ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਜਿਹੜੇ 33,000 ਅਮਰੀਕੀ ਸੈਨਿਕ ਦਸੰਬਰ 2009 ਵਿੱਚ ਅਫ਼ਗਾਨਿਸਤਾਨ ਵਿੱਚ ਤੈਨਾਤ ਕੀਤੇ ਗਏ ਸਨ, ਉਹ ਅੱਗਲੇ 15 ਮਹੀਨਿਆਂ ਵਿੱਚ ਵਾਪਿਸ ਅਮਰੀਕਾ ਆ ਜਾਣਗੇ।
ਵਾਈਟ ਹਾਊਸ ਤੋਂ ਅਮਰੀਕੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ 10,000 ਅਮਰੀਕੀ ਸੈਨਿਕ ਇਸ ਸਾਲ ਦੇ ਅੰਤ ਤੱਕ ਵਾਪਿਸ ਆ ਜਾਣਗੇ ਅਤੇ ਬਾਕੀ 23,000 ਸੈਨਿਕ ਸਿਤੰਬਰ 2012 ਤੱਕ ਅਫ਼ਗਾਨਿਸਤਾਨ ਛੱਡ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅਲਕਾਇਦਾ ਦੇ ਅੱਧੇ ਤੋਂ ਜਿਆਦਾ ਲੀਡਰ ਪਾਕਿਸਤਾਨ ਨਾਲ ਮਿਲਕੇ ਖ਼ਤਮ ਕਰ ਦਿੱਤੇ ਗਏ ਹਨ ਅਤੇ ਪਿੱਛਲੇ ਦਿਨੀ ਅਲਕਾਇਦਾ ਮੁੱਖੀ ਓਸਾਮਾ ਬਿਨ ਲਾਦਿਨ ਨੂੰ ਮਾਰ ਕੇ ਅਸਾਂ ਜਿੱਤ ਪ੍ਰਾਪਤ ਕਰ ਲਈ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਗੇਟਸ ਵੀ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਤਾਲਿਬਾਨ ਨਾਲ ਗੱਲਬਾਤ ਚਲ ਰਹੀ ਹੈ। ਅਮਰੀਕਾ 2014 ਤੱਕ ਅਫ਼ਗਾਨਿਸਤਾਨ ਦੀ ਸੁਰੱਖਿਆ ਦੀ ਸਾਰੀ ਜਿੰਮੇਵਾਰੀ ਅਫ਼ਗਾਨਿਸਤਾਨੀ ਸੁਰੱਖਿਆ ਬਲਾਂ ਨੂੰ ਸੌਂਪ ਦੇਵੇਗਾ। ਓਬਾਮਾ ਟਰੁਪਸ ਵਾਪਿਸ ਬੁਲਾਉਣ ਦੀ ਯੋਜਨਾ ਨੂੰ ਅਗਲੇ ਸਾਲ ਨਵੰਬਰ ਵਿੱਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਓਬਾਮਾ ਅਮਰੀਕਨ ਲੋਕਾਂ ਨੂੰ ਖੁਸ਼ ਕਰਕੇ ਆਪਣੀ ਦੂਸਰੀ ਟਰਮ ਪੂਰੀ ਕਰਨਾ ਚਾਹੁੰਦਾ ਹੈ।
ਟਰੁਪਸ ਵਾਪਿਸ ਬੁਲਾਉਣ ਦੀ ਸੰਖਿਆ ਅਤੇ ਇਸ ਦੇ ਤਰੀਕੇ ਤੇ ਅਮਰੀਕੀ ਪ੍ਰਸ਼ਾਸਨ ਵਿੱਚ ਮੱਤਭੇਦ ਹਨ। ਸੈਨਾ ਦੇ ਕਮਾਂਡਰ ਚਾਹੁੰਦੇ ਹਨ ਕਿ ਸੈਨਿਕਾਂ ਦੀ ਸੰਖਿਆ ਹੌਲੀ-ਹੌਲੀ ਘੱਟ ਕੀਤੀ ਜਾਵੇ, ਤਾਂ ਜੋ ਸਫ਼ਲਤਾ ਅਮਰੀਕੀ ਸੈਨਾ ਨੂੰ ਅਫ਼ਗਾਨਿਸਤਾਨ ਵਿੱਚ ਮਿਲੀ ਹੈ ਉਸਨੂੰ ਬਰਕਰਾਰ ਰੱਖਿਆ ਜਾ ਸਕੇ। ਸੈਨਿਕਾਂ ਦੀ ਵੱਧ ਕਟੌਤੀ ਕਰਨ ਸਬੰਧੀ ਰਾਜਨੀਤਕ ਦਬਾਅ ਵੀ ਵੱਧਦਾ ਜਾ ਰਿਹਾ ਹੈ। ਅਫ਼ਗਾਨਿਸਤਾਨ ਵਿੱਚ ਇਸ ਸੰਘਰਸ਼ ਨੂੰ ਚਲਦੇ 10 ਸਾਲ ਹੋ ਗਏ ਹਨ।