ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲ ਅਤੇ ਲੰਗਰ ਦੀ ਸੇਵਾ ਦਾ ਆਰੰਭ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਗੁਰਮ ਨੇ ਆਖਿਆ ਕਿ ਭਾਈ ਘਨੱਈਆ ਦੇ ਅਸਲੀ ਵਾਰਿਸ ਅਸੀਂ ਹਾਂ ਜੋ ਹਾੜ ਸਿਆਲ ਜਲ ਦੀ ਸੇਵਾ ਕਰਦਿਆਂ ਉਮਰ ਗੁਜ਼ਾਰਦੇ ਹਾਂ। ਉਨ੍ਹਾਂ ਆਖਿਆ ਕਿ ਅੱਜ ਸਾਰੇ ਪੰਜਾਬ ਵਿਚੋਂ ਜਿਹੜੇ ਵਿਦਿਆਰਥੀ ਪ੍ਰਵੇਸ਼ ਪ੍ਰੀਖਿਆ ਦੇਣ ਆਏ ਹਨ ਉਨ੍ਹਾਂ ਅੰਦਰ ਸੇਵਾ ਭਾਵਨਾ ਦਾ ਜਜ਼ਬਾ ਜਗਾਉਣ ਲਈ ਅਸੀਂ ਇਸ ਦਿਨ ਦੀ ਚੋਣ ਕੀਤੀ ਹੈ। ਲੰਗਰ ਅਤੇ ਛਬੀਲ ਲਗਾਉਣ ਲਈ ਯੂਨੀਵਰਸਿਟੀ ਦੇ ਸਕਿਉਰਿਟੀ ਸਟਾਫ, ਕੰਪਟਰੋਲਰ ਦਫ਼ਤਰ, ਰਜਿਸਟਰਾਰ ਦਫ਼ਤਰ, ਡੀਨ ਪੋਸਟ ਗਰੈਜੂਏਟ ਦਫ਼ਤਰ, ਡੀਨ ਖੇਤੀਬਾੜੀ ਕਾਲਜਦਫ਼ਤਰ ਅਤੇ ਸੰਚਾਰ ਕੇਂਦਰ ਦੇ ਕਰਮਚਾਰੀਆਂ ਨੇ ਆਰਥਿਕ ਸਹਿਯੋਗ ਦਿੱਤਾ। ਜਥੇਬੰਦੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਖੋਸਾ ਦੇ ਸਹਿਯੋਗੀ ਰਣਜੀਤ ਸਿੰਘ ਕੋਟ ਗੰਗੂ ਰਾਏ, ਰਜਿੰਦਰ ਸਿੰਘ ਦੁਸਾਂਝ, ਗੁਰਪ੍ਰੀਤ ਸਿੰਘ, ਮੋਹਣ ਚੰਦ, ਸਵਰਾਜ ਸਿੰਘ, ਗੁਰਮੁਖ ਸਿੰਘ, ਸੁਖ ਰਾਮ ਸਿੰਘ, ਮਲਕੀਤ ਸਿੰਘ, ਜਸਮੇਲ ਸਿੰਘ, ਹਰਜਿੰਦਰ ਸਿੰਘ ਅਤੇ ਸਲੋਚਨ ਸਿੰਘ ਨੇ ਲੰਗਰ ਬਣਾਉਣ ਦੀ ਸੇਵਾ ਨਿਭਾਈ। ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਅਵਿਨਾਸ਼ ਸ਼ਰਮਾ ਨੇ ਇਨ੍ਹਾਂ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਹ ਹਰ ਸਾਲ ਪ੍ਰਵੇਸ਼ ਪ੍ਰੀਖਿਆ ਵਾਲੇ ਦਿਨ ਛਬੀਲ ਅਤੇ ਲੰਗਰ ਦੀ ਰਵਾਇਤ ਜਾਰੀ ਰੱਖਣ। ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਸਹਿਯੋਗ ਦਿੱਤਾ ਜਾਵੇਗਾ।