ਅੰਮ੍ਰਿਤਸਰ – ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਘੱਟ ਗਿਣਤੀ ਸਿੱਖਾਂ ਨਾਲ ਬੇਇਨਸਾਫ਼ੀ ਤੇ ਸਰਾਸਰ ਧੱਕਾ ਹੈ, ਜਦਕਿ ਇਸ ਕੇਸ ‘ਚ ਫ਼ੈਸਲਾ ਸੁਣਾਉਣ ਵਾਲੇ ਜੱਜਾਂ ਦੀ ਵੀ ਆਪਸੀ ਸਹਿਮਤੀ ਨਹੀਂ ਸੀ। ਬੈਂਚ ਦੇ ਸੀਨੀਅਰ ਜੱਜ ਜਨਾਬ ਐਮ.ਬੀ.ਸ਼ਾਹ ਨੇ ਪ੍ਰੋਫ਼ੈਸਰ ਭੁੱਲਰ ਨੂੰ ਬਰੀ ਕੀਤੇ ਜਾਣ ਲਈ ਕਿਹਾ ਸੀ। ਇਸ ਤੋਂ ਸਪੱਸ਼ਟ ਹੈ ਕਿ ਸਿੱਖਾਂ ਨਾਲ ਇਨਸਾਫ਼ ਦੇ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੋਫ਼ੈਸਰ ਭੁੱਲਰ ਦੀ ਸਜ਼ਾ-ਮੁਆਫ਼ੀ ਲਈ ਸਮੂੰਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ 20 ਜੂਨ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਗਵਰਨਰ ਨੂੰ ਮੈਮੋਰੰਡਮ ਦੇਣ ਲਈ ਭਾਰੀ ਗਿਣਤੀ ‘ਚ ਪੁੱਜ ਰਹੀਆਂ ਸੰਗਤਾਂ ਦੇ ਬੈਠਣ, ਜਲ-ਪਾਣੀ ਤੇ ਲੰਗਰ ਦੇ ਪ੍ਰਬੰਧ ਸਬੰਧੀ ਜਾਇਜ਼ਾ ਲੈਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਇਕੱਤਰਤਾ ਉਪਰੰਤ ਮੀਡੀਏ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਕੇਸ ‘ਚ ਮੁੱਖ ਦੋਸ਼ੀਆਂ ਨੂੰ ਤਾਂ ਬਰੀ ਕਰ ਦਿੱਤਾ ਗਿਆ ਹੈ, ਪਰ ਇਸ ਦੇ ਉਲਟ ਪ੍ਰੋਫ਼ੈਸਰ ਭੁੱਲਰ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਇਸ ਕੇਸ ‘ਚ ਭੁਗਤੇ ਵੱਡੀ ਗਿਣਤੀ ਗਵਾਹਾਂ ‘ਚੋਂ ਕਿਸੇ ਇੱਕ ਨੇ ਵੀ ਉਸ ਵਿਰੁੱਧ ਗਵਾਹੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹਨੇਰ ਕੀ ਹੋ ਸਕਦਾ ਹੈ ਕਿ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਤੀਜੇ ਦਰਜੇ ਦਾ ਅੱਤਿਆਚਾਰ ਕਰਕੇ ਲਏ ਇਕਬਾਲੀਆ ਬਿਆਨ ਪੁਰ ਉਸ ਦੇ ਦਸਤਖ਼ਤ ਹੀ ਨਹੀਂ ਹਨ। ਇੱਕ ਪੜ੍ਹੇ-ਲਿਖੇ ਇਨਸਾਨ ਦਾ ਇਕਬਾਲੀਆ ਬਿਆਨ ‘ਤੇ ਅੰਗੂਠਾ ਪੁਲਿਸ ਦੀ ਇੱਕ-ਪਾਸੜ ਕਾਰਵਾਈ ਤੇ ਧੱਕੇਸ਼ਾਹੀ ਦੀ ਮੂੰਹ ਬੋਲਦੀ ਤਸਵੀਰ ਹੈ।
ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਪ੍ਰਤੀਨਿੱਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਕਮੇਟੀ ਦੇ ਹਰ ਇਜਲਾਸ ‘ਚ ਪ੍ਰੋਫ਼ੈਸਰ ਭੁੱਲਰ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਮਤੇ ਪਾਸ ਕਰਕੇ ਇਨਸਾਫ਼ ਦੀ ਮੰਗ ਕਰਦੀ ਆ ਰਹੀ ਹੈ, ਪਰ ਕਿਉਂਕਿ ਕੇਂਦਰ ਦੀ ਕਾਂਗਰਸ ਸਰਕਾਰ ਪ੍ਰੋਫ਼ੈਸਰ ਭੁੱਲਰ ਨੂੰ ਫ਼ਾਂਸੀ ਦੀ ਸਜ਼ਾ ਦੇਣ ਲਈ ਬਜਿੱਦ ਹੈ। ਇਹੀ ਕਾਰਨ ਹੈ ਕਿ ਸਰਕਾਰੀ ਰੀਪੋਰਟਾਂ ਦੇ ਆਧਾਰਪੁਰ ਹੀ ਦੇਸ਼ ਦੀ ਰਾਸ਼ਟਰਪਤੀ ਨੇ ਪ੍ਰੋਫ਼ੈਸਰ ਭੁੱਲਰ ਦੀ ਸਜ਼ਾ-ਮੁਆਫ਼ੀ ਦੀ ਅਪੀਲ ਰੱਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਭੁੱਲਰ ਨੂੰ ਫ਼ਾਂਸੀ ਹੀ ਸਿੱਖ ਹੋਣ ਕਰਕੇ ਦਿੱਤੀ ਜਾ ਰਹੀ ਹੈ ਜਿਸ ਕਾਰਨ ਸਿੱਖ ਜਗਤ ’ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਸੇ ਲਈ ਸਮੁੱਚੇ ਸਿੱਖ ਜਗਤ ਵੱਲੋਂ ਸਜ਼ਾ-ਮੁਆਫ਼ੀ ਲਈ ਲੋਕ-ਲਹਿਰ ਪ੍ਰਚੰਡ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮੂੰਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੜਾਅ-ਦਰ-ਪੜਾਅ ਵਿੱਢੇ ਸੰਘਰਸ਼ ਅਨੁਸਾਰ 20 ਜੂਨ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਭਾਰੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਇਕੱਤਰ ਹੋਣਗੀਆਂ ਅਤੇ ਅਰਦਾਸ ਉਪਰੰਤ ਪੰਜਾਬ ਦੇ ਗਵਰਨਰ ਨੂੰ ਮੈਮੋਰੰਡਮ ਦਿੱਤਾ ਜਾਵੇਗਾ।
ਇਕੱਤਰਤਾ ‘ਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ: ਦਲਮੇਘ ਸਿੰਘ, ਐਡੀ: ਸਕੱਤਰ ਸ੍ਰ: ਤਰਲੋਚਨ ਸਿੰਘ, ਸ੍ਰ: ਸਤਿਬੀਰ ਸਿੰਘ, ਸ੍ਰ: ਹਰਭਜਨ ਸਿੰਘ, ਸ੍ਰ: ਹਰਜੀਤ ਸਿੰਘ ਤੇ ਸ੍ਰ: ਮਨਜੀਤ ਸਿੰਘ, ਮੀਤ ਸਕੱਤਰ ਸ੍ਰ: ਰਾਮ ਸਿੰਘ, ਸ੍ਰ: ਬਲਵਿੰਦਰ ਸਿੰਘ ਜੋੜਾਸਿੰਘਾ, ਸ੍ਰ: ਕੁਲਦੀਪ ਸਿੰਘ, ਸ੍ਰ: ਮਹਿੰਦਰ ਸਿੰਘ, ਸ੍ਰ: ਅੰਗਰੇਜ਼ ਸਿੰਘ, ਸ੍ਰ: ਦਲਜੀਤ ਸਿੰਘ, ਸ੍ਰ: ਬਲਵੀਰ ਸਿੰਘ, ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ, ਸ੍ਰ: ਬਿਜੈ ਸਿੰਘ ਤੇ ਸ੍ਰ: ਹਰਭਜਨ ਸਿੰਘ ਨੇ ਸ਼ਮੂਲੀਅਤ ਕੀਤੀ।