ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਕਸ਼ਮੀਰ ਮੁੱਦਾ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ। ਯੂਐਨਓ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਸਲਾਹ ਮਸ਼ਵਰਾ ਕਰਨਗੇ ਕਿ ਉਹ ਕਿਸ ਤਰ੍ਹਾਂ ਇਸ ਪਰਕਿਰਿਆ ਵਿੱਚ ਕੰਮ ਕਰ ਸਕਦੇ ਹਨ।
ਬਾਨ ਕੀ ਮੂਨ ਨੇ ਸੰਯੁਕਤ ਰਾਸ਼ਟਰ ਦੇ ਦੂਸਰੇ ਕਾਰਜਕਾਲ ਲਈ ਚੁਣੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “ਮੈਂ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਦੇ ਨਾਲ ਇਸ ਮੁੱਦੇ ਤੇ ਚਰਚਾ ਕਰਾਂਗਾ ਕਿ ਗੱਲਬਾਤ ਦੇ ਰਾਹੀਂ ਇਸ ਮੁੱਦੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਿਵੇਂ ਸੁਲਝਾਇਆ ਜਾ ਸਕਦਾ ਹੈ।” ਇੱਥੇ ਇਹ ਵਰਨਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਇਸ ਸਾਲ ਦੇ ਸ਼ੁਰੂ ਵਿੱਚ ਹੀ ਆਪਸੀ ਵਾਰਤਾ ਅਰੰਭ ਕਰ ਚੁੱਕੇ ਹਨ। ਇਸ ਸਮੇਂ ਵੀ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਵਿੱਚ ਗੱਲਬਾਤ ਚਲ ਰਹੀ ਹੈ। ਭਾਰਤ ਦੀ ਵਿਦੇਸ਼ ਸਕੱਤਰ ਨਿਰੂਪਮਾ ਰਾਏ ਇਸ ਸਮੇਂ ਪਾਕਿਸਤਾਨ ਦੇ ਵਿਦੇਸ਼ ਦੌਰੇ ਤੇ ਹੈ। ਇਸ ਯਾਤਰਾ ਦੌਰਾਨ ਕਸ਼ਮੀਰ ਸਮੇਤ ਹੋਰ ਮੁੱਦਿਆਂ ਤੇ ਵੀ ਚਰਚਾ ਹੋਵੇਗੀ। ਮੂਨ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਸ ਮੁੱਦੇ ਤੇ ਗੱਲਬਾਤ ਹੋਣ ਵਾਲੀ ਹੈ। ਇਹ ਮਸਲਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਗੱਲਬਾਤਰਹੀਂ ਸ਼ਾਂਤੀਪੂਰਵਕ ਢੰਗ ਨਾਲ ਹੋਣਾ ਚਾਹੀਦਾ ਹੈ।