ਰਾਂਚੀ-ਕੇਂਦਰੀ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਕਾਲੇ ਧਨ ਦੀਆਂ ਜੜ੍ਹਾਂ ਮਾਰੀਸ਼ਸ ਵਿੱਚ ਹਨ ਅਤੇ ਇਸ ਸਬੰਧੀ ਠੋਸ ਜਾਣਕਾਰੀ ਪ੍ਰਾਪਤ ਕਰਨ ਲਈ ਸਬੰਧਿਤ ਦੇਸ਼ ਨਾਲ ਚਰਚਾ ਚਲ ਰਹੀ ਹੈ।
ਕਪਿਲ ਸਿੱਬਲ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਲੈਕ ਮਨੀ ਦੀਆਂ ਜੜ੍ਹਾਂ ਮਾਰੀਸ਼ਸ ਵਿੱਚ ਹਨ, ਜਿਸ ਨਾਲ ਸਾਡੀ ਸੰਧੀ ਹੈ। ਗੱਲਬਾਤ ਜਾਰੀ ਹੈ ਤਾਂ ਜੋ ਇਸ ਸਬੰਧੀ ਪੂਰਣ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਕਾਲੇ ਧਨ ਨੂੰ ਦੇਸ਼ ਵਾਪਿਸ ਲਿਆਉਣ ਲਈ ਸਮੇਂ ਦੀ ਕੋਈ ਸੀਮਾ ਨਿਸ਼ਚਿਤ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਜਾਂਦੀ ਤਦ ਤੱਕ ਸਮੇਂ ਦੀ ਕੋਈ ਸੀਮਾ ਕਿਸ ਤਰ੍ਹਾਂ ਨਿਰਧਾਰਿਤ ਕਰ ਸਕਦੇ ਹਾਂ। ਸਾਡੇ ਕੋਲ ਖੁਲ੍ਹ ਜਾ ਸਿਮ- ਸਿਮ ਵਰਗੀ ਕੋਈ ਜਾਦੂ ਦੀ ਛੜੀ ਨਹੀਂ ਹੈ ਜਿਸਨੂਂ ਘੁੰਮਾਈਏ ਤੇ ਕਾਲਾ ਧਨ ਵਾਪਿਸ ਆ ਜਾਵੇ।
ਵਿਕਾਸ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਬੈਂਕਾਂ ਵਿੱਚ ਪਏ ਕਾਲੇ ਧਨ ਦੀ ਸਹੀ ਮਾਤਰਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਡਵਾਨੀ ਨੇ ਵੀ ਇੱਕ ਵਾਰ ਕਿਹਾ ਸੀ ਕਿ ਵਿਦੇਸ਼ੀ ਬੈਂਕਾਂ ਵਿੱਚ 22 ਲੱਖ ਕਰੋੜ ਪਏ ਹਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ 700 ਲੱਖ ਕਰੋੜ ਜਮ੍ਹਾਂ ਹਨ। ਇਸ ਲਈ ਪਹਿਲਾਂ ਇਹ ਤੈਅ ਕਰਨਾ ਹੋਵੇਗਾ ਕਿ ਵਿਦੇਸ਼ੀ ਬੈਂਕਾਂ ਵਿੱਚ ਪਿਆ ਕਾਲਾ ਧਨ ਕਿੰਨਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਬਲੈਕ ਮਨੀ ਹੈ, ਉਨ੍ਹਾਂ ਤੋਂ ਸੂਚਨਾ ਹਾਸਿਲ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਪਿੱਛਲੇ ਸਾਲ ਵੀ 18 ਲੋਕਾਂ ਦੇ ਨਾਂ ਸਾਹਮਣੇ ਆਏ ਸਨ।