ਜਲੰਧਰ, ( ਗੁਰਿੰਦਰਜੀਤ ਸਿੰਘ ਪੀਰਜੈਨ) – ਭਾਰਤ ਸਰਕਾਰ ਦੀ ਗੈਰ ਕਾਨੂੰਨੀ ਹਿਰਾਸਤ ਵਿਚ ਬੰਦ ਪ੍ਰੋਫੈਸਰ ਭੁਲਰ ਦੀ ਰਿਹਾਈ ਹਾਸਿਲ ਕਰਨ ਲਈ ਤੇ ਭੁਲਰ ਨੂੰ ਵਾਪਸ ਜਰਮਨੀ ਭੇਜਣ ਜਿਸ ਨੇ ਉਸ ਨੂੰ ਵਾਪਸ ਲੈਣ ਲਈ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਹੈ, ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ 15 ਜੁਲਾਈ 2011 ਤੋਂ “ਨਾਗਰਿਕ ਨਾਫਰਮਾਨੀ ਲਹਿਰ” ਚਲਾਉਣ ਦਾ ਐਲਾਨ ਕੀਤਾ ਹੈ। ਪ੍ਰੋਫੈਸਰ ਭੁਲਰ ਨੂੰ ਨਿਆਂਇਕ ਕਤਲ ਤੋਂ ਬਚਾਉਣ ਲਈ 15 ਜੁਲਾਈ 2011 ਨੂੰ ਨਵੀਂ ਦਿੱਲੀ ਦੇ ਜਨਤਰ ਮੰਤਰ ਵਿਖੇ ਇਕ “ਇਨਸਾਫ ਰੈਲੀ” ਕੀਤੀ ਜਾਵੇਗੀ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਪ੍ਰੋਫੈਸਰ ਦੀ ਰਿਹਾਈ ਲਈ “ਨਾਗਰਿਕ ਨਾਫਰਮਾਨੀ ਲਹਿਰ” ਇਸ ਲਈ ਚਲਾਈ ਜਾ ਰਹੀ ਹੈ ਕਿਉਂਕਿ ਪ੍ਰੋਫੈਸਰ ਭੁਲਰ ਨੂੰ
- ਗੈਰਕਾਨੂੰਨੀ ਤਰੀਕੇ ਨਾਲ ਮੌਤ ਦੀ ਸਜ਼ਾ ਦਿੱਤੀ ਗਈ ਹੈ ਤੇ
- ਉਹ ਉਮਰ ਕੈਦ ਨਾਲੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਹੈ ਤੇ
- ਰਾਸ਼ਟਰਪਤੀ ਨੇ ਉਸ ਦੀ ਸਜ਼ਾ ਮਆਫੀ ਦੀ ਅਪੀਲ ਇਸ ਲਈ ਖਾਰਜ ਕਰ ਦਿੱਤੀ ਹੈ ਕੇਵਲ ਇਸ ਲਈ ਕਿ ਉਹ ਇਕ ਸਿਖ ਹੈ।
15 ਜੁਲਾਈ ਤੋਂ ਸ਼ੁਰੀ ਕੀਤੀ ਜਾ ਰਹੀ ਇਸ “ਨਾਗਰਿਕ ਨਾਫਰਮਾਨੀ ਲਹਿਰ” ਦੌਰਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਲੋਕਾਂ ਨੂੰ ਅਪੀਲ ਕਰਨ ਲਈ ਇਕ ਮੁਹਿੰਮ ਚਲਾਏਗੀ ਕਿ ਪ੍ਰੋਫੈਸਰ ਭੁਲਰ ਰਿਹਾਈ ਦੀ ਮੰਗ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਨੂੰ ਬਿਨਾਂ ਮੋਹਰ ਵਾਲੇ ਪੱਤਰ ਲਿਖ ਲਿਖ ਕੇ ਭਾਰਤ ਦੀ ਡਾਕ ਸੇਵਾ ’ਤੇ ਬੋਝ ਪਾ ਦਿਓ ਤੇ ਜਾਮ ਕਰ ਦਿੱਤੀ ਜਾਵੇ। ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਪੱਤਰ ਲਿਖਣ ਦੀ ਇਸ ਮੁਹਿੰਮ ਨਾਲ ਡਾਕ ਸੇਵਾ ਜਾਮ ਹੋ ਜਾਵੇਗੀ ਤੇ ਬਿਨਾਂ ਮੋਹਰਾਂ ਵਾਲੇ ਪੱਤਰਾਂ ਨਾਲ ਸਰਕਾਰ ’ਤੇ ਬੋਝ ਪਵੇਗਾ ਤੇ ਉਹ ਭੁਲਰ ਦੀ ਰਿਹਾਈ ਲਈ ਭਾਰਤ ਦੀ ਰਾਸ਼ਟਰਪਤੀ ’ਤੇ ਦਬਾਅ ਪਾਏਗੀ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਮੁੱਖ ਮੰਤਰੀ ਬਾਦਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪ੍ਰੋਫੈਸਰ ਭੁਲਰ ਨੂੰ ਨਿਆਂਇਕ ਕਤਲ ਤੋਂ ਬਚਾਉਣ ਲਈ ਜਨਤਰ ਮੰਤਰ ਵਿਖੇ 15 ਜੁਲਾਈ 2011 ਨੂੰ ਕੀਤੀ ਜਾ ਰਹੀ ਇਨਸਾਫ ਰੈਲੀ ਨੂੰ ਸੰਬੋਧਨ ਕਰਨ। ਪੀਰ ਮੁਹੰਮਦ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਸ਼ਮੂਲੀਅਤ ਨਾਲ ਭਾਰਤ ਸਰਕਾਰ ਨੂੰ ਸਖਤ ਸੰਦੇਸ਼ ਜਾਵੇਗਾ ਕਿ ਭੁਲਰ ਜੇ ਮੁੱਦੇ ’ਤੇ ਸਿਖ ਇਕੱਠੇ ਹਨ। ਇੱਥੇ ਦਸਣਯੋਗ ਹੈ ਕਿ ਮੁੱਖ ਮੰਤਰੀ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਭੁਲਰ ਦੀ ਸਜ਼ਾ ਮੁਆਫੀ ਲਈ ਪਹਿਲਾਂ ਹੀ ਮੰਗ ਕਰ ਚੁਕੇ ਹਨ। ਪੀਰ ਮੁਹੰਮਦ ਨੇ ਕਿਹਾ ਕਿ 15 ਜੁਲਾਈ ਦੀ ਰੈਲੀ ਨੂੰ ਸੰਬੋਧਨ ਕਰਨ ਨਾਲ ਉਨ੍ਹਾਂ ਦੀ ਭੁਲਰ ਨੂੰ ਬਚਾਉਣ ਲਈ ਵਚਨਬੱਧਤਾ ਤੇ ਸਟੈਂਡ ਮਜ਼ਬੂਤ ਹੋਵੇਗਾ।
ਪੀਰ ਮੁਹੰਮਦ ਅਨੁਸਾਰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਨਾ ਨੂੰ ਵੀ 15 ਜੁਲਾਈ 2011 ਦੀ ਇਨਸਾਫ ਰੈਲੀ ਨੂੰ ਸੰਬੋਧਨ ਕਰਕੇ ਪ੍ਰੋਫੈਸਰ ਭੁਲਰ ਦੀ ਰਿਹਾਈ ਹਾਸਿਲ ਕਰਨ ਲਈ ਚਲਾਈ ਜਾ ਰਹੀ ਨਾਗਰਿਕ ਨਾਫਰਮਾਨੀ ਲਹਿਰ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਭੁਲਰ ਦੇ ਪਰਿਵਾਰ ਨੂੰ ਪਹਿਲਾਂ ਹੀ ਸਮਰਥਨ ਦਿੱਤਾ ਹੋਇਆ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸਾਰੀਆਂ ਸਿਖ ਜਥੇਬੰਦੀਆਂ, ਸੰਸਥਾਵਾਂ ਤੇ ਸਿਆਸੀ ਪਾਰਟੀਆਂ ਨੂੰ ਪ੍ਰੋਫੈਸਰ ਭੁਲਰ ਦੀ ਰਿਹਾਈ ਭੁਲਰ ਦੇ ਪਰਿਵਾਰ ਨਾਲ ਪੂਰਨ ਸਮਰਥਨ ਦਾ ਪ੍ਰਗਟਾਵਾ ਕਰਨ ਲਈ 15 ਜੁਲਾਈ 2011 ਨੂੰ ਕੀਤੀ ਜਾ ਰਹੀ ਇਨਸਾਫ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
15 ਜੁਲਾਈ 2011 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਮੰਗ ਕੀਤੀ ਜਾਵੇਗੀ ਕਿ-
(1) ਪ੍ਰੋਫੈਸਰ ਭੁਲਰ ਨੂੰ ਰਿਹਾਅ ਕਰੋ ਜਿਸ ਨੇ ਪਹਿਲਾਂ ਹੀ ਉਮਰ ਕੈਦ ਨਾਲੋਂ ਵਧ ਸਜ਼ਾ ਭੁਗਤ ਲਈ ਹੈ
(2) ਪ੍ਰੋਫੈਸਰ ਭੁਲਰ ਨੂੰ ਜਰਮਨੀ ਭੇਜ ਦਿਓ ਜਿਸ ਨੇ ਉਸ ਨੂੰ ਲੈਣ ਲਈ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਹੈ।
(3) ਪ੍ਰੋਫੈਸਰ ਭੁਲਰ ਦੇ ਲੰਮੀ ਗੈਰ ਕਾਨੂੰਨੀ ਹਿਰਾਸਤ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ
(4) ਭੁਲਰ ਦੇ ਕੇਸ ਵਿਚ ਹੋਈ ਘੋਰ ਗਲਤੀ ਦੀ ਮੁਆਫੀ ਲਈ ਇਕ ਬਿਆਨ ਜਾਰੀ ਕੀਤੇ ਜਾਵੇ।