ਚੰਡੀਗੜ੍ਹ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ: ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਬਤੌਰ ਉਪ ਮੁੱਖ ਮੰਤਰੀ ਪੰਜਾਬ ਦੀ ਸਹੁੰ ਚੁੱਕਣ ਦੀ ਹੋਣ ਜਾ ਰਹੀ ਗੈਰ ਇਖਲਾਕੀ, ਗੈਰ ਸਮਾਜਿਕ ਕਾਰਵਾਈ ਉੱਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਸਿਆਸੀ ਅਤੇ ਇਖਲਾਕੀ ਕਦਰਾਂ ਕੀਮਤਾਂ ਦਾ ਜਨਾਜਾ ਕੱਢ ਕੇ ਅਤੇ ਟਕਸਾਲੀ ਬਜ਼ੁਰਗ ਆਗੂਆਂ ਦੀਆਂ ਲੰਮੀਆਂ ਅਣਥੱਕ ਸੇਵਾਵਾਂ ਅਤੇ ਭਾਵਨਾਵਾਂ ਦਾ ਕਤਲ ਕਰਕੇ ਜੋ ਗੈਰ-ਤਜਰਬੇਕਾਰ, ਅੱਲੜ੍ਹ ਸੁਖਬੀਰ ਬਾਦਲ ਨੂੰ ਇਹ ਨਾਦਰਸ਼ਾਹੀ ਹੁਕਮਾਂ ਰਾਹੀਂ ਗੱਦੀ ਨਸ਼ੀਨ ਕੀਤਾ ਜਾ ਰਿਹਾ ਹੈ, ਇਸ ਨਾਲ ਬਾਦਲ ਦੇ ਪਰਿਵਾਰਿਕ ਕਬਜ਼ੇ ਦੀ ਸਮਾਜ ਵਿਰੋਧੀ ਸੋਚ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਰਹੀ ਹੈ। ਕਿਉਂਕਿ ਦੁਨੀਆ ਦੀਆ ਹਕੂਮਤਾਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਸ ਵੀ ਹਾਕਮ ਬਾਦਸ਼ਾਹ ਨੇ ਆਪਣੀ ਰਾਜਸੀ ਸਕਤੀ ਨੂੰ ਸਮੁੱਚੀ ਮਨੁੱਖਤਾ ਦੀ ਭਲਾਈ ਤੋਂ ਮੂੰਹ ਮੋੜ ਕੇ ਆਪਣੇ ਪਰਿਵਾਰ ਤੱਕ ਸੀਮਤ ਰੱਖਣ ਦੀ ਗੁਸਤਾਖੀ ਕੀਤੀ ਹੈ, ਉਸ ਨੇ ਆਪਣੀ ਸਿਆਸੀ ਮੌਤ ਦੀ ਕਬਰ ਖੁੱਦ ਖੋਦੀ ਹੈ।
ਉਹਨਾਂ ਕਿਹਾ ਕਿ ਜੋ ਇਸ ਬਾਦਲ ਪਰਿਵਾਰ ਨੇ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਹੁੰ ਚੁੱਕਣ ਦਾ ਹੇ ਜਾਗਿਆ ਹੈ, ਇਹ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲਾ ਇੱਕ ਸਿਆਸੀ ਡਰਾਮੇ ਤੋਂ ਵੱਧ ਕੁਝ ਨਹੀਂ। ਉਹਨਾਂ ਕਿਹਾ ਕਿ ਜੇਕਰ ਇਹਨਾਂ ਨੂੰ ਅੰਮ੍ਰਿਤਸਰ ਦੀ ਪਵਿੱਤਰ ਤੇ ਇਤਿਹਾਸਿਕ ਧਰਤੀ ਦਾ ਅਸਲੀਅਤ ਵਿੱਚ ਸਤਿਕਾਰ ਤੇ ਪਿਆਰ ਹੁੰਦਾ ਤਾਂ ਇਹ ਆਪਣੇ ਸਿਆਸੀ ਮੁੱਖ ਦਫਤਰ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਚੰਡੀਗੜ੍ਹ ਨਾ ਲਿਆਉਂਦੇ ਅਤੇ ਆਪਣੇ ਧਾਰਮਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਰਮਿਕ ਕਾਰਵਾਈਆਂ ਲਈ ਆਰ ਐਸ ਐਸ ਦੇ ਮੁੱਖ ਹੈਡ ਕੁਆਰਟਰ ਨਾਗਪੁਰ ਤੋਂ ਹਦਾਇਤਾਂ ਲੈ ਕੇ ਕਦੀ ਨਾ ਕਰਦੇ। ਜੋ ਕਿ ਨਿਰੰਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਗਪੁਰ ਤੋਂ ਹੀ ਹਦਾਇਤਾਂ ਆ ਰਹੀਆਂ ਹਨ। ਹਾਈਕੋਰਟ ਵਿੱਚ “ਸਹਿਜਧਾਰੀ” ਦੇ ਮੁੱਦੇ ਤੇ ਆਖਰੀ ਪਲਾਂ ਵਿੱਚ ਉਸਦੇ ਅਰਥਾਂ ਤੇ ਸ਼ਬਦਾਵਲੀ ਨੂੰ ਤਬਦੀਲ ਕਰਕੇ ਸਿੱਖ ਕੌਮ ਦੀ ਸਮੁੱਚੇ ਸੰਸਾਰ ਵਿੱਚ ਹੇਠੀ ਨਾ ਕਰਵਾਉਂਦੇ।
ਇਸ ਲਈ ਅੰਮ੍ਰਿਤਸਰ ਦੇ ਸਥਾਨ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਕਾਰਵਾਈ, ਮਾਤਾ ਸੁਰਿੰਦਰ ਕੌਰ ਬਾਦਲ ਵੱਲੋਂ ਲੰਗਰ ਇਕੱਤਰ ਕਰਨ ਅਤੇ ਬੀਬਾ ਹਰਸਿਮਰਤ ਬਾਦਲ ਵੱਲੋਂ ਨੰਨ੍ਹੀ ਛਾਂ ਦੇ ਨਾਮ ਹੇਠ ਭਰੂਣ ਹੱਤਿਆ ਵਿਰੁੱਧ ਕੀਤੇ ਜਾ ਰਹੇ ਸਿਆਸੀ ਡਰਾਮੇ ਕੇਵਲ ਤੇ ਕੇਵਲ ਸਿੱਖ ਕੌਮ ਅਤੇ ਪੰਜਾਬੀਆਂ ਵਿੱਚ ਆਪਣੀ ਡਿੱਗਦੀ ਜਾ ਰਹੀ ਸਾਖ ਨੂੰ ਬਚਾਉਣ ਦਾ ਇੱਕ ਤਰਲਾ ਹੈ, ਜਿਸ ਵਿੱਚ ਬਾਦਲ ਪਰਿਵਾਰ ਕਾਮਯਾਬ ਨਹੀਂ ਹੋਵੇਗਾ। ਕਿਉਂਕਿ ਜਿਸਨੇ ਉਸ ਅਕਾਲ ਪੁਰਖ ਵੱਲ ਪਿੱਠ ਕਰ ਲਈ ਹੋਵੇ, ਉਸਨੂੰ ਬਚਾਉਣ ਵਾਲੀ ਕੋਈ ਵੀ ਦੁਨੀਆ ਦੀ ਤਾਕਤ ਬਾਕੀ ਨਹੀਂ ਰਹਿ ਜਾਂਦੀ। ਇਸ ਪਰਿਵਾਰਕ ਸੋਚ ਵਾਲਿਆਂ ਦਾ ਅੰਤ ਆਉਣ ਵਾਲੇ ਸਮੇਂ ਵਿੱਚ ਹੋ ਕੇ ਰਹੇਗਾ।