ਅੰਮ੍ਰਿਤਸਰ – ਦੇਸ਼-ਵਿਦੇਸ਼ਾਂ ‘ਚ ਸਿੱਖਾਂ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਸੁਹਿਰਦਤਾ ਨਾਲ ਯਤਨਸ਼ੀਲ ਰਹੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਲੀ ਦੀ ਤਿਹਾੜ ਜੇਲ੍ਹ ‘ਚ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ-ਮੁਆਫ਼ੀ ਲਈ ਸਿੱਖ ਜਗਤ ਦੀ ਪ੍ਰਤੀਨਿੱਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ 20 ਜੂਨ ਨੂੰ ਪੰਜਾਬ ਦੇ ਗਵਰਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੁੰ ਭੇਜੇ ਜਾਣ ਵਾਲੇ ਮੈਮੋਰੰਡਮ ਦੀ ਤਿਆਰੀ ਲਈ ਪੰਜਾਬ ਦੇ ਵੱਖ-ਵੱਖ ਨਗਰਾਂ ‘ਚ ਧਾਰਮਿਕ ਸਭਾ ਸੁਸਾਇਟੀਆਂ ਦੇ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਕੌਮੀ-ਕਾਰਜ ਦੀ ਸਫ਼ਲਤਾ ਲਈ ਗਵਰਨਰ ਨੂੰ ਮੈਮੋਰੰਡਮ ਦੇਣ ਉਪਰੰਤ ਇੱਕ ਵੱਡੀ ਲੋਕ ਲਹਿਰ ਆਰੰਭ ਕੀਤੀ ਜਾ ਰਹੀ ਹੈ, ਜੋ ਸਮੂੰਹ ਧਾਰਮਿਕ ਸਭਾ-ਸੁਸਾਇਟੀਆਂ ਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦਸਤਖ਼ਤੀ ਮੁਹਿੰਮ ਦੇ ਰੂਪ ਵਿੱਚ ਹੋਵੇਗੀ। ਉਨ੍ਹਾਂ ਦੱਸਿਆ ਕਿ ਕਰੋੜਾਂ ਦੀ ਗਿਣਤੀ ‘ਚ ਸੰਗਤਾਂ ਦੇ ਦਸਤਖ਼ਤ ਕਰਵਾ ਕੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਸਕੇ ਕਿ ਨਿਆਂ-ਪਸੰਦ ਸਿੱਖ ਪ੍ਰੋਫ਼ੈਸਰ ਭੁੱਲਰ ਦੀ ਸਜ਼ਾ-ਮੁਆਫ਼ੀ ਲਈ ਕਿੰਨੇ ਚਿੰਤਤ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪੰਜਾਬ ਦੇ ਵਿਧਾਇਕਾਂ ਦੇ ਸਹਿਯੋਗ ਨਾਲ ਪੰਜਾਬ ਦੇ ਸਮੂੰਹ ਪਿੰਡਾਂ ਦੀਆਂ ਪੰਚਾਇਤਾਂ ਪਾਸੋਂ ਪ੍ਰੋਫ਼ੈਸਰ ਭੁੱਲਰ ਦੀ ਸਜ਼ਾ-ਮੁਆਫ਼ੀ ਲਈ ਮਤੇ ਵੀ ਪਾਸ ਕਰਵਾ ਕੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ ਅਤੇ ਪ੍ਰੋਫ਼ੈਸਰ ਭੁੱਲਰ ਦੇ ਕੇਸ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਾ ਤਾਣ ਲਾ ਦੇਵੇਗੀ।