ਹੇਵਰਡ: ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਬੇਅ ਏਰੀਆ ਯੂਨਿਟ ਵਲੋਂ ਪਰਮਿੰਦਰ ਸਿੰਘ ਪਰਵਾਨਾ ਵਲੋਂ ਆਪਣੀ ਮਰਹੂਮ ਬੇਟੀ ਗਿੰਨੀ ਦੀ ਯਾਦ ਵਿਚ ਸੰਪਾਦਿਤ ‘ ਗਿੰਨੀ ਸਿਮ੍ਰਤੀ ਗ੍ਰੰਥ’ ਤੇ ਗੋਸ਼ਟੀ ਕਰਵਾਈ ਗਈ। ਸਮਾਗਮ ਦੇ ਆਰੰਭ ਵਿਚ ਪ੍ਰਧਾਨ ਕੁਲਦੀਪ ਸਿੰਘ ਜੀ ਢੀਂਡਸਾ ਨੇ ਆਏ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ, ਹਾਜ਼ਰ ਸਰੋਤਿਆਂ ਨੂੰ ਮਰਹੂਮ ਬੇਟੀ ਗਿੰਨੀ ਅਤੇ ਮਰਹੂਮ ਡਾ. ਆਤਮਜੀਤ ਸਿੰਘ ਜੀ ਦੀ ਧਰਮ ਪਤਨੀ ਸ. ਸਵਰਨਜੀਤ ਕੌਰ ਜੀ, ਜੋ ਬੀਤੇ ਦਿਨੀਂ ਲੰਮੀ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਸਨ ਦੀ ਆਤਮਿਕ ਸ਼ਾਤੀ ਲਈ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਲਈ ਬੇਨਤੀ ਕੀਤੀ ਅਤੇ ਨੀਲਮ ਸੈਣੀ ਨੂੰ ਅਗਲੀ ਕਾਰਵਾਈ ਲਈ ਸੱਦਾ ਦਿੱਤਾ। ਜਸਟਿਸ ਸਅਈਦ ਆਸਫ਼ ਸ਼ਾਹਕਾਰ, ਸ਼ਿਰੋਮਣੀ ਕਵੀ ਡਾ. ਅਨੂਪ ਸਿੰਘ ਵਿਰਕ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਡਾ. ਕੁਲਵੰਤ ਕੌਰ, ਕਮਲ ਦੇਵ ਪਾਲ ਸਿੰਘ ਅਤੇ ਗ਼ਜ਼ਲਗੋ ਸ. ਈਸ਼ਰ ਸਿੰਘ ਮੋਮਨ ਜੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ। ਪਰਮਿੰਦਰ ਸਿੰਘ ਪਰਵਾਨਾ ਜੀ ਨੇ ਰਸਮੀ ਤੌਰ ਤੇ ‘ ਗਿੰਨੀ ਸਿਮ੍ਰਤੀ ਗ੍ਰੰਥ’ ਦੇ ਉਦੇਸ਼ ਸਾਝੇ ਕਰਦਿਆਂ ਉਨ੍ਹਾਂ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਰਚਨਾਵਾਂ ਸਦਕਾ ਉਹ ਇਸ ਨੂੰ ਪ੍ਰਕਾਸ਼ਿਤ ਕਰਨ ਵਿਚ ਕਾਮਯਾਬ ਹੋਏ। ਉਨ੍ਹਾਂ ਇਹ ਦੀ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਉਹ ਬਿਨ੍ਹਾਂ ਕਿਸੇ ਨਿੱਜੀ ਹਿੱਤ ਦੇ ਇਸ ਦਾ ਦੂਜਾ ਸੰਸਕਰਣ ਪ੍ਰਕਾਸ਼ਿਤ ਕਰਨ ਦੇ ਯਤਨ ਵਿਚ ਹਨ ਅਤੇ ਪੁਸਤਕ ਛਪਣ ਤੋਂ ਬਾਅਦ ਦੀ ਪ੍ਰਕਿਰਿਆ ਨੁੰ ਵੀ ਇਸ ਸ਼ੰਸਕਰਣ ਵਿਚ ਸ਼ਾਮਿਲ ਕਰਨਗੇ। ਉਨ੍ਹਾਂ ਸਮੂਹ ਸਾਹਿਤਕਾਰਾਂ ਨੂੰ ਹੋਰ ਸਹਿਯੋਗ ਦੇਣ ਦੀ ਬੇਨਤੀ ਕੀਤੀ।ਨਵਨੀਤ ਪਨੂੰ ਵਲੋਂ ਡਾ. ਸ਼ਰਨਜੀਤ ਕੌਰ ਦਾ ਲਿਖਿਆ ਪੇਪਰ ‘ ਗਿੰਨੀ ਦੀਆਂ ਸਿਮਤ੍ਰੀਆਂ ਦੀ ਪੇਸ਼ਕਾਰੀ’ ਅਤੇ ਪ੍ਰੋ. ਸੁਰਜੀਤ ਸਿੰਘ ਨਨੂਆ ਵਲੋਂ ‘ ਗਿੰਨੀ ਸਿਮ੍ਰਤੀ ਗਰੰਥ’ ਹਾਂ ਪੱਖੀ ਮੁਲਾਂਕਣ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ ਗਏ। ਪੇਪਰ ਸੈਸ਼ਨ ਦੌਰਾਨ ਮਹੌਲ ਇਸ ਕਦਰ ਭਾਵੁਕ ਹੋ ਗਿਆ ਕਿ ਚਰਨਜੀਤ ਸਿੰਘ ਪਨੂੰ, ਸੁਰਿੰਦਰ ਸ਼ਰਮਾ, ਗੁਰਮੀਤ ਬਾਸੀ ਅਤੇ ਹਰਸਿਮਰਨ ਕੌਰ ਖ਼ਾਲਸਾ ਨੇ ਵੀ ਸਮਾਂ ਲੈ ਕੇ ਇਸ ਉੱਦਮ ਨੂੰ ਸਰਾਹਿਆ। ਡਾ, ਕੁਲਵੰਤ ਕੌਰ ਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਇਸ ਤੋਂ ਪਹਿਲਾਂ ਕਦੀ ਵੀ ਕਿਸੇ ਬਾਪ ਨੇ ਆਪਣੀ ਧੀ ਦੀ ਯਾਦ ਨੂੰ ਇਸ ਤਰੀਕੇ ਨਾਲ ਨਹੀਂ ਸੰਭਾਲਿਆ। ਪ੍ਰੋ. ਅਨੂਪ ਸਿੰਘ ਜੀ ਨੇ ਕਿਹਾ ਕਿ ਉਹ ਇਸ ਪੁਸਤਕ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਇਸ ਦਾ ਜ਼ਿਕਰ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਜ਼ਰੂਰ ਕਰਨਗੇ। ਜਸਟਿਸ ਸ਼ਾਹਕਾਰ ਨੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗਿਆ ਹੈ ਪਰਵਾਨਾ ਜੀ ਨੇ ਆਪਣੀ ਧੀ ਨੂੰ ਸਿਰ ਤੇ ਚੁੱਕਿਆ ਹੈ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਪੁਸਤਕ ਵਿਚ ਲਹਿੰਦੇ ਪੰਜਾਬ ਤੋਂ ਵੀ ਸਾਹਿਤਕਾਰਾਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਸਨ। ਕਮਲ ਦੇਵ ਪਾਲ ਜੀ ਨੇ ਕਿਹਾ ਕਿ ਉਹ 16 ਸਾਲ ਬਾਅਦ ਪੰਜਾਬੀ ਸਾਹਿਤ ਸਭਾ ਦੀ ਮਿਲਣੀ ਵਿਚ ਆਏ ਹਨ ਅਤੇ ਅੱਜ ਦੇ ਸਮਾਗਮ ਤੋਂ ਪ੍ਰਭਾਵਿਤ ਵੀ ਹੋਏ ਹਨ, ਉਨ੍ਹਾਂ ਇਹ ਵੀ ਕਿਹਾ ਕਿ ਉਹ ਭਵਿੱਖ ਵਿਚ ਆਪਣਾ ਪੂਰਾ ਸਹਿਯੋਗ ਦੇਣਗੇ।ਸ. ਈਸ਼ਰ ਸਿੰਘ ਮੋਮਨ ਜੀ ਨੇ ਕਿਹਾ ਕਿ ਪਰਵਾਨਾ ਜੀ ਇਕ ਮਿਹਨਤੀ ਇਨਸਾਨ ਹਨ ਅਤੇ ਉਨ੍ਹਾਂ ਦੀ ਮਿਹਨਤ ਦੀ ਝਲਕ ਇਸ ਪੁਸਤਕ ਵਿਚ ਵੀ ਮਿਲਦੀ ਹੈ। ਸਾਬਕਾ ਪ੍ਰਧਾਨ ਤਾਰਾ ਸਿੰਘ ਸਾਗਰ ਨੇ ਕਿਹਾ ਕਿ ਪਰਵਾਨਾ ਜੀ ਨੇ ਇਹ ਉਸਾਰੂ ਕੰਮ ਕਰ ਕੇ ਭਰੂਣ ਹੱਤਿਆ ਜਿਹੀ ਬੁਰਾਈ ਨੂੰ ਲਾਹਨਤ ਪਾਈ ਹੈ। ਨੀਲਮ ਸੈਣੀ ਨੇ ਸ੍ਰੀ ਵੇਦ ਵਟੁਕ, ਯੁੂਬਾ ਸਿਟੀ ਸੈਕਰਾਮੈਂਟੋ ਇਕਾਈ ਦੇ ਪ੍ਰਧਾਨ ਹਰਬੰਸ ਸਿੰਘ ਜਗਿਆਸੂ, ਮਨਜੀਤ ਕੌਰ ਸੇਖੋਂ, ਪਿਆਰਾ ਸਿੰਘ ਕੁੱਦੋਵਾਲ, ਮਹਿੰਦਰ ਸਿੰਘ ਘੱਗ, ਸ਼ਿਰੋਮਣੀ ਕਵੀ ਆਜ਼ਾਦ ਜਾਲੰਧਰੀ ਜੀ ਦੇ ਸੰਦੇਸ਼ ਪੜ੍ਹੇ ਅਤੇ ਅੰਤਰ ਰਾਸ਼ਟਰੀ ਗਦਰ ਇਤਿਹਾਸਕ ਸਮੂਹ ਵਲੋਂ ਸੁਦੇਸ਼ ਅਟਵਾਲ ਅਤੇ ਇਕਬਾਲ ਸਿੰਘ ਢਿੱਲੋਂ ਜੀ ਦਾ ਚਾਹ-ਪਾਣੀ ਸਪਾਂਸਰ ਕਰਨ ਲਈ ਧੰਨਵਾਦ ਕੀਤਾ। ਉਪਰੰਤ ਆਏ ਹੋਏ ਮਹਿਮਾਨਾਂ ਜਸਟਿਸ ਸ਼ਾਹਕਾਰ ਜੀ, ਪ੍ਰੋ. ਅਨੂਪ ਸਿੰਘ ਜੀ. ਡਾ. ਕੁਲਵੰਤ ਕੌਰ ਜੀ ਦਾ ਮਾਣ ਸਨਮਾਨ ਕੀਤਾ ਗਿਆ। ਪਰਮਿੰਦਰ ਸਿੰਘ ਪਰਵਾਨਾ ਜੀ ਨੂੰ ਭਰੂਣ ਹੱਤਿਆ ਦੇ ਇਸ ਯੁੱਗ ਵਿਚ ‘ ਗਿੰਨੀ ਸਿਮ੍ਰਤੀ ਗਰੰਥ’ ਦੀ ਸੰਪਾਦਨਾ ਕਰਨ ਲਈ ਅਤੇ ਪੰਜਾਬੀ ਸਾਹਿਤ ਸਭਾ ਦੇ ਪਰਬੰਧਕ ਦੀਆਂ ਸੇਵਾਵਾਂ ਕੁਸ਼ਲਤਾ ਨਾਲ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਡਾ. ਮਹਿੰਦਰ ਸਿੰਘ ਮਦਾਨ ਜੀ ਵੀ ਸ਼ਾਮਿਲ ਹੋਏ। ਸੁਰਿੰਦਰ ਸ਼ਰਮਾ, ਮਾਸਟਰ ਰਿੰਕੂ, ਸਥਾਪਿਤ ਗਾਇਕ ਸੁਲਤਾਨ ਅਖ਼ਤਰ, ਜਸਦੀਪ ਸਿੰਘ, ਗੁਰਮੀਤ ਸਿੰਘ ਬਰਸਾਲ, ਪ੍ਰੋ. ਸੁਰਜੀਤ ਸਿੰਘ ਨਨੂਆ, ਇੰਦਰਜੀਤ ਸਿੰਘ ਗਰੇਵਾਲ, ਪਰਮਜੀਤ ਸਿੰਘ ਦਾਖਾ, ਅਮਰਜੀਤ ਕੌਰ ਪਨੂੰ, ਗੁਲਸ਼ਨ ਦਿਆਲ, ਨਵਨੀਤ ਪਨੂੰ, ਪਰਮਿੰਦਰ ਸਿੰਘ ਪਰਵਾਨਾ, ਤਾਰਾ ਸਿੰਘ ਸਾਗਰ, ਪ੍ਰੋ, ਅਨੂਪ ਸਿੰਘ ਵਿਰਕ, ਜਸਟਿਸ ਸਅਈਦ ਆਸਫ਼ ਸ਼ਾਹਕਾਰ, ਕਮਲਦੇਵ ਪਾਲ ਸਿੰਘ, ਚਰਨਜੀਤ ਸਿੰਘ ਪਨੂੰ, ਤਰਲੋਚਨ ਸਿੰਘ ਲਾਲੀ, ਨੀਲਮ ਸੈਣੀ , ਕੁਲਦੀਪ ਸਿੰਘ ਢੀਂਡਸਾ, ਹਿੰਮਤ ਸਿੰਘ ਹਿੰਮਤ, ਈਸ਼ਰ ਸਿੰਘ ਮੋਮਨ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਉਪਰੋਕਤ ਸਾਹਿਤਕਾਰਾਂ ਤੋਂ ਇਲਾਵਾ 80 ਦੇ ਕਰੀਬ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਵਿਚ ਆਪਣੀ ਦਿਲਚਸਪੀ ਦਿਖਾਈ। ਅੰਤ ਵਿਚ ਕੁਲਦੀਪ ਸਿੰਘ ਜੀ ਢੀਂਡਸਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।