ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਿੰਦ ਦੇ ਵਜ਼ੀਰ ਏ ਆਜਿਮ, ਸੁਪਰੀਮ ਕੋਰਟ ਅਤੇ ਸੂਬਿਆਂ ਦੀਆਂ ਹਾਈ ਕੋਰਟਾਂ ਦੇ ਸਮੁੱਚੇ ਜੱਜਾਂ, ਕੇਦਰੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਦੇ ਵਜ਼ੀਰਾਂ, ਚੇਅਰਮੈਨਾਂ ਅਤੇ ਸਮੁੱਚੇ ਸਿਆਸਤਦਾਨਾਂ ਨੂੰ, ਬਣਨ ਜਾ ਰਹੇ ਲੋਕਪਾਲ ਕਾਨੂੰਨ ਦੇ ਅਧੀਨ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਮਰਹੂਮ ਇੰਦਰਾ ਗਾਂਧੀ, ਰੂਸ ਦੀ ਖੁਫੀਆ ਏਜੰਸੀ ਕੇ ਜੀ ਬੀ ਤੋ ਗੁਪਤ ਤੌਰ ‘ਤੇ ਧਨ-ਦੌਲਤਾਂ ਪ੍ਰਾਪਤ ਕਰਕੇ ਹਿੰਦ ਦੀ ਵਿਦੇਸ਼ੀ, ਮਾਲੀ, ਘਰੇਲੂ ਅਤੇ ਰੱਖਿਆ ਸਬੰਧੀ ਨੀਤੀਆਂ ਨੂੰ ਕਮਿਊਨਿਸਟਾਂ ਦੇ ਆਦੇਸ਼ਾਂ ਉੱਤੇ ਅਮਲ ਕਰਦੀ ਰਹੀ ਹੈ। ਇਸੇ ਤਰ੍ਹਾ ਮੋਰਾਰਜੀ ਦੇਸਾਈ ਵੀ ਸੀ ਆਈ ਏ ਨੂੰ ਸੂਚਨਾਵਾਂ ਭੇਜਦੇ ਰਹੇ ਹਨ ਅਤੇ ਇਵਜ਼ਾਨੇ ਵਜੋਂ ਅਮਰੀਕਾ ਦੀ ਏਜੰਸੀ ਤੋ ਮੋਟੀਆਂ ਰਕਮਾਂ ਪ੍ਰਾਪਤ ਕਰਦੇ ਰਹੇ ਹਨ। ਉਪਰੋਕਤ ਦੋਵੇ ਹਿੰਦ ਦੇ ਵਜ਼ੀਰ ਏ ਆਜਿਮਾਂ ਦੇ ਇਹ ਕਾਲੇ ਕਾਰਨਾਮੇ ਕ੍ਰਿਸਟੋਫਰ ਐਡੀਰੀਓ ਅਤੇ ਵੇਸੀਲੀ ਮਿਟਰੋਖਿਨ ਨਾਮ ਦੇ ਮਸ਼ਹੂਰ ਲੇਖਕਾਂ ਵੱਲੋ ਲਿਖੀ ਗਈ ਕਿਤਾਬ “ਦ ਮਿਟਰੋਖਿਨ ਅਚੀਵ –2” ਵਿੱਚ ਰਿਕਾਰਡ ਹੈ। ਇਸੇ ਤਰ੍ਹਾ ਸ਼੍ਰੀ ਮੋਰਾਰਜੀ ਦੇਸਾਈ ਦਾ ਅਮਰੀਕਾ ਦੀ ਏਜੰਸੀ ਦਾ ਮੁੱਖਬਰ ਹੋਣ ਦੀ ਗੱਲ ਮਸ਼ਹੂਰ ਪੁਲੀਟਜ਼ਰ ਇਨਾਮ ਜੇਤੂ ਪੱਤਰਕਾਰ ਸਿਓਮਰ ਐਮ ਹਰਸ਼ ਨੇ ਆਪਣੇ ਵੱਲੋ ਲਿਖੀ ਕਿਤਾਬ ਵਿੱਚ ਇਸ ਸੱਚਾਈ ਨੂੰ ਉਜਾਗਰ ਕੀਤਾ ਹੈ। ਉਸਦਾ ਕਤਲ ਵੀ ਹੁਕਮਰਾਨਾਂ ਦੇ ਸ਼ਾਜਿਸੀ ਦਿਮਾਗਾਂ ਦੀ ਦੇਣ ਸੀ। ਸ: ਮਾਨ ਨੇ ਕਿਹਾ ਜਦੋ ਬੀਤੇ ਸਮੇ ਦੇ ਹਿੰਦ ਦੇ ਰਹਿ ਚੁੱਕੇ ਵਜ਼ੀਰ ਏ ਆਜਿਮ ਅਜਿਹੀਆਂ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਕਾਰਵਾਈਆਂ ਵਿੱਚ ਮਸ਼ਰੂਫ ਸਨ ਤਾਂ ਹਿੰਦ ਦੇ ਵਜ਼ੀਰ ਏ ਆਜਿਮ ਨੂੰ ਲੋਕਪਾਲ ਕਾਨੂੰਨ ਦੇ ਘੇਰੇ ਵਿੱਚੋ ਬਾਹਰ ਰੱਖਣ ਦੀ ਮੰਗ ਕਿਸ ਦਲੀਲ ‘ਤੇ ਕੀਤੀ ਜਾ ਰਹੀ ਹੈ?
ਸ: ਮਾਨ ਨੇ ਇਸ ਗੱਲ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਵੀ ਵਜ਼ੀਰ ਏ ਆਜਿਮ ਦੇ ਅਹੁਦੇ ਨੂੰ ਲੋਕਪਾਲ ਦੇ ਘੇਰੇ ਤੋ ਬਾਹਰ ਰੱਖਣ ਦੀ ਮੰਗ ਇਸ ਕਰਕੇ ਕਰ ਰਹੇ ਹਨ ਕਿਉਕਿ ਉਨ੍ਹਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੋਣ ਜਾ ਰਹੀ ਕਰਾਰੀ ਹਾਰ ਦਾ ਡੂੰਘਾ ਗਿਆਨ ਹੈ। ਇਸ ਲਈ ਹੀ ਡਾ: ਮਨਮੋਹਨ ਸਿੰਘ ਨਾਲ ਹੋਏ ਕਿਸੇ ਗੁਪਤ ਸੌਦੇਬਾਜ਼ੀ ਵਿੱਚ ਘਿਰੇ ਹੋਏ ਹੀ ਡਾ: ਮਨਮੋਹਨ ਸਿੰਘ ਦੀ ਵਜ਼ੀਰ ਏ ਆਜਿ਼ਮ ਦੀ ਕੁਰਸੀ ਨੂੰ ਲੋਕਪਾਲ ਦੇ ਘੇਰੇ ਤੋ ਬਾਹਰ ਰੱਖਣ ਦੀ ਮੰਗ ਕਰਕੇ ਉਨ੍ਹਾ ਨੂੰ ਖੂਸ਼ ਕਰਨ ਦੀ ਅਸਫਲ ਕੌਸਿਸ਼ ਕਰ ਰਹੇ ਹਨ। ਉਨ੍ਹਾ ਕਿਹਾ ਕਿ ਬਾਬਾ ਰਾਮਦੇਵ ਜਾਂ ਅੰਨਾ ਹਜ਼ਾਰ ਵਰਗੇ ਆਗੂ ਰਿਸ਼ਵਤਖੋਰੀ ਨੂੰ ਖਤਮ ਕਰਨ ਜਾਂ ਵਿਦੇਸ਼ੀ ਬੈਕਾਂ ਵਿੱਚ ਜਮ੍ਹਾ ਕਰੋੜਾਂ-ਅਰਬਾਂ ਰੁਪਏ ਦੇ ਕਾਲੇ ਧਨ ਨੂੰ ਵਾਪਿਸ ਮੰਗਵਾਉਣ ਲਈ ਸੁਹਿਰਦਤਾ ਘੱਟ ਹੈ ਲੇਕਿਨ ਇਨ੍ਹਾ ਸਮਾਜਿਕ ਮੁੱਦਿਆਂ ਦੀ ਆੜ ਵਿੱਚ ਸਿਆਸੀ ਤੌਰ ‘ਤੇ ਉਭਰਨ ਦੀ ਲਾਲਸਾ ਵਧੇਰੇ ਜਾਪਦੀ ਹੈ। ਇਸ ਲਈ ਹੀ ਬਾਬਾ ਰਾਮਦੇਵ ਅਤੇ ਸ਼੍ਰੀ ਅੰਨਾ ਹਜ਼ਾਰੇ ਵੱਲੋ ਵਿੱਢੇ ਸੰਘਰਸ਼ ਅੱਜ ਇੱਕ “ਤਮਾਸ਼ਾ” ਬਣ ਕੇ ਰਹਿ ਗਏ ਹਨ ਅਤੇ ਇਹ ਆਗੂ ਆਪੋ ਆਪਣੇ ਸਮਾਜਿਕ ਮਿਸ਼ਨਾਂ ਤੋ ਥਿੜਕ ਚੁੱਕੇ ਹਨ।
ਸ: ਮਾਨ ਨੇ ਇੱਕ ਵੱਖਰੇ ਬਿਆਨ ਵਿੱਚ ਇਸ ਗੱਲ ‘ਤੇ ਡੂੰਘਾ ਅਫਸੋਸ ਅਤੇ ਦੁੱਖ ਪ੍ਰਗਟ ਕੀਤਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਜਦੋ ਦੁਨਿਆਵੀਂ ਲਾਲਸਾਵਾਂ ਤੋ ਉਪਰ ਉੱਠ ਕੇ ਸੱਚਾਈ ਨੂੰ ਉਜਾਗਰ ਕਰਨ ਵਾਲੇ ਅਤੇ ਆਪਣੀ ਡਿਊਟੀ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਪੂਰਨ ਕਰਨ ਵਾਲੇ ਪੱਤਰਕਾਰਾਂ ਦੀ ਵੱਡੀ ਘਾਟ ਹੈ। ਉਦੋ ਸ਼੍ਰੀ ਜੇ.ਡੇਅ ਵਰਗੇ ਇਮਾਨਦਾਰ ਪੱਤਰਕਾਰ ਨੂੰ ਬੰਬੇ ਵਿੱਚ ਅਤੇ ਪਾਕਿਸਤਾਨ ਵਿੱਚ ਸ਼੍ਰੀ ਸਈਅਦ ਸਲੀਮ ਸ਼ਹਿਜਾਦ ਦੇ ਕਤਲ ਕਰਨ ਦੀ ਕਾਰਵਾਈ ਹੁਕਮਰਾਨਾਂ ਦੇ ਮੱਥੇ ਉੱਤੇ ਕਾਲਾ ਧੱਬਾ ਹੈ। ਉਨ੍ਹਾ ਕਿਹਾ ਕਿ ਅਜਿਹੇ ਕਤਲ ਅਕਸਰ ਹੀ ਤਾਨਾਸ਼ਾਹ ਹਕੂਮਤਾਂ ਅਤੇ ਉਨ੍ਹਾ ਦੇ ਪਾਲੇ ਹੋਏ ਗੈਰ ਕਾਨੂੰਨੀ ਅਨਸਰਾਂ ਤੋ ਇਲਾਵਾ ਕੋਈ ਨਹੀਂ ਕਰਵਾ ਸਕਦਾ। ਉਨ੍ਹਾ ਕਿਹਾ ਕਿ ਮਰਹੂਮ ਰਾਜੀਵ ਗਾਂਧੀ ਦੀ ਹਕੂਮਤ ਸਮੇ ਦਿੱਲੀ ਵਿਖੇ ਸ਼੍ਰੀ ਧੀਰੇਨ ਭਗਤ ਨਾਮ ਦੇ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਸੀ। ਅੱਜ ਤੱਕ ਉਸਦੇ ਕਾਤਿਲਾਂ ਦੀ ਕੋਈ ਵੀ ਉੱਘ ਸੁੱਘ ਨਹੀਂ ਮਿਲੀ ਅਤੇ ਨਾ ਹੀ ਮੁਲਕ ਦੇ ਪੱਤਰਕਾਰ ਭਰਾਵਾਂ ਦੇ ਸਮੂਹ ਵੱਲੋ ਇਸ ਸ਼੍ਰੀ ਭਗਤ ਦੇ ਕਾਤਿਲਾਂ ਨੂੰ ਸਾਹਮਣੇ ਲਿਆਉਣ ਅਤੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਕੋਈ ਕਾਰਵਾਈ ਹੋਈ ਹੈ, ਜੋ ਅਤਿ ਮੰਦਭਾਗੀ ਅਤੇ ਨਮੌਸ਼ੀ ਵਾਲਾ ਵਰਤਾਰਾ ਹੈ। ਸ: ਮਾਨ ਨੇ ਇਮਾਨਦਾਰ ਅਪਰਾਧਿਕ ਕੇਸਾਂ ਦੇ ਰਿਪੋਟਰ ਸ਼੍ਰੀ ਜੇ.ਡੇਅ ਅਤੇ ਪਾਕਿਸਤਾਨੀ ਪੱਤਰਕਾਰ ਸਈਅਦ ਸਲੀਮ ਸ਼ਹਿਜਾਦ ਦੇ ਹੋਏ ਕਤਲਾਂ ਉੱਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ, ਉਨ੍ਹਾ ਦੇ ਪਰਿਵਾਰਿਕ ਮੈਬਰਾਂ ਨਾਲ ਜਿੱਥੇ ਡੂੰਘੀ ਹਮਦਰਦੀ ਪ੍ਰਗਟ ਕੀਤੀ, ਉੱਥੇ ਹਿੰਦ ਅਤੇ ਪਾਕਿਸਤਾਨ ਦੇ ਪੱਤਰਕਾਰ ਸਮੂਹ ਭਾਈਚਾਰੇ ਨੂੰ ਆਪਣੀਆਂ ਜਿ਼ੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਿਭਾਉਣ ਦੀ ਅਪੀਲ ਵੀ ਕੀਤੀ। ਉਨ੍ਹਾ ਕਿਹਾ ਕਿ ਅਜਿਹਾ ਕਰਕੇ ਹੀ ਪੱਤਰਕਾਰ ਭਰਾ ਉਨ੍ਹਾ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕਦੇ ਹਨ ਅਤੇ ਮਨੁੱਖਤਾ ਦੀ ਸੇਵਾ ਕਰਨ ਵਿੱਚ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕਦੇ ਹਨ।