ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਵਲੋਂ ਸੁਨਿਹਰੀ ਬੀੜਾਂ ਵਿਚ ਗਲਤੀਆਂ ਹੋਣ ਦੇ ਸਬੰਧ ਵਿਚ ਕਨਾਡਾ ਦੇ ਇਕ ਰੇਡੀਓ ਪੁਰ ਹੋਈ ਗੱਲਬਾਤ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀਆਂ ਵਿਰੁੱਧ ਵਰਤੀ ਗਈ ਮੰਦ-ਭਾਸ਼ਾ ਦੇ ਸਬੰਧ ਵਿਚ ਟਿੱਪਣੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਜਿਹੀ ਮੰਦ-ਭਾਸ਼ਾ ਉਹੀ ਵਰਤ ਸਕਦਾ ਹੈ, ਜਿਸਦਾ ਪਿਛੋਕੜ ਮੰਦ-ਭਾਸ਼ਾਈ ਲੋਕਾਂ ਨਾਲ ਸਬੰਧਤ ਰਿਹਾ ਹੋਵੇ ਜਾਂ ਫਿਰ ਗੁਰੂ ਗੋਲਕ ਖਾ ਜਿਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੋਵੇ।
ਸ. ਸਰਨਾ ਨੇ ਦੱਸਿਆ ਕਿ ਜ. ਅਵਤਾਰ ਸਿੰਘ ਮੱਕੜ ਇਨ੍ਹਾਂ ਵਿਵਾਦਤ ਬੀੜਾਂ ਨਾਲ ਸ਼੍ਰੋਮਣੀ ਕਮੇਟੀ ਦਾ ਸਬੰਧ ਹੋਣ ਤੋਂ ਇਨਕਾਰ ਕਰ ਰਹੇ ਹਨ, ਜਦਕਿ ਇਸ ਗੱਲ ਦੇ ਠੋਸ ਸਬੂਤ ਮੌਜੂਦ ਹਨ ਕਿ ਸ਼੍ਰੋਮਣੀ ਕਮੇਟੀ ਦੀ ਗੱਡੀ ਰਾਹੀਂ ਹੀ ਇਹ ਬੀੜਾਂ ਫਗਵਾੜਾ ਸਿੰਘ ਸਭਾ ਅਤੇ ਗੁਰਾਏ ਦੇ ਇਤਿਹਾਸਕ ਗੁਰਦੁਆਰੇ ਪਹੁੰਚਾਈਆਂ ਗਈਆਂ ਹਨ। ਜ. ਮੱਕੜ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਬੋਰਡ ਚੋਣ ਦੌਰਾਨ ਬਾਦਲ ਅਕਾਲੀ ਦਲ ਦੇ ਉਮੀਦਵਾਰ ਸ. ਪ੍ਰਹਿਲਾਦ ਸਿੰਘ ਚੰਢੋਕ ਵਲੋਂ ਸ. ਤਰਸੇਮ ਸਿੰਘ ਦੀ ਵੋਟ 9 ਲੱਖ ਰੁਪਏ ਵਿਚ ਖ੍ਰੀਦੇ ਜਾਣ ਦੇ ਲਾਏ ਗਏ ਦੋਸ਼ ਦੀ ਚਰਚਾ ਕਰਦਿਆਂ ਸ. ਸਰਨਾ ਨੇ ਕਿਹਾ ਕਿ ਜ. ਮੱਕੜ ਨੇ ਖੁਦ ਸਵੀਕਾਰ ਕਰ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਸ. ਪ੍ਰਕਾਸ਼ ਸਿੰਘ ਬਾਦਲ ਕਾਲੀ ਕਮਾਈ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨ ਲਈ ਕਮੇਟੀ ਦੇ ਮੈਂਬਰਾਂ ਨੂੰ ਖ੍ਰੀਦਣ ਦੇ ਦੋਸ਼ੀ ਹਨ। ਇਸ ਦੇ ਨਾਲ ਹੀ ਸ. ਸਰਨਾ ਨੇ ਪੁੱਛਿਆ ਕਿ ਜੋ ਮੈਂਬਰ 9 ਲੱਖ ਰੁਪਏ ਲੈ ਕੇ ਵਿਕ ਰਿਹਾ ਸੀ, ਉਸ ਨੂੰ ਜ. ਮੱਕੜ ਨੇ ਸ਼੍ਰੋਮਣੀ ਕਮੇਟੀ ਵਲੋਂ ਗੱਡੀ ਤੇ ਹੋਰ ਸਹੂਲਤਾਂ ਦੇ ਨਾਲ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਸੀ? ਜ. ਮੱਕੜ ਵਲੋਂ ਸ. ਤਰਸੇਮ ਸਿੰਘ ਪੁਰ ਯੂ. ਪੀ. ਵਿਚ ਧਰਮ-ਪ੍ਰਚਾਰ ਲਈ ਦੋ ਕਰੋੜ ਰੁਪਏ ਦੇ ਬਜਟ ਦੀ ਮੰਗ ਕੀਤੇ ਜਾਣ ਦੇ ਲਾਏ ਗਏ ਦੋਸ਼ ਦੇ ਸਬੰਧ ਵਿਚ ਸ. ਸਰਨਾ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਜ. ਮੱਕੜ ਨੇ ਯੂ. ਪੀ. ਵਿਚ ਧਰਮ ਪ੍ਰਚਾਰ ਲਈ ਇਹ ਬਜਟ ਅਲਾਟ ਕਰਨ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਸੀ, ਕਿਉਂਕਿ ਸ. ਤਰਸੇਮ ਸਿੰਘ ਨੇ ਬਜਟ ਵਿਚੋਂ 1 ਕਰੋੜ 10 ਲੱਖ ਰੁਪਏ ਜ. ਮੱਕੜ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਦੇਣਾ ਸਵੀਕਾਰ ਨਹੀਂ ਸੀ ਕੀਤਾ। ਜਿਸ ਕਾਰਣ ਜ. ਮੱਕੜ ਨੇ ਇਹ ਕਹਿ ਦਿੱਤਾ ਕਿ ਯੂ. ਪੀ. ਵਿਚ ਸ਼੍ਰੋਮਣੀ ਕਮੇਟੀ ਵਲੋਂ ਬੜਾ ਪ੍ਰਚਾਰ ਕੀਤਾ ਜਾ ਚੁੱਕਾ ਹੈ, ਹੋਰ ਕਰਨ ਦੀ ਲੋੜ ਨਹੀਂ।
ਜ. ਮੱਕੜ ਵਲੋਂ ਕੰਨਟੇਨਰ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਦੇਸ਼ ਭੇਜੇ ਜਾਣ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਲਾਏ ਗਏ ਦੋਸ਼ ਸਬੰਧੀ ਸ. ਸਰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਸ ਕੰਨਟੇਨਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭੇਜੇ ਗਏ, ਉਸ ਦੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪ ਦਿੱਲੀ ਪਹੁੰਚ ਕੇ ਕੰਨਟੇਨਰ ਦੀ ਅੰਦਰੋਂ-ਬਾਹਰੋਂ ਜਾਂਚ ਕੀਤੀ ਸੀ ਅਤੇ ਜਾਂਚ ਕਰਨ ਤੋਂ ਬਾਅਦ ਸਵੀਕਾਰ ਕੀਤਾ ਸੀ ਕਿ ਜਿਸ ਤਰ੍ਹਾਂ ਸਤਿਕਾਰ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਹਰ ਭੇਜ ਰਹੀ ਹੈ, ਉਸ ਤਰ੍ਹਾਂ ਤਾਂ ਸ਼੍ਰੋਮਣੀ ਕਮੇਟੀ ਵਲੋਂ ਵੀ ਨਹੀਂ ਭੇਜੇ ਜਾਂਦੇ।
ਜਮਨਾ ਪਾਰ ਦੀ ਇਕ ਬੇਸਮੈਂਟ ਵਿਚ ਪਾਣੀ ਭਰ ਜਾਣ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਦੀਆਂ ਬੀੜਾਂ ਅਤੇ ਗੁਰਬਾਣੀ ਦੇ ਗੁਟਕਿਆਂ ਦੀ ਹੋਈ ਬੇਅਦਬੀ ਬਾਰੇ ਜ. ਮੱਕੜ ਦੇ ਲਾਏ ਦੋਸ਼ਾਂ ਬਾਰੇ ਸ. ਸਰਨਾ ਨੇ ਕਿਹਾ ਕਿ ਇਨ੍ਹਾਂ ਵਿਚ ਬਹੁਤਾ ਸਾਹਿਤ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਕੀਤਾ ਅਤੇ ਦਾਦਾ ਚੇਲਾ ਰਾਮ ਦੀ ਪ੍ਰਕਾਸ਼ਨਾ ਨੂੰ ਦਿੱਤਾ ਗਿਆ ਹੋਇਆ ਸੀ। ਜਿਸ ਦੀ ਸੰਭਾਲ ਕਿਵੇਂ ਹੋ ਰਹੀ ਹੈ, ਸ਼੍ਰੋਮਣੀ ਕਮੇਟੀ ਵਲੋਂ ਇਸ ਗੱਲ ਦਾ ਕਦੀ ਪਤਾ ਨਹੀਂ ਸੀ ਕੀਤਾ ਗਿਆ। ਜਦੋਂ ਬੇਸਮੈਂਟ ਵਿਚ ਪਾਣੀ ਭਰ ਜਾਣ ਨਾਲ ਧਾਰਮਕ ਸਾਹਿਤ ਦੀ ਹੋਈ ਬੇਅਦਬੀ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ (ਸ. ਸਰਨਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਮੁਖੀਆਂ ਨਾਲ ਮੌਕੇ ਤੇ ਪੁੱਜੇ ਤੇ ਜਾਂਚ-ਪੜਤਾਲ ਕਰ ਧਾਰਮਕ ਸਾਹਿਤ ਦੀ ਸੁਚੱਜੀ ਸੰਭਾਲ ਕਰਨ ਦੇ ਆਦੇਸ਼ ਦਿੱਤੇ। ਪਰ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਨੇ ਆ ਕੇ ਜਦੋਂ ਆਪਣਾ ਗੁਨਾਹ ਨੰਗਾ ਹੁੰਦਾ ਵੇਖਿਆ ਤਾਂ ਉਸ ਨੂੰ ਛੁਪਾਉਣ ਲਈ ਤੁਰੰਤ ਹੀ ਸਾਰੇ ਸਾਹਿਤ ਨੂੰ ਗੱਡੀਆਂ ਵਿਚ ਭਰਵਾ ਇਥੋਂ ਲੈ ਗਏ। ਸ. ਸਰਨਾ ਨੇ ਪੁੱਛਿਆ ਕਿ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ ਇਸ ਘਟਨਾ ਦੀ ਜੋ ਜਾਂਚ ਕੀਤੀ ਹੈ, ਉਸ ਦੀ ਰਿਪੋਰਟ ਅਜੇ ਤੱਕ ਜਾਰੀ ਕਿਉਂ ਨਹੀਂ ਕੀਤੀ ਗਈ ਹੈ? ਫਿਰ ਉਨ੍ਹਾਂ ਆਪ ਹੀ ਦੱਸਿਆ ਕਿ ਅਜਿਹਾ ਇਸ ਕਰਕੇ ਨਹੀਂ ਕੀਤਾ ਗਿਆ, ਕਿਉਂਕਿ ਬਾਦਲ ਦਲ ਦੇ ਹੀ ਇਕ ਮੁਖੀ ਨੇ ਦਬਾਉ ਪਾ ਕੇ ਇਹ ਜਾਂਚ ਰਿਪੋਰਟ ਰੱਦੀ ਦੀ ਟੋਕਰੀ ਵਿਚ ਸੁੱਟਵਾ ਦਿੱਤੀ ਤੇ ਹੁਣ ਜ. ਮੱਕੜ ਇਸ ਨੂੰ ਲੈ ਕੇ ਸਿਆਸਤ ਕਰਨ ਲੱਗੇ ਹਨ।
ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਏ ਜਾਣ ਬਾਰੇ ਜ. ਮੱਕੜ ਵਲੋਂ ਕੀਤੇ ਗਏ ਦਾਅਵੇ ਪੁਰ ਟਿੱਪਣੀ ਕਰਦਿਆਂ ਸ. ਸਰਨਾ ਨੇ ਕਿਹਾ ਕਿ ਜ. ਮੱਕੜ ਦੱਸਣ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਲਈ ਕਾਰਵਾਈ ਕਰਨ ਦੇ ਦਿੱਤੇ ਗਏ ਆਦੇਸ਼ ਪੁਰ ਸ਼੍ਰੋਮਣੀ ਕਮੇਟੀ ਨੇ ਕਿਹੜੀ ਕਾਰਵਾਈ ਕੀਤੀ ਹੈ? ਅੱਜ ਜਦੋਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਪਰੀਮ ਕੋਰਟ ਵਿਚ ਰਾਸ਼ਟਰਪਤੀ ਦੇ ਫੈਸਲੇ ਪੁਰ ਪੁਨਰ-ਵਿਚਾਰ ਦੀ ਕੀਤੀ ਗਈ ਅਪੀਲ ਕਾਰਣ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ ਹੋਣ ਦੀਆਂ ਸੰਭਾਵਨਾਵਾਂ ਬਣਨ ਲੱਗੀਆਂ ਹਨ ਤਾਂ ਉਨ੍ਹਾਂ ਨੇ ਮੱਥੇ ਟਿੱਕੇ ਲਾ ਕੇ ਸ਼ਹੀਦ ਬਣਨ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ ਹੈ।