ਚੰਡੀਗੜ੍ਹ, (ਗੁਰਿੰਦਰਜੀਤ ਸਿੰਘ ਪੀਰਜੈਨ) :- “ਸਿੱਖ ਕੌਮ 1947 ਦੀ ਅਤਿ ਦੁਖਾਂਤਿਕ ਵੰਡ ਨੂੰ ਭੁੱਲ ਸਕਦੀ ਹੈ, ਆਪਣੇ ਧਨ-ਜਾਇਦਾਦਾਂ ਦੇ ਹੋਏ ਨੁਕਸਾਨ ਨੂੰ ਭੁੱਲ ਸਕਦੀ ਹੈ, ਲੇਕਿਨ 1984 ਵਿੱਚ ਗਿਣੀ ਮਿੱਥੀ ਸ਼ਾਜਿਸ ਅਧੀਨ ਸ਼੍ਰੀ ਹਰਮਿੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ 36 ਇਤਿਹਾਸਕ ਗੁਰੂ ਘਰਾਂ ਉੱਤੇ ਹੋਏ ਫੌਜੀ ਹਮਲੇ ਅਤੇ ਨਵੰਬਰ 1984 ਵਿੱਚ ਸਿੱਖ ਕੌਮ ਦੀ ਕੀਤੀ ਗਈ ਨਸਲਕੁਸੀ ਅਤੇ ਕਤਲੇਆਮ ਅਤੇ ਆਪਣੀਆਂ ਧੀਆਂ ਭੈਣਾਂ ਨਾਲ ਹੋਏ ਜ਼ਬਰ-ਜਿਨਾਹ ਨੂੰ ਇੱਕ ਪਲ ਵੀ ਨਹੀਂ ਭੁੱਲ ਸਕਦੀ ਅਤੇ ਨਾ ਹੀ ਅਸੀਂ ਕਾਤਿਲ ਹਿੰਦੂਤਵ ਹੁਕਮਰਾਨਾਂ ਨੂੰ ਇਸ ਲਈ ਕਦੇ ਮੁਆਫ਼ ਕਰਾਂਗੇ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਦੇ ਗ੍ਰਹਿ ਵਜ਼ੀਰ ਸ਼੍ਰੀ ਪੀ ਚਿਦੰਬਰਮ ਵੱਲੋ ਬਲਿਊ ਸਟਾਰ ਦੀ ਫੌਜੀ ਕਾਰਵਾਈ ਅਤੇ ਸਿੱਖ ਕਤਲੇਆਮ ਦੇ ਹੋਏ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਵਰਤਾਰੇ ਨੂੰ ਜੋ ਸਿੱਖ ਕੌਮ ਨੂੰ ਭੁੱਲ ਜਾਣ ਦੀ ਗੱਲ ਕਹੀ ਹੈ, ਉਸਦਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇਸਨੂੰ ਸਿੱਖ ਕੌਮ ਦੇ ਅੱਲ੍ਹੇ ਜਖਮਾਂ ਨੂੰ ਫਿਰ ਤੋ ਵਲੂੰਧਰਣ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਦੇਣ ਵਾਲਾ ਪੀ ਚਿਦੰਬਰਮ ਸਿੱਖ ਕੌਮ ਦਾ ਸਭ ਤੋ ਵੱਡਾ ਉਹ ਕਾਤਿਲ ਹੈ ਜਿਸਨੇ ਹਿੰਦ ਦੀ ਅੰਦਰੂਨੀ ਸੁਰੱਖਿਆ ਦਾ ਇੰਚਾਰਜ ਹੋਣ ਦੇ ਨਾਤੇ ਰੂਸ ਤੋ ਏ ਕੇ 47, ਏ ਕੇ 74 ਅਤੇ ਹੋਰ ਵਿਸਫੋਟਕ ਸਮੱਗਰੀ ਦੇ ਭੰਡਾਰਾਂ ਨੂੰ ਜਹਾਜ ਰਾਹੀਂ ਬੀਤੇ ਸਮੇ ਵਿੱਚ ਪੂਰਲੀਆ (ਬਿਹਾਰ) ਵਿੱਚ ਸੁੱਟਵਾਏ ਸਨ। ਫਿਰ ਇਨ੍ਹਾ ਹਥਿਆਰਾਂ ਦੀ ਦੁਰਵਰਤੋ ਕਰਦੇ ਹੋਏ ਪੰਜਾਬ ਵਿੱਚ ਸਿੱਖ ਨੌਜਵਾਨੀ ਦੇ ਖੂਨ ਨਾਲ ਹੋਲੀ ਖੇਡੀ ਗਈ ਸੀ ਅਤੇ ਸਰਬੱਤ ਦਾ ਭਲਾ ਲੋੜਣ ਵਾਲੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉਤੇ ਇਸ ਸਖਸ ਨੇ ਬਦਨਾਮ ਕਰਨ ਦੀ ਸ਼ਾਜਿਸ ਰਚੀ ਸੀ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਸਮਾਂ ਪਹਿਲਾ ਸਿੱਖ ਕੌਮ ਦੇ 54 ਕਾਤਿਲਾਂ ਦੀਆਂ ਫੋਟੋਆਂ ਸਮੇਤ ਕੈਲੰਡਰ ਜਾਰੀ ਕੀਤਾ ਸੀ, ਉਸ ਵਿੱਚ ਪੀ ਚਿਦੰਬਰਮ ਪਹਿਲੇ ਨੰਬਰਾਂ ਵਿੱਚ ਆਉਦੇ ਹਨ। ਸਿੱਖ ਕੌਮ ਆਪਣੇ ਕਿਸੇ ਵੀ ਕਾਤਿਲ ਨੂੰ ਬਿਲਕੁੱਲ ਨਹੀਂ ਬਖਸੇਗੀ ਅਤੇ ਇਨ੍ਹਾ ਮਨੁੱਖਤਾ ਦੇ ਦੁਸ਼ਮਣਾਂ ਨੂੰ ਅੰਤ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ। ਇਸ ਲਈ ਸਿੱਖ ਕੌਮ ਦੇ ਕਾਤਿਲ ਸਾਨੂੰ ਸਲਾਹਾਂ ਦੇਣ ਦੀ ਬਜਾਏ, ਆਪਣੀ ਕਬਰਾਂ ਦੇ ਸਥਾਨ ਨਿਸ਼ਚਿਤ ਕਰ ਲੈਣ, ਕਿਉਂਕਿ ਆਉਣ ਵਾਲਾ ਸਮਾ ਸਿੱਖ ਕੌਮ ਦਾ ਹੈ ਅਤੇ ਅੰਗਰੇਜ਼ਾਂ ਵੱਲੋ ਸਿੱਖ ਕੌਮ ਦੀ ਮੁਲਤਵੀ ਕੀਤੀ ਗਈ ਬਾਦਸ਼ਾਹੀ ਬਹਾਲ ਹੋਣ ਵਾਲੀ ਹੈ।
ਸ: ਮਾਨ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਲਈ ਕੀਤੇ ਗਏ ਸ਼ਾਜਿਸੀ ਹੁਕਮਾਂ ਉੱਤੇ ਬਗਾਵਤੀ ਸੁਰ ਅਪਣਾਉਦੇ ਹੋਏ ਕਿਹਾ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਹਿੰਦ ਦੇ ਜ਼ਾਲਮ ਹੁਕਮਰਾਨ ਅਤੇ ਕਾਨੂੰਨ ਫਾਂਸੀ ਦੇ ਹੀ ਨਹੀਂ ਸਕਦਾ ਕਿਉਂਕਿ ਪ੍ਰੋ: ਭੁੱਲਰ ਦਾ ਕੋਈ ਵੀ ਕਾਨੂੰਨੀ ਅਤੇ ਇਖਲਾਕੀ ਦੋਸ਼ ਹੀ ਸਾਬਿਤ ਨਹੀਂ ਹੋਇਆ। ਫਿਰ ਉਸਨੇ ਆਪਣੀ ਜਿੰਦਗੀ ਦੇ ਕੀਮਤੀ 17 ਸਾਲ ਦੀ ਲੰਮੀ ਜ਼ੇਲ੍ਹ ਦੀ ਨਰਕ ਵਿੱਚ ਬਿਤਾਏ ਹਨ, ਜਿਸਦੀ ਜਿੰਮੇਵਾਰ ਹਿੰਦੂਤਵ ਹਕੂਮਤ ਅਤੇ ਅਦਾਲਤਾਂ ਹਨ। ਇਨ੍ਹਾ 17 ਸਾਲਾਂ ਦੇ ਨਰਕ ਦੇ ਜੀਵਨ ਦਾ ਹਿਸਾਬ ਵੀ ਸਿੱਖ ਕੌਮ ਇਸ ਹਿੰਦੂਤਵ ਹਕੂਮਤ ਤੋ ਅਵੱਸ਼ ਲਵੇਗੀ। ਉਨ੍ਹਾ ਕਿਹਾ ਕਿ ਜੇਕਰ ਕੌਮਾਂਤਰੀ ਕਾਨੂੰਨਾਂ, ਮਨੁੱਖੀ ਅਧਿਕਾਰਾਂ ਦੇ ਨਿਯਮਾਂ, ਜਮਹੂਰੀਅਤ ਪਸੰਦ ਮੁਲਕਾਂ ਅਤੇ ਸਿੱਖ ਕੌਮ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਹਿੰਦੂਤਵ ਹਕੂਮਤ ਨੇ ਪ੍ਰੋ: ਭੁੱਲਰ ਨੂੰ ਫਾਂਸੀ ਲਾਉਣ ਦੀ ਬੱਜਰ ਗੁਸਤਾਖੀ ਕੀਤੀ ਤਾਂ ਸਿੱਖ ਕੌਮ ਇਸਨੂੰ ਬਿਲਕੁੱਲ ਬਰਦਾਸਿਤ ਨਹੀਂ ਕਰੇਗੀ ਅਤੇ ਹਿੰਦੂਤਵ ਹਕੂਮਤ ਦੀ ਇਹ ਆਖਰੀ ਹਕੂਮਤ ਹੋਵੇਗੀ ਅਤੇ ਸਿੱਖ ਕੌਮ ਦੇ ਕਾਤਿਲਾਂ ਨੂੰ ਦੁਨੀਆ ਵਿੱਚ ਕਿਤੇ ਵੀ ਲੁਕਣ ਜਾਂ ਛਿੱਪਣ ਲਈ ਥਾਂ ਨਹੀਂ ਲੱਭੇਗੀ।