ਵੱਲੋਂ
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਵੱਲ
ਸ: ਅਵਤਾਰ ਸਿੰਘ ਮੱਕੜ੍ਹ,
ਪ੍ਰਧਾਨ,
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਵਿਸ਼ਾ: ਮਿਆਦ ਪੁੱਗਾ ਚੁੱਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਅਤੇ ਉਸਦੇ ਪ੍ਰਧਾਨ ਨੂੰ ਕੋਈ ਵੀ ਵੱਡਾ ਫੈਸਲਾ ਜਾਂ ਵੱਡੇ ਬਜਟ ਦਾ ਖਰਚ ਕਰਨ ਦਾ ਅਧਿਕਾਰ ਨਾ ਹੋਣ ਸਬੰਧੀ।
ਸ਼੍ਰੀ ਮਾਨ ਜੀਓ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ 30 ਅਗਸਤ 2009 ਨੂੰ ਮੌਜੂਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਦੀ ਕਾਨੂੰਨੀ ਅਤੇ ਵਿਧਾਨਿਕ ਮਿਆਦ ਖਤਮ ਹੋ ਚੁੱਕੀ ਹੈ ਅਤੇ ਇਹ ਧਾਰਮਿਕ ਸੰਸਥਾ ਲੇਮਡੱਕ (Lame Duck) ਵਿੱਚ ਜਾ ਚੁੱਕੀ ਹੈ। ਜਦੋ ਕੋਈ ਵੀ ਵਿਧਾਨਿਕ ਸੰਸਥਾ ਲੇਮ ਡੱਕ (Lame Duck) ਵਿੱਚ ਚਲੀ ਜਾਵੇ ਤਾਂ ਉਸ ਸੰਸਥਾ ਦੀ ਨਵੀਂ ਚੋਣ ਹੋਣ ਤੱਕ ਉਸਦੇ ਮੁੱਖੀ, ਪ੍ਰਧਾਨ ਜਾਂ ਕਾਰਜਕਾਰਨੀ ਕਮੇਟੀ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਹੁੰਦਾ ਕਿ ਉਹ ਇਸ ਸੰਸਥਾ ਦੇ ਅਹੁਦੇ ਦੀ ਦੁਰਵਰਤੋ ਕਰਕੇ ਕੋਈ ਫੈਸਲਾ ਕਰੇ ਜਾਂ ਉਸ ਸੰਸਥਾ ਦੇ ਬਜਟ ਵਿੱਚੋ ਕੋਈ ਖਰਚ ਕਰੇ। ਸਾਨੂੰ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਅਮਲ ਵੇਖ ਕੇ ਗਹਿਰਾਂ ਦੁੱਖ ਅਤੇ ਅਫਸੋਸ ਹੋ ਰਿਹਾ ਹੈ ਕਿ ਆਪ ਜੀ ਆਪਣੇ ਤਿੰਨ ਮੈਬਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੈਲੀਗੇਸ਼ਨ ਨਾਲ ਨਿਊਜ਼ੀਲੈਡ ਦੇ ਦੌਰੇ ‘ਤੇ ਜਾ ਰਹੇ ਹੋ। ਅਜਿਹਾ ਕੋਈ ਵੀ ਪ੍ਰੋਗਰਾਮ ਉਦੋ ਤੱਕ ਨਹੀਂ ਹੋ ਸਕਦਾ ਜਦੋ ਤੱਕ ਨਵੀਂ ਐਸ ਜੀ ਪੀ ਸੀ ਦੀ ਆਮ ਚੋਣ ਨਹੀਂ ਹੋ ਜਾਂਦੀ ਅਤੇ ਦੁਬਾਰਾ ਤੋ ਇਸ ਦੇ ਪ੍ਰਧਾਨ ਅਤੇ ਕਾਰਜਕਾਰਨੀ ਮੈਬਰਾਂ ਦੀ ਚੋਣ ਨਹੀਂ ਹੋ ਜਾਂਦੀ। ਲੇਕਿਨ ਫਿਰ ਵੀ ਆਪ ਜੀ ਨੇ ਨਿਊਜ਼ੀਲੈਡ ਦੇ ਦੌਰੇ ਦਾ ਪ੍ਰੋਗਰਾਮ ਬਣਾ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਾਨਿਕ ਨਿਯਮਾਂ ਦੀ ਹੀ ਉਲੰਘਣਾ ਨਹੀਂ ਕਰ ਰਹੇ, ਬਲਕਿ ਆਪ ਜੀ ਇਖਲਾਕੀ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਵੀ ਜਨਾਜ਼ਾ ਕੱਢਣ ਜਾ ਰਹੇ ਹੋ। ਇਹ ਹੋਰ ਵੀ ਦੁੱਖ ਵਾਲੀ ਗੱਲ ਹੈ ਕਿ ਸਿੱਖ ਕੌਮ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਆਪ ਜੀ ਦੇ ਨਾਲ ਜਾਣ ਵਾਲੇ ਡੈਲੀਗੇਸ਼ਨ ਵਿੱਚ ਕਿਹੜੇ ਤਿੰਨ ਮੈਬਰ ਹਨ? ਕੀ ਇਸ ਡੈਲੀਗੇਸ਼ਨ ਵਿੱਚ ਸਿੱਖ ਕੌਮ ਵੱਲੋ ਇਖਲਾਕੀ ਤੌਰ ‘ਤੇ ਦੁਰਕਾਰੇ ਜਾ ਚੁੱਕੇ ਸ: ਦਲਜੀਤ ਸਿੰਘ ਬੇਦੀ ਵਰਗੇ ਤਾਂ ਨਹੀਂ ਲਏ ਗਏ? ਇਸ ਸਾਰੇ ਵਰਤਾਰੇ ਅਤੇ ਮਿਸ਼ਨ ਤੋ ਸਿੱਖ ਕੌਮ ਨੂੰ ਕੋਈ ਜਾਣਕਾਰੀ ਨਾ ਦੇਣਾ ਇਸ ਸੰਸਥਾ ਦੇ ਉੱਚੇ ਸੁੱਚੇ ਸਤਿਕਾਰ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਕੌਮ ਨਾਲ ਵੱਡਾ ਧੋਖਾ ਕਰਨ ਦੇ ਤੁੱਲ ਕਾਰਵਾਈ ਹੀ ਹੋਵੇਗੀ ਅਤੇ ਆਪ ਜੀ ਦੇ ਦੌਰੇ ਦੌਰਾਨ ਸਿੱਖ ਕੌਮ ਦੇ ਖਜ਼ਾਨੇ ਵਿੱਚੋ ਖਰਚ ਹੋਣ ਵਾਲਾ ਬਹੁਤ ਵੱਡੇ ਸਰਮਾਏ ਦੀ ਦੁਰਵਰਤੋ ਹੋਵੇਗੀ ਅਤੇ ਇਸ ਤਰ੍ਹਾ ਕੀਤੇ ਜਾਣ ਵਾਲਾ ਕੋਈ ਵੀ ਫੈਸਲਾ ਜਾਂ ਖਰਚ ਨਵੀਂ ਚੋਣ ਹੋਣ ਤੱਕ ਨਹੀਂ ਕੀਤਾ ਜਾ ਸਕਦਾ, ਨੂੰ ਸਿੱਖ ਕੌਮ ਬਿਲਕੁੱਲ ਪ੍ਰਵਾਨਗੀ ਨਹੀਂ ਦੇਵੇਗੀ।
ਦੂਸਰਾ ਬੀਤੇ 20 ਜੂਨ ਨੂੰ ਜੋ ਐਸ ਜੀ ਪੀ ਸੀ ਦੀ ਧਾਰਮਿਕ ਸੰਸਥਾ ਦੀ ਅਗਵਾਈ ਹੇਠ ਤਿਹਾੜ ਜ਼ੇਲ੍ਹ ਦਿੱਲੀ ਵਿੱਚ ਬੰਦੀ ਸਿੱਖ ਕੌਮ ਦੇ ਸਤਿਕਾਰਯੋਗ ਨੌਜਵਾਨ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਹਿੰਦ ਦੇ ਪ੍ਰੈਜ਼ੀਡੈਂਟ ਵੱਲੋ ਜੋ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ, ਉਸ ਵਿਰੁੱਧ ਸਮੁੱਚੀ ਸਿੱਖ ਕੌਮ ਅਤੇ ਸਿੱਖ ਜਥੇਬੰਦੀਆਂ ਵੱਲੋ ਜੋ ਸਾਂਝੇ ਤੌਰ ‘ਤੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋ ਰੋਸ ਮਾਰਚ ਕਰਦੇ ਹੋਏ ਮੌਜੂਦਾ ਪੰਜਾਬ ਦੇ ਗਵਰਨਰ ਸ਼੍ਰੀ ਸਿਵਰਾਜ ਪਾਟਿਲ ਨੂੰ ਸਿੱਖ ਕੌਮ ਦੇ ਬਿਨ੍ਹਾ ਉੱਤੇ ਯਾਦ ਪੱਤਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਮੌਜੂਦਾ ਗਵਰਨਰ ਦਾ ਉੱਥੇ ਹਾਜਿਰ ਨਾ ਹੋਣਾ ਅਤੇ ਪੰਜਾਬ ਦੀ ਬਾਦਲ ਸਰਕਾਰ ਹੁੰਦੇ ਹੋਏ, ਗਵਰਨਰ ਪੰਜਾਬ ਨੂੰ ਯਾਦ ਪੱਤਰ ਸਪੁਰਦ ਕਰਨ ਦੀ ਬਜਾਏ, ਉਨ੍ਹਾ ਦੇ ਸਕੱਤਰ ਨੂੰ ਯਾਦ ਪੱਤਰ ਦੇਣ ਦੀ ਕਾਰਵਾਈ ਸਿੱਖ ਕੌਮ ਦੀ ਤੌਹੀਨ ਕਰਨ ਅਤੇ ਉਪਰੋਕਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਮੁੱਦੇ ਉੱਤੇ ਸੰਜੀਦਾ ਅਮਲ ਨਾ ਕਰਨ ਨੂੰ ਪ੍ਰਤੱਖ ਕਰਦੀ ਹੈ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਹਿੰਦ ਵਿੱਚ ਵੱਸਣ ਵਾਲੀਆਂ ਚਾਰੇ ਕੌਮਾਂ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਬਰਾਬਰ ਦਾ ਰੁਤਬਾ ਰੱਖਦੀਆਂ ਹਨ। ਫਿਰ ਸਿੱਖ ਕੌਮ ਦੀ ਪਾਰਲੀਮੈਂਟ ਐਸ ਜੀ ਪੀ ਸੀ ਅਤੇ ਪੰਜਾਬ ਸਰਕਾਰ ਅਤੇ ਸਮੁੱਚੀ ਸਿੱਖ ਕੌਮ ਦੇ ਨੁਮਾਇੰਦਿਆਂ ਵੱਲੋ ਦਿੱਤੇ ਜਾਣ ਵਾਲੇ ਉਪਰੋਕਤ ਯਾਦ ਪੱਤਰ ਨੂੰ ਦੇਣ ਵੇਲੇ ਗਵਰਨਰ ਹਾਊਸ ਵੱਲੋ ਬਣਦਾ ਸਤਿਕਾਰ ਨਾ ਦੇਣ ਦੀ ਕਾਰਵਾਈ ਦਾ ਸਰਕਾਰ ਅਤੇ ਐਸ ਜੀ ਪੀ ਸੀ ਵੱਲੋ ਸਖਤ ਨੋਟਿਸ ਲੈਣਾ ਚਾਹੀਦਾ ਸੀ। ਇਸ ਸਬੰਧੀ ਗਵਰਨਰ ਹਾਊਸ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਤੋ ਜਾਣੂ ਨਾ ਕਰਾਉਣ ਦੀ ਗੈਰ ਜਿ਼ੰਮੇਵਾਰਾਨਾ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਸਿੱਖ ਕੌਮ ਦੇ ਹੋਏ ਰੋਹ ਭਰੇ ਇਕੱਠ ਨੂੰ ਪੰਜਾਬ ਸਰਕਾਰ ਅਤੇ ਐਸ ਜੀ ਪੀ ਸੀ ਸਹੀ ਤਰੀਕੇ ਵਰਤੋ ਨਹੀਂ ਕਰ ਸਕੀ ਅਤੇ ਜੋ ਸੰਦੇਸ਼ ਕੌਮਾਂਤਰੀ ਪੱਧਰ ਉੱਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਮੁੱਦੇ ਸਬੰਧੀ ਜਾਣਾ ਸੀ, ਉਸ ਵਿੱਚ ਬਹੁਤ ਵੱਡੀ ਕਮੀ ਰਹਿ ਗਈ ਹੈ ਜਿਸ ਲਈ ਆਪ ਜੀ ਸਮੁੱਚੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਜਿ਼ੰਮੇਵਾਰ ਹੈ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕਿਉਂਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਅਪੀਲ ਨੂੰ ਹਿੰਦ ਦੇ ਪ੍ਰੇਜ਼ੀਡੈਟ ਨੇ ਖਾਰਜ ਕੀਤਾ ਹੈ। ਇਸ ਲਈ ਅਜਿਹਾ ਦਿੱਤਾ ਜਾਣ ਵਾਲਾ ਕੋਈ ਵੀ ਯਾਦ ਪੱਤਰ ਦਿੱਲੀ ਵਿਖੇ ਪ੍ਰੈਜ਼ੀਡੈਟ ਹਿੰਦ ਨੂੰ ਦਿੱਤਾ ਜਾਣਾ ਚਾਹੀਦਾ ਸੀ। ਅਜਿਹਾ ਉਦਮ ਕਰਨ ਨਾਲ ਜਿੱਥੇ ਦਿੱਲੀ ਵਿਖੇ ਕੌਮਾਂਤਰੀ ਪ੍ਰੈਸ ਨੇ ਇਸ ਮੁੱਦੇ ਦੀ ਸੰਜੀਦਗੀ ਨੂੰ ਸਮੁੱਚੇ ਮੁਲਕਾਂ ਵਿੱਚ ਪਹੁੰਚਾਉਣ ਵਿੱਚ ਮਦਦ ਕਰਨੀ ਸੀ, ਉੱਥੇ ਹਿੰਦ ਹਕੂਮਤ ਉੱਤੇ ਸਿੱਖ ਕੌਮ ਦਾ ਅਤੇ ਹੋਰ ਇਨਸਾਫ਼ ਪਸੰਦ ਕੌਮਾਂਤਰੀ ਸੰਸਥਾਵਾਂ ਅਤੇ ਮੁਲਕਾਂ ਦਾ ਵੀ ਦਬਾਅ ਪੈਣਾ ਸੀ। ਜਿਸ ਨਾਲ ਅਸੀਂ ਆਪਣੇ ਸਿੱਖ ਨੌਜਵਾਨ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਹੁਕਮਰਾਨਾਂ ਦੇ ਤਾਨਾਸ਼ਾਹੀ ਅਮਲਾਂ ਤੋ ਸਰਖਰੂ ਕਰਨ ਵਿੱਚ ਕਾਮਯਾਬ ਹੋ ਸਕਦੇ ਸੀ।
ਇਹ ਪੱਤਰ ਅਸਲੀਅਤ ਵਿੱਚ ਅਸੀਂ ਸਿੱਖ ਕੌਮ ਦੇ ਬਿਨ੍ਹਾ ‘ਤੇ ਆਪ ਜੀ ਨੂੰ ਇਸ ਕਰਕੇ ਲਿਖ ਰਹੇ ਹਾਂ ਕਿ ਬੀਤੇ ਦੋ ਸਾਲਾਂ ਤੋ ਜਦੋ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ ਖਤਮ ਹੋ ਚੁੱਕੀ ਹੈ, ਉਦੋ ਤੋ ਹੀ ਗੈਰ ਕਾਨੂੰਨੀ ਤਰੀਕੇ ਜ਼ਬਰੀ ਤਾਨਾਸ਼ਾਹੀ ਨੀਤੀਆਂ ਅਧੀਨ ਆਪ ਜੀ ਸਿੱਖ ਕੌੰਮ ਦੀਆ ਭਾਵਨਾਵਾਂ ਦੇ ਵਿਰੁੱਧ ਜਾ ਕੇ ਫੈਸਲੇ ਵੀ ਕਰਦੇ ਆ ਰਹੇ ਹੋ ਅਤੇ ਸਿੱਖ ਕੌਮ ਦੇ ਵੱਡਮੁੱਲੇ ਖਜ਼ਾਨੇ ਦੀ ਬਹੁਤ ਬੇਰਹਿਮੀ ਨਾਲ ਬੇਨਤੀਜਾ ਦੁਰਵਰਤੋ ਵੀ ਕਰਦੇ ਆ ਰਹੇ ਹੋ। ਜੋ ਵਰਤਾਰਾ ਨਵੀ ਚੋਣ ਹੋਣ ਤੱਕ ਬੰਦ ਹੋਣਾ ਚਾਹੀਦਾ ਹੈ ਅਤੇ ਸਿੱਖ ਕੌਮ ਦੀ ਪ੍ਰਵਾਨਗੀ ਤੋ ਬਿਨ੍ਹਾ ਨਾ ਤਾਂ ਕੋਈ ਫੈਸਲਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਜਟ ਵਿੱਚੋ ਕਿਸੇ ਤਰ੍ਹਾ ਦਾ ਖਰਚ ਹੋਣਾ ਚਾਹੀਦਾ ਹੈ। ਇਹ ਉਪਰੋਕਤ ਬੇਨਤੀ ਅਤੇ ਸੁਝਾਅ ਅਸੀਂ ਇਖਲਾਕੀ ਕਦਰਾਂ ਕੀਮਤਾਂ ਅਤੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ‘ਤੇ ਅਧਾਰਿਤ ਕਰ ਰਹੇ ਹਾਂ। ਜੇਕਰ ਆਪ ਜੀ ਨੇ ਅਤੇ ਮੌਜੁਦਾ ਪੰਜਾਬ ਦੀ ਬਾਦਲ ਹਕੂਮਤ ਨੇ ਫਿਰ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਅਜਿਹੀਆਂ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਕਾਰਵਾਈਆਂ ਜਾਰੀ ਰੱਖੀਆਂ ਤਾਂ ਜਲਦੀ ਹੀ ਇਸਦੇ ਨਤੀਜੇ ਭੁਗਤਣ ਲਈ ਵੀ ਆਪ ਨੂੰ ਤਿਆਰ ਰਹਿਣਾ ਚਾਹੀਦਾ ਹੈ। ਹੁਣ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਮਿਆਦ ਪੁੱਗਾ ਚੁੱਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਕਾਰਜਕਾਰਨੀ ਮੈਬਰਾਂ ਨੂੰ ਅਜਿਹੀਆਂ ਮਾਨਮਾਨੀਆਂ ਕਰਨ ਅਤੇ ਸਿੱਖ ਕੌਮ ਨਾਲ ਧੋਖਾ ਕਰਨ ਦੀ ਬਿਲਕੁੱਲ ਇਜ਼ਾਜਤ ਨਹੀਂ ਦੇਵੇਗੀ।
ਅਸੀਂ ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਉਪਰੋਕਤ ਪੱਤਰ ਦੀ ਸੰਜੀਦਗੀ ਭਰੀ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਆਮ ਚੋਣਾਂ ਹੋਣ ਤੱਕ ਅਜਿਹੇ ਫੈਸਲੇ ਅਤੇ ਇਸ ਸੰਸਥਾ ਦੇ ਖਜ਼ਾਨੇ ਵਿੱਚੋ ਖਰਚ ਕਰਨ ਤੋ ਇਮਾਨਦਾਰੀ ਨਾਲ ਤੋਬਾ ਕਰਦੇ ਹੋਏ ਸਿੱਖ ਕੌਮ ਦੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖੋਗੇ ਅਤੇ ਸਿੱਖ ਕੌਮ ਦੇ ਰੋਹ ਦੀ ਸਜ਼ਾ ਭੁਗਤਣ ਤੋ ਆਪਣੇ ਆਪ ਨੂੰ ਪਾਸੇ ਰੱਖੋਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਆਪ ਜੀ ਦੀ ਤਹਿ ਦਿਲੋ ਧੰਨਵਾਦੀ ਹੋਵੇਗੀ।
ਪੂਰਨ ਸਤਿਕਾਰ ਤੇ ਉਮੀਦ ਸਹਿਤ।
ਗੁਰੂ ਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ ।