ਵਾਯੂਯਾਨ ਚੜ੍ਹਿਆ
ਉਡਦਾ ਗਿਆ
ਬੱਦਲ਼ਾਂ ਤੋਂ ਉਤਾਂਹ
ਅਪਣਿਆਂ ਤੋਂ ਦੁਰੇਡੇ
ਸਫਰ ਸੀ
ਜਹਾਜ਼ ਦਾ
ਗਗਨ ਵਿੱਚ
ਅਪਣੇ ਦੇਸ਼ ਵੱਲ
ਅਪਣਿਆਂ ਵੱਲ
ਵੈਰਾਗ ਭਿੱਜਾ
ਖਿਆਲ ਆਏ
ਅਟੁੱਟ, ਭਾਂਤ ਭਾਂਤ ਦੇ
ਚੰਗੇ, ਭੈੜੇ, ਦੁਖਦਾਈ
ਕੁੱਝ ਹੋਇਆ
ਤਨ ਅੰਦਰ
ਦਿਲ ਅੰਦਰ
ਮਾਨਸ ਵਿਚਾਰਾ
ਡਰਿਆ, ਉਠਿਆ, ਬੈਠਿਆ
ਤਲਮਲਾਇਆ, ਘਬਰਾਇਆ
ਦੌਰਾ ਲਗਦੈ
ਕੋਹਾਂ ਪਰੇ
ਕਈ ਦੂਰ ਰਹਿ ਗਏ
ਕਈ ਅਜੇ ਦੂਰ ਨੇ
ਨਿਰੇ ਅਪਣੇ
ਜਿਨ੍ਹਾਂ ਨੂੰ ਕਹੀਦੈ
ਸੰਬੰਧੀ
ਬੇਚੈਨ ਮਾਨਸ
ਮੁਸਾਫਰਾਂ ਵੇਖਿਆ
ਕੋਈ ਬੋਲਿਆ
ਹੈ ਕੋਈ ਡਾਕਟਰ, ਨਰਸ
ਐਮਰਜੈਂਸੀ!
ਮਾਨਸ ਨੇ ਵੀ ਸੁਣਿਆਂ
ਇੱਕ ਆਇਆ
ਇੱਕ ਆਈ
ਮਾਨਸ, ਸੁੱਧ ਖੋਈ
ਜਾਗਿਆ ਮਾਨਸ
ਕਿਸੇ ਹਸਪਤਾਲ਼ ਵਿੱਚ
ਕਿਸੇ ਦੇਸ਼ , ਅਪਣਾ ਨਹੀਂ
ਲੋਕਾਂ ਵਿੱਚ, ਅਪਣੇ ਨਹੀਂ
ਕਾਇਆਂ ਪਲਟ
ਸੋਚਿਆ,ਲਗਦਾ ਨਹੀਂ ਹੁਣ
ਕੋਈ ਦੇਸ਼, ਪਰਾਇਆ
ਕੋਈ ਮਾਨਸ, ਪਰਾਇਆ
ਸਾਰੇ ਗੁਆਂਢੀ
ਸਾਰੇ ਮੁਸਾਫਰ
ਦਫਤਰ ਦੇ ਕਾਮੇ
ਕੋਈ ਵੀ, ਕਿਤੇ ਵੀ
ਹਰ ਥਾਂ
ਸਭ ਦੇ ਸਭ
ਨੇੜੀ ਨੇ
ਅਪਣੇ ਹੀ ਅਪਣੇ!
ਗੁਰੁ ਦਾ ਕਥਨ
“ ਹਮ ਨਹੀ ਚੰਗੇ
ਬੁਰਾ ਨਹੀਂ ਕੋਇ”
ਮਨ ਟੁੰਭਦੈ।