ਨਵੀਂ ਦਿੱਲੀ – ਅਸੀਂ ਬੀਤੇ 42 ਵਰ੍ਹਿਆਂ ਤੋਂ ਜਿਸ ਰੋਸ਼ਨੀ ਦੀ ਤਲਾਸ਼ ਵਿਚ ਭਟਕ ਰਹੇ ਸਾਂ, ਉਹ ਅੱਜ ਇਥੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰ, ਕਥਾ-ਕੀਰਤਨ ਸਰਵਣ ਕਰ ਅਤੇ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਪ੍ਰੰਪਰਾਵਾਂ ਵਿਚ ਹਿੱਸਾ ਲੈ ਕੇ ਪ੍ਰਾਪਤ ਹੋਈ ਹੈ। ਇਹ ਵਿਚਾਰ ਸੁਲਭ ਇੰਟਰਨੈਸ਼ਨਲ ਸੋਸ਼ਲ ਸਰਵਿਸ ਆਰਗੇਨਾਇਜੇਸ਼ਨ ਦੇ ਮੁਖੀ ਡਾ. ਬਿੰਦੇਸ਼ਵਰ ਪਾਠਕ ਨੇ ਇਥੇ ਇਕ ਸਮਾਗਮ ਦੌਰਾਨ ਪ੍ਰਗਟ ਕੀਤੇ।
ਡਾ. ਬਿੰਦੇਸ਼ਵਰ ਪਾਠਕ ਬੀਤੇ ਦਿਨੀਂ ਆਪਣੀ ਜੱਥੇਬੰਦੀ ਵਲੋਂ ਅਲਵਰ ਵਿਖੇ ਮੈਲਾ ਢੋਣ ਵਾਲੀਆਂ ਬੀਬੀਆਂ ਅਤੇ ਉਨ੍ਹਾਂ ਦੀਆਂ ਬੱਚੀਆਂ ਨੂੰ ਸਮਾਜਕ ਸਨਮਾਨ ਦੁਆਉਣ ਲਈ ਚਲਾਈ ਜਾ ਰਹੀ ਸੰਸਥਾ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਦੀ ਇਕ ਟੀਮ ਦੇ ਨਾਲ ਦੇਸ਼ ਦੇ ਧਰਮ-ਅਸਥਾਨਾਂ ਦੀ ਯਾਤਰਾ ਕਰਦੇ ਹੋਏ ਇਥੇ ਪੁੱਜੇ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਵਲੋਂ ਆਯੋਜਿਤ ਪ੍ਰੋਗਰਾਮ ਅਧੀਨ ਇਸ ਟੀਮ ਨੂੰ ਕੁਝ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਉਣ ਦਾ ਪ੍ਰਬੰਧ ਕਰਵਾਇਆ। ਇਸ ਦੌਰਾਨ ਟੀਮ ਮੈਂਬਰਾਂ ਨੇ ਜਿੱਥੇ ਕਥਾ-ਕੀਰਤਨ ਸਰਵਣ ਕੀਤਾ, ਉਥੇ ਹੀ ਪ੍ਰਬੰਧ ਨੂੰ ਵੇਖਣ ਅਤੇ ਲੰਗਰ ਛਕਣ ਦੇ ਨਾਲ ਲੰਗਰ ਤਿਆਰ ਕਰਨ ਦੀ ਸੇਵਾ ਵਿਚ ਵੀ ਹਿੱਸਾ ਲਿਆ।
ਇਸ ਤੋਂ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਰਕਾਬ ਗੰਜ ਸਥਿਤ ਕਾਨਫ੍ਰੰਸ ਹਾਲ ਵਿਚ, ਜਿਥੇ ਇਸ ਟੀਮ ਦੇ ਮੁਖੀਆਂ ਨੂੰ ਸਿਰੋਪਾ ਦੀ ਬਖਸ਼ਸ਼ ਕਰ ਸਨਮਾਨਤ ਕੀਤਾ ਗਿਆ, ਉਥੇ ਹੀ ਸ. ਤਰਸੇਮ ਸਿੰਘ ਨੇ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਤੇ ਮਾਨਤਾਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੰਗਤ, ਪੰਗਤ ਅਤੇ ਸਰੋਵਰਾਂ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਦੇਸ਼ ਵਿਚੋਂ ਊਚ-ਨੀਚ ਤੇ ਰਾਜਾ-ਰੰਕ ਵਿਚਲੀ ਦੂਰੀ ਨੂੰ ਖਤਮ ਕਰ ਸਮਾਜ ਵਿਚ ਸਮਾਨਤਾ ਤੇ ਬਰਾਬਰਤਾ ਲਿਆਉਣ ਲਈ ਕੀਤੀ ਹੈ। ਹਰ ਵਰਗ, ਜਾਤੀ ਤੇ ਫਿਰਕੇ ਦਾ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਲਈ ਆ ਸਕਦਾ ਹੈ, ਸੰਗਤ ਵਿਚ ਬੈਠ ਕਥਾ-ਕੀਰਤਨ ਸਰਵਣ ਕਰ ਸਕਦਾ ਹੈ, ਪੰਗਤ ਵਿਚ ਬੈਠ ਕੇ ਲੰਗਰ ਛਕ ਸਕਦਾ ਹੈ ਅਤੇ ਸਰੋਵਰ ਵਿਚ ਬਿਨਾ ਭੇਡ-ਭਾਵ ਦੇ ਇਸ਼ਨਾਨ ਕਰ ਸਕਦਾ ਹੈ। ਉਹ ਲੰਗਰ ਵਿਚ ਪ੍ਰਸ਼ਾਦੇ ਪਕਾਉਣ, ਸਬਜ਼ੀਆਂ ਬਣਾਉਣ ਅਤੇ ਭਾਂਡੇ ਸਾਫ ਕਰਨ ਦੀ ਸੇਵਾ ਵਿਚ ਵੀ ਹਿੱਸਾ ਲੈ ਸਕਦਾ ਹੈ।
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਆਪਣੇ ਅਨੁਭਵ ਦੱਸਦਿਆਂ ਟੀਮ ਦੀ ਇਕ ਬੀਬੀ ਨੇ ਦੱਸਿਆ ਕਿ ਉਸ ਨੂੰ ਲੰਗਰ ਵਿਚ ਫੁਲਕੇ ਵੇਲ ਅਤੇ ਪਕਾ ਕੇ ਜੋ ਖੁਸ਼ੀ ਅੱਜ ਪ੍ਰਾਪਤ ਹੋਈ ਹੈ, ਉਹ ਜੀਵਨ ਵਿਚ ਕਦੇ ਵੀ ਪ੍ਰਾਪਤ ਨਹੀਂ ਸੀ ਹੋਈ। ਅੱਜ ਉਸ ਨੇ ਮਹਿਸੂਸ ਕੀਤਾ ਹੈ ਕਿ ਸੰਸਾਰ ਵਿਚ ਕੋਈ ਧਰਮ ਅਤੇ ਉਸ ਦੇ ਪੈਰੋਕਾਰ ਅਜਿਹੇ ਹਨ, ਜੋ ਉਨ੍ਹਾਂ ਨੂੰ ਆਪਣੇ ਬਰਾਬਰ ਬਿਠਾ, ਬਰਾਬਰ ਦਾ ਸਨਮਾਨ ਦੇ ਸਕਦੇ ਹਨ।
ਇਕ ਹੋਰ ਬੀਬੀ ਨੇ ਕਿਹਾ ਕਿ ਅੱਗੇ ਵੀ ਉਹ ਅਲਵਰ ਦੇ ਇਕ ਗੁਰਦੁਆਰੇ ਵਿਚ ਪੰਗਤ ਵਿਚ ਬੈਠ ਕੇ ਲੰਗਰ ਛਕਦੀ ਰਹੀ ਹੈ, ਪਰ ਦਿਲੋਂ ਡਰੀ-ਡਰੀ ਰਹਿੰਦੀ ਸੀ, ਕਿ ਕੋਈ ਉਠਾ ਕੇ ਬਾਹਰ ਨਾ ਕਰ ਦੇਵੇ, ਪਰ ਅੱਜ ਗੁਰਦੁਆਰਾ ਸਾਹਿਬ ਵਿਖੇ ਸਾਰਿਆਂ ਦੇ ਬਰਾਬਰ ਬੈਠ ਕੇ ਲੰਗਰ ਛਕਣ ਵਿਚ ਜੋ ਸੰਤੁਸ਼ਟਤਾ ਪ੍ਰਾਪਤ ਹੋਈ ਹੈ, ਉਸ ਦਾ ਪ੍ਰਭਾਵ ਉਸ ਪੁਰ ਜੀਵਨ ਭਰ ਬਣਿਆ ਰਹੇਗਾ। ਇਸ ਮੌਕੇ ਤੇ ਧਰਮ ਪ੍ਰਚਾਰ ਕਮੇਟੀ ਦੇ ਦੂਸਰੇ ਮੁਖੀਆਂ, ਸ. ਕੁਲਬੀਰ ਸਿੰਘ ਸਾਬਕਾ ਏ. ਜੀ. ਐਮ. ਪੰਜਾਬ ਐਂਡ ਸਿੰਧ ਬੈਂਕ, ਵਾਈਸ ਚੇਅਰਮੈਨ ਜ. ਸੰਤੋਖ ਸਿੰਘ ਅਤੇ ਡਾ. ਇੰਦਰ ਸਿੰਘ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨੇ ਵੀ ਸਿੱਖ ਧਰਮ ਸਬੰਧੀ ਜਾਣਕਾਰੀ ਟੀਮ ਨਾਲ ਸਾਂਝੀ ਕੀਤੀ।
ਇਸ ਟੀਮ ਦੇ ਮੁਖੀ ਡਾ. ਬਿੰਦੇਸ਼ਵਰ ਪਾਠਕ ਨੇ ਆਪਣੀ ਟੀਮ ਦੇ ਸਨਮਾਨ ਦੇ ਜਵਾਬ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੁਖੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਤੇ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਾਕਸ਼ਤ ਸਿੱਖ ਸਾਹਿਤ (ਹਿੰਦੀ) ਟੀਮ ਦੇ ਸਾਰੇ ਮੈਂਬਰਾਂ ਨੂੰ ਭੇਂਟ ਕੀਤਾ ਗਿਆ।