ਵਾਸਿੰਗਟਨ – ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਆਪਣੀ ਨਵੀਂ ਰਿਪੋਰਟ ਵਿੱਚ ਕਿਹਾ ਹੈ ਕਿ ਵਿਸ਼ਵ ਅਰਥਵਿਵਸਥਾ ਨੂੰ ਖਤਰਾ ਵੱਧ ਗਿਆ ਹੈ। ਇਸ ਲਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਰੁਜਗਾਰ ਅਤੇ ਵਿਕਾਸ ਦੇ ਸਾਧਨ ਵਧਾਉਣ ਲਈ ਸਖਤ ਨੀਤੀਆਂ ਬਣਾਉਣੀਆਂ ਹੋਣਗੀਆਂ।
ਆਈਐਮਐਫ਼ ਦਾ ਕਹਿਣਾ ਹੈ ਕਿ ਆਰਥਿਕ ਵਿਕਾਸ ਦੀ ਦਰ ਘੱਟ ਰਹੀ ਹੈ। ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਅਜੇ ਆਰਥਿਕ ਵਿਵਸਥਾ ਦੇ ਵਿਕਾਸ ਦਰ ਘੱਟਣ ਦੀ ਰਫ਼ਤਾਰ ਬਹੁਤ ਹੌਲੀ ਹੈ ਅਤੇ ਅਸਥਾਈ ਹੈ ਪਰ ਖਤਰੇ ਵੱਧੇ ਹਨ। ਮੁਦਰਾ ਕੋਸ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵੀ ਅਜੇ ਮੰਦੀ ਦੀ ਦਲਦਲ ਵਿਚੋਂ ਨਿਕਲ ਨਹੀਂ ਰਿਹਾ ਅਤੇ ਯੌਰਪ ਵਿੱਚ ਵੀ ਇਹ ਸਮੱਸਿਆ ਵੱਧ ਰਹੀ ਹੈ। ਇਨ੍ਹਾਂ ਸਮੱਸਿਆਵਾਂ ਕਰਕੇ ਬੈਂਕਾਂ ਅਤੇ ਵਪਾਰਿਕ ਸੰਸਥਾਵਾਂ ਲਈ ਕਰਜ਼ਾ ਲੈਣਾ ਔਖਾ ਹੋ ਗਿਆ ਹੈ। ਇਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚ ਨਿਵੇਸ਼ ਵਿੱਚ ਕਟੌਤੀ ਹੋ ਸਕਦੀ ਹੈ। ਅਮਰੀਕਾ ਅਤੇ ਜਪਾਨ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਸਰਕਾਰੀ ਅਰਥਵਿਵਸਥਾ ਨੂੰ ਠੀਕ ਕਰਨ। ਕੁਝ ਦੇਸ਼ਾਂ ਨੇ ਆਪਣੀਆਂ ਵਿਆਜ ਦਰਾਂ ਵਧਾਈਆਂ ਹਨ। ਜੋ ਦੇਸ਼ ਅਰਥਵਿਵਸਥਾ ਨੂੰ ਸੁਧਾਰਨ ਵਿੱਚ ਦੇਰ ਕਰਨਗੇ ਉਨ੍ਹਾਂ ਨੂੰ ਮੰਦੀ ਦਾ ਜਿਆਦਾ ਸਾਹਮਣਾ ਕਰਨਾ ਪੈ ਸਕਦਾ ਹੈ।