਸ਼ਟਰੀ ਸੰਸਥਾਵਾਂ ਵਲੋਂ ਸਨਮਾਨ ਹਾਸਲ ਕਰਨ ਤੋਂ ਬਿਨਾਂ ਖੇਤੀਬਾੜੀ ਖੋਜ ਲਈ ਸਭ ਤੋਂ ਵੱਡਾ ਇਨਾਮ ਰਫੀ ਅਹਿਮਦ ਕਿਦਵਈ ਪੁਰਸਕਾਰ ਵੀ ਹਾਸਲ ਕਰ ਚੁੱਕੇ ਹਨ। ਡਾ. ਢਿੱਲੋਂ ਅਮ੍ਰਿਤਸਰ ਜਿਲੇ ਦੀ ਤਰਨਤਾਰਨ ਤਹਿਸੀਲ (ਹੁਣ ਜਿਲਾ) ਦੇ ਪਿੰਡ ਦੋਬੁਰਜੀ ਦੇ ਵੈਟਨਰੀ ਡਾਕਟਰ ਬਖਸ਼ੀਸ਼ ਸਿੰਘ ਦੇ ਘਰ ਮਾਤਾ ਹਰਭਜਨ ਕੌਰ ਦੀ ਕੁੱਖੋਂ ਪੈਦਾ ਹੋਏ। ਡਾ. ਢਿੱਲੋਂ ਦੀ ਇਸ ਨਿਯੁਕਤੀ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਜਥੇਬੰਦੀ ਦੇ ਪ੍ਰਧਾਨ ਹਰਮੀਤ ਸਿੰਘ ਕਿੰਗਰਾ ਅਤੇ ਜਨਰਲ ਸਕਤਰ ਡਾ. ਕਮਲਦੀਪ ਸਿੰਘ ਸੰਘਾ ਤੋਂ ਇਲਾਵਾ ਪੀ.ਏ.ਯੂ.ਕਰਮਚਾਰੀਆਂ ਦੇ ਪ੍ਰਧਾਨ ਸ੍ਰੀ.ਹਰਬੰਸ ਸਿੰਘ ਮੂੰਡੀ ਅਤੇ ਜਨਰਲ ਸਕਤਰ ਸ੍ਰੀ ਅਵਿਨਾਸ਼ ਸ਼ਰਮਾ ਤੋਂ ਇਲਾਵਾ ਯੂਨੀਵਰਸਿਟੀ ਦੇ ਸੇਵਾ ਮੁਕਤ ਵਿਗਿਆਨੀਆਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੇ ਵੀ ਭਰਪੂਰ ਸੁਆਗਤ ਕੀਤਾ ਹੈ।
ਅੰਤਰਰਾਸ਼ਟਰੀ ਮੱਕੀ ਵਿਗਿਆਨੀ ਡਾ. ਬਲਦੇਵ ਸਿੰਘ ਢਿੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਹੋਣਗੇ
This entry was posted in ਪੰਜਾਬ.