ਲੁਧਿਆਣਾ-: ਪੰਜਾਬ ਸਰਕਾਰ ਦੇ ਸੇਵਾ ਮੁਕਤ ਅਧਿਕਾਰੀ ਸ. ਇਕਬਾਲ ਸਿੰਘ ਸਿੱਧੂ ਆਈ ਏ ਐਸ ਅਤੇ ਉਘੇ ਸਮਾਜ ਸੇਵਕ ਹਰਦਿਆਲ ਸਿੰਘ ਅਮਨ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਰਪ੍ਰਸਤ ਬਣਨ ਮੌਕੇ ਪੁਸ਼ਪਮਾਲਾ ਭੇਂਟ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਹੈ ਕਿ ਸਿਰਫ ਸਾਹਿਤ ਸਿਰਜਣਾ ਹੀ ਨਹੀਂ, ਸਗੋਂ ਸਾਹਿਤ ਦੀ ਸਰਪ੍ਰੋਸਤੀ ਕਰਨ ਵਾਲੇ ਦੋਸਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਕਾਦਮੀ ਦੇ ਮੈਂਬਰ ਸਵ: ਪ੍ਰਿੰਸੀਪਲ ਦਲੀਪ ਸਿੰਘ ਸਿੱਧੂ ਦੇ ਬੇਟੇ ਇਕਬਾਲ ਸਿੰਘ ਸਿੱਧੂ ਨੇ ਇਸ ਮਹਾਨ ਸੰਸਥਾ ਨਾਲ ਆਪਣੀ ਸਾਂਝ ਮੁੜ ਪੱਕੀ ਕੀਤੀ ਹੈ, ਜਿਸ ਦਾ ਸਾਨੂੰ ਵੀ ਮਾਣ ਹੋਵੇਗਾ। ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਨੇਡਾ ਫੇਰੀ ਦੌਰਾਨ 10 ਨਵੇਂ ਸਰਪ੍ਰਸਤ ਅਕਾਦਮੀ ਪਰਿਵਾਰ ’ਚ ਜੁੜੇ ਹਨ, ਜੋ ਕਿ ਖੁਸ਼ੀ ਵਾਲੀ ਗੱਲ ਹੈ। ਅਕਾਦਮੀ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਇਨ੍ਹਾਂ ਦੋਹਾਂ ਸਰਪ੍ਰਸਤਾਂ ਨੂੰ ਅਕਾਦਮੀ ਦੀਆਂ ਸਰਗਰਮੀਆਂ ਵਿਚ ਨਿਰੰਤਰ ਸਰਪ੍ਰਸਤੀ ਦੇਣ ਲਈ ਅਪੀਲ ਕਰਦਿਆਂ ਕਿਹਾ ਕਿ ਅਸ਼ਵਨੀ ਚੈਟਲੇ ਵੀ ਸਾਡੇ ਸਰਪ੍ਰਸਤ ਹਨ, ਅਤੇ ਇਨ੍ਹਾਂ ਨੇ ਪੰਜਾਬੀ ਰੰਗਮੰਚ ਨਾਲ ਸਬੰਧਤ ਸਰਗਰਮੀਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲਈ ਹੈ। ਸ. ਜਗਦੇਵ ਸਿੰਘ ਜੱਸੋਵਾਲ ਨੇ ਸ. ਹਰਦਿਆਲ ਸਿੰਘ ਅਮਨ ਨੂੰ ਆਪਣੇ ਵਲੋਂ ਸਿਰੋਪਾ ਭੇਂਟ ਕੀਤਾ।
ਸ. ਇਕਬਾਲ ਸਿੰਘ ਸਿੱਧੂ ਅਤੇ ਹਰਦਿਆਲ ਸਿੰਘ ਅਮਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਰਪ੍ਰਸਤ ਬਣੇ
This entry was posted in ਪੰਜਾਬ.