ਤਿਹਗੜ੍ਹ ਸਾਹਿਬ :- “ਜਨੇਵਾ ਕਨਵੈਨਸ਼ਨ ਦੇ ਕੌਮਾਂਤਰੀ ਨਿਯਮ ਅਤੇ ਸਿੱਖ ਕੌਮ ਦੇ “ਜੰਗਨਾਮੇ” ਦੇ ਅਸੂਲ ਕਿਸੇ ਵੀ ਨਿਹੱਥੇ, ਬੇਕਸੂਰ ਨੂੰ ਸਰੀਰਿਕ ਤੌਰ ‘ਤੇ ਖਤਮ ਕਰਨ ਦੀ ਇਜ਼ਾਜਤ ਨਹੀਂ ਦਿੰਦੇ। ਲੇਕਿਨ ਅਮਰੀਕਾ ਅਤੇ ਉਸਦੇ ਸਾਥੀ ਨਾਟੋ ਮੁਲਕ ਡਰੋਨਜ਼ ਜਹਾਜ ਹਮਲਿਆਂ ਰਾਹੀਂ ਅਤੇ ਅਲਕਾਇਦਾ ਵਰਗੇ ਖਾੜਕੂ ਸੰਗਠਨ ਆਪਣੇ “ਆਤਮਘਾਤੀ ਸਕੂਐਡਾਂ” ਰਾਹੀਂ ਨਿਹੱਥੇ ਅਤੇ ਬੇਕਸੂਰਾਂ ਨੂੰ ਨਿੱਤ ਦਿਹਾੜੇ ਵੱਡੀ ਗਿਣਤੀ ਵਿੱਚ ਬੇਰਹਿਮੀ ਨਾਲ ਮਾਰਨ ‘ਤੇ ਲੱਗੇ ਹੋਏ ਹਨ ਅਤੇ ਦੋਵੇ ਹੀ ਮਨੁੱਖਤਾ ਦਾ ਕਤਲੇਆਮ ਕਰਨ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਜਨਾਜ਼ਾ ਕੱਢਣ ਦੇ ਦੋਸ਼ੀ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਦੀ ਮੁਸਲਿਮ ਖਾੜਕੂ ਜਥੇਬੰਦੀ ਅਲਕਾਇਦਾ ਦੇ ਮੁੱਖੀ ਓਸਾਮਾ ਬਿਨ ਲਾਦੇਨ ਦੀ ਹੋਈ ਮੌਤ ਉਪਰੰਤ ਅੱਜ ਸੇਖ ਡਾਕਟਰ ਅਯਮਾਨ ਅਲ ਜਵਾਹਰੀ ਨੂੰ ਅਲਕਾਇਦਾ ਦਾ ਮੁਖੀ ਬਣਨ ਉੱਤੇ ਆਪਣੀ ਮਨੁੱਖਤਾ ਪੱਖੀ ਨੀਤੀ ਦੇ ਵਿਚਾਰ ਪ੍ਰਗਟਾਉਦੇ ਹੋਏ ਕਹੇ। ਉਨ੍ਹਾ ਕਿਹਾ ਕਿ ਅਮਰੀਕਾ ਅਤੇ ਉਸਦੇ ਸਾਥੀ ਨਾਟੋ ਮੁਲਕ ਬੇਸ਼ੱਕ ਦਹਿਸ਼ਤਗਰਦੀ ਵਿਰੁੱਧ ਲੜ ਰਹੇ ਹਨ, ਲੇਕਿਨ ਦਹਿਸ਼ਤਗਰਦੀ ਨੂੰ ਖਤਮ ਕਰਨ ਦੀ ਆੜ ਹੇਠ ਅਫਗਾਨਿਸਤਾਨ, ਪਾਕਿਸਤਾਨ ਦੇ ਸੂਬੇ ਵਜੀਰਿਸਤਾਨ, ਸਵਾਤ ਘਾਟੀ ਅਤੇ ਪਖਤੂਨ ਸੂਬੇ ਵਿੱਚ ਜੋ ਡਰੋਨ ਹਮਲਿਆਂ ਰਾਹੀਂ ਆਮ ਸ਼ਹਿਰੀਆਂ ਨੂੰ ਵੱਡੀ ਗਿਣਤੀ ਵਿੱਚ ਸਮੂਹਿਕ ਤੌਰ ‘ਤੇ ਮਾਰਿਆ ਜਾ ਰਿਹਾ ਹੈ, ਇਹ ਜਨੇਵਾ ਕਨਵੈਨਸ਼ਨ ਅਤੇ ਸਿੱਖ ਕੌਮ ਦੇ ਜੰਗਨਾਮੇ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ ਅਤੇ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਕਾਰਵਾਈ ਹੈ। ਉਨ੍ਹਾ ਕਿਹਾ ਕਿ ਇਸੇ ਤਰ੍ਹਾ ਖਾੜਕੂ ਸੰਗਠਨ ਜੋ ਆਪੋ ਆਪਣੇ ਆਤਮਘਾਤੀ ਦਸਤਿਆਂ ਰਾਹੀਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਬੰਬ ਵਿਸਫੋਟ ਦੀਆਂ ਕਾਰਵਾਈਆਂ ਕਰਕੇ ਆਮ ਲੋਕਾਂ ਨੂੰ ਮਾਰ ਦਿੰਦੇ ਹਨ ਇਹ ਵੀ ਅਣਮਨੁੱਖੀ ਵਰਤਾਰਾ ਹੈ। ਦੋਵਾਂ ਧਿਰਾਂ ਵੱਲੋ ਅਜਿਹੀ ਅਣਮਨੁੱਖੀ ਕਾਰਵਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ। ਜਨੇਵਾ ਕਨਵੈਨਸ਼ਨ ਅਤੇ ਸਿੱਖ ਕੌਮ ਦਾ ਜੰਗਨਾਮਾ ਇਸ ਗੱਲ ਦੀ ਜ਼ੋਰਦਾਰ ਵਕਾਲਤ ਕਰਦੇ ਹਨ ਕਿ ਸਾਨੂੰ ਕਿਸੇ ਵੀ ਇਨਸਾਨ ਦੀ ਜਾਨ ਲੈਣ ਦਾ ਕੋਈ ਕਾਨੂੰਨੀ ਅਤੇ ਇਖਲਾਕੀ ਅਧਿਕਾਰ ਨਹੀ ਹੈ। ਜੇਕਰ ਕੋਈ ਇਨਸਾਨ ਕਾਨੂੰਨ ਦੀ ਨਜ਼ਰ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਕਾਨੂੰਨੀ ਵਿਧੀ ਅਨੁਸਾਰ ਹੀ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਉਸਦੀ ਮੌਤ ਦੇ ਵਾਰੰਟ ਕੱਢ ਦਿੱਤੇ ਜਾਣੇ ਚਾਹੀਦੇ ਹਨ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਅੱਜ ਜਦੋ ਪੂਰੇ ਸੰਸਾਰ ਵਿੱਚ ਸਜ਼ਾ-ਏ-ਮੌਤ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉੱਠ ਰਹੀ ਹੈ ਅਤੇ ਦੁਨੀਆ ਦੇ 135 ਮੁਲਕਾਂ ਨੇ ਆਪੋ-ਆਪਣੀਆਂ ਪਾਰਲੀਮੈਟਾਂ ਵਿੱਚ ਕਾਨੂੰਨ ਪਾਸ ਕਰਕੇ ਸਜ਼ਾ-ਏ-ਮੌਤ ਨੂੰ ਖਤਮ ਕਰ ਦਿੱਤਾ ਹੈ, ਉਸ ਸਮੇ ਵੀ ਨਾਟੋ ਮੁਲਕਾਂ ਅਤੇ ਖਾੜਕੂਆਂ ਵੱਲੋ ਬਦਲੇ ਦੀ ਭਾਵਨਾ ਅਧੀਨ ਮਨੁੱਖਤਾ ਦਾ ਅਜਾਈਂ ਖੂਨ ਵਹਾਉਣ ਦੇ ਕੀਤੇ ਜਾ ਰਹੇ ਅਮਲ ਹੋਰ ਵੀ ਦੁੱਖਦਾਇਕ ਅਤੇ ਅਸਹਿ ਹਨ। ਉਨ੍ਹਾ ਅਮਰੀਕਾ, ਨਾਟੋ ਮੁਲਕਾਂ ਅਤੇ ਕੌਮਾਂਤਰੀ ਖਾੜਕੂ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜੰਗਾਂ-ਯੁੱਧਾਂ ਦੇ ਮਨੁੱਖਤਾ ਵਿਰੋਧੀ ਵਰਤਾਰੇ ਤੋ ਦੂਰ ਰਹਿ ਕੇ ਆਪੋ ਆਪਣੇ ਮਸਲਿਆਂ ਅਤੇ ਸੋਚ ਨੂੰ “ਟੇਬਲ ਟਾਕ (ਆਪਸੀ ਗੱਲਬਾਤ)” ਰਾਹੀਂ ਹੱਲ ਕਰਨ ਦੀ ਜੇਕਰ ਠਾਣ ਲੈਣ ਤਾਂ ਫੌਜਾਂ ਦੇ ਰੱਖ ਰਖਾਓ ਅਤੇ ਹਥਿਆਰਾਂ ਉੱਤੇ ਅਰਬਾਂ-ਖਰਬਾਂ ਖਰਚ ਹੋਣ ਵਾਲੇ ਰੁਪਏ ਨੂੰ ਮਨੁੱਖਤਾ ਦੀ ਬਹਿਤਰੀ ਉੱਤੇ ਲਾਇਆ ਜਾ ਸਕਦਾ ਹੈ ਅਤੇ ਸਮੁੱਚੇ ਸੰਸਾਰ ਵਿੱਚ ਬਰਾਬਰੀ ਵਾਲਾ ਜਮਹੂਰੀਅਤ ਅਤੇ ਅਮਨਮਈ ਮਾਹੌਲ ਸਿਰਜਿਆ ਜਾ ਸਕਦਾ ਹੈ।