ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਪੰਜਾਬ ਖੇਤੀਬਾੜੀ ਨਿਰਦੇਸ਼ਕ ਡਾ. ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਵਿਕਾਸ ਕਰਨ ਅਤੇ ਕਣਕ ਉਤਪਾਦਨ ਵਿਚ ਰਿਕਾਰਡ ਤੋੜ ਪ੍ਰਾਪਤੀ ਬਦਲੇ ਮਿਲਿਆ ਕੌਮੀ ਸਨਮਾਨ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਗਿਆਨੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਆਖਿਆ ਕਿ ਹਰੇ ਇਨਕਲਾਬ ਤੋਂ ਬਾਅਦ ਪਹਿਲੀ ਵਾਰ ਪੰਜਾਬ ਨੇ 164.75 ਲੱਖ ਮੀਟਰਕ ਕਣਕ ਪੈਦਾ ਕਰਕੇ ਕੇਂਦਰੀ ਰਾਜ ਭੰਡਾਰ ਵਿਚ ਵੱਡਾ ਹਿੱਸਾ ਪਾਇਆ ਹੈ। ਉਨ੍ਹਾਂ ਆਖਿਆ ਕਿ ਇਸ ਵਾਰ 110.93 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ, ਇਸ ਤੋਂ ਬਾਅਦ ਸਾਡੇ ਸਾਹਮਣੇ ਵੱਡਾ ਟੀਚਾ ਨਰਮੇ ਦਾ ਉਤਪਾਦਨ ਵਧਾਉਣਾ ਹੈ। ਉਨ੍ਹਾਂ ਆਖਿਆ ਕਿ 750 ਕਿਲੋ ਰੋਮ ਪ੍ਰਤੀ ਹੈਕਟੇਅਰ ਸਾਡਾ ਮਕਸਦ ਹੈ ਅਤੇ ਇਸ ਕੰਮ ਲਈ ਸਰ ਰਤਨ ਟਾਟਾ ਟਰੱਸਟ, ਮਾਰਕਫੈਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਨਾਲ ਲਗਭਗ 50 ਫੀਸਦੀ ਨਰਮਾ ਬੀਜਦੇ ਪਿੰਡਾਂ ਵਿਚ ਸਾਡੀ ਪਹੁੰਚ ਹੋ ਗਈ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਵਿਚੋਂ 151 ਪਿੰਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸੌਂਪੇ ਗਏ ਹਨ ਅਤੇ ਲਗਭਗ 100 ਪਿੰਡ ਮਾਰਕਫੈਡ ਦੇ ਪਿਛੇ ਆਇਆ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਸਾਡੇ ਸਕਾਊਟ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਸਹੀ ਤਕਨਾਲੋਜੀ ਦੱਸ ਰਹੇ ਹਨ ਅਤੇ 5 ਪਿੰਡਾਂ ਪਿਛੇ ਇਕ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ।
ਡਾ. ਸਿੱਧੂ ਨੇ ਆਖਿਆ ਕਿ ਦੇਸ਼ ਵਿਚ ਵਰਤੀਆਂ ਜਾਂਦੀਆਂ ਕੁੱਲ ਜ਼ਹਿਰਾਂ ਵਿਚੋਂ 49 ਫੀਸਦੀ ਸਿਰਫ ਨਰਮੇ ਉਤੇ ਵਰਤੀਆਂ ਜਾਂਦੀਆਂ ਹਨ ਅਤੇ ਹੁਣ ਬੀਜ ਨਰਮਾ ਆਉਣ ਤੋਂ ਬਾਅਦ ਇਹ ਵਰਤੋਂ 70 ਫੀਸਦੀ ਘੱਟ ਗਈ ਹੈ। ਸਰਵਪੱਖੀ ਕੀਟ ਕੰਟਰੋਲ ਵਿਧੀ ਰਾਹੀਂ ਇਸ ਨੂੰ ਹੋਰ ਘਟਾਇਆ ਜਾਵੇਗਾ। ਡਾ. ਸਿੱਧੂ ਨੇ ਦੱਸਿਆ ਕਿ ਪੰਜਾਬ ਵਿਚ ਬਾਸਮਤੀ ਵਿਕਾਸ ਬੋਰਡ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਝੋਨੇ ਤੋਂ ਬਦਲਕੇ ਬਾਸਮਤੀ ਰਕਬਾ ਵਧਾਉਣ ਲਈ ਕਿਹਾ ਜਾਵੇਗਾ।
ਡਾ. ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸਤ ਵਧਾਉਣ ਲਈ ਸਬਜੀ ਉਤਪਾਦਕਾਂ ਦੇ ਝੁੰਡ ਬਣਾਏ ਜਾਣਗੇ ਅਤੇ ਇਸ ਕੰਮ ਲਈ ਲੁਧਿਆਣਾ ਸ਼ਹਿਰ ਨੂੰ ਚੁਣਿਆ ਗਿਆ ਹੈ। 12.50 ਕਰੋੜ ਦੀ ਲਾਗਤ ਨਾਲ 40 ਕਿਲੋਮੀਟਰ ਘੇਰੇ ਅੰਦਰ ਆਉੇਦੇ ਪਿੰਡਾਂ ਵਿਚ ਸਬਜ਼ੀ ਬੀਜਦੇ ਕਿਸਾਨਾਂ ਨੂੰ ਚੰਗੇ ਬੀਜ, ਖਾਦ ਅਤੇ ਹੋਰ ਸਹੂਲਤਾਂ ਲਈ 33 ਹਜ਼ਾਰ ਰੁਪਏ ਪ੍ਰਤੀ ਹੇਕਟੇਅਰ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਹੀ ਸਾਨੂੰ ਅਜਿਹੀ ਯੋਜਨਾ ਤਿਆਰ ਕਰਨ ਲਈ ਆਦੇਸ਼ ਦਿੱਤੇ ਹਨ, ਜਿਸ ਅਧੀਨ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਘੱਟੋ ਘੱਟ ਇੱਕ ਪਿੰਡ ਤੇ ਇਕ ਟਿਊਬਵੈਲ ਤੇ ਪੌਸ਼ਟਿਕ ਬਗੀਚੀ ਲਗਾਈ ਜਾਵੇਗੀ, ਜਿਥੇ ਘੱਟੋ ਘੱਟ 10 ਫਲਦਾਰ ਬੂਟੇ, ਮੌਸਮੀ ਸਬਜ਼ੀਆਂ ਅਤੇ ਦਾਲਾਂ ਦੀ ਕਾਸਟ ਕਰਵਾਈ ਜਾਵੇਗੀ। ਇਨ੍ਹਾਂ ਨਮੂਨੇ ਦੇ ਟਿਊਬਵੈਲਾਂ ਤੋਂ ਪ੍ਰੇਰਣਾ ਲੈ ਕੇ ਹੋਰ ਕਿਸਾਨ ਵੀ ਇਸ ਰਾਹ ਤੁਰ ਸਕਣਗੇ। ਉਨ੍ਹਾਂ ਆਖਿਆ ਕਿ ਪੰਜਾਬ ’ਚ ਬਣ ਰਹੇ ਹਵਾਈ ਅੱਡਿਆਂ ਦਾ ਲਾਭ ਪੰਜਾਬ ਦੇ ਸਬਜ਼ੀ ਉੇਤਪਾਦਕਾਂ ਨੂੰ ਹੋਵੇਗਾ, ਕਿਉਂਕਿ ਰੂਸ ਵਰਗੇ ਮੁਲਕਾਂ ਵਿਚ ਵੀ ਭਾਰਤ ਮਿਰਚਾਂ 180 ਰੁਪਏ ਕਿਲੋ ਵਿਕ ਰਹੀਆਂ ਹਨ, ਜੇਕਰ ਅਸੀਂ ਇਨ੍ਹਾਂ ਹਵਾਈ ਅੱਡਿਆਂ ਰਾਹੀਂ ਆਪਣੀਆਂ ਸਬਜ਼ੀਆਂ ਚੰਗੇ ਮੁੱਲ ਤੇ ਵਿਦੇਸ਼ੀ ਮੰਡੀਆਂ ’ਚ ਵਿਕ ਸਕਣਗੀਆਂ। ਉਨ੍ਹਾਂ ਦੱਸਿਆ ਕਿ 24 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਵਿਖੇ ਹਵਾਈ ਅੱਡੇ ਨੇੜੇ ਸਬਜ਼ੀਆਂ ਅਤੇ ਫਲਾਂ ਦੀ ਸੰਭਾਲ ਲਈ ਸਰਦਖਾਨੇ ਬਣਾਏ ਜਾ ਰਹੇ ਹਨ, ਜਿਥੇ ਰੱਖੀਆਂ ਸਬਜ਼ੀਆਂ ਵਿਦੇਸ਼ਾਂ ਵਿਚ ਭੇਜੀਆਂ ਜਾ ਸਕਣਗੀਆਂ। ਡਾ. ਸਿੱਧੂ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਛਪਦੇ ਮਾਸਿਕ ਪੱਤਰ ਚੰਗੀ ਖੇਤੀ ਅਤੇ ਹੋਰ ਰਸਾਲਿਆਂ ਨੂੰ ਪੰਜਾਬ ਦੇ ਹਰ ਪਿੰਡ ਵਿਚ ਪੰਜਾਬ ਸਰਕਾਰ ਵਲੋਂ ਪਹੁੰਚਾਉਣ ਦੇ ਉਪਰਾਲੇ ਵੀ ਕੀਤੇ ਜਾਣਗੇ। ਡਾ. ਸਿੱਧੂ ਨੇ ਡਾ. ਬਲਦੇਵ ਸਿੰਘ ਢਿੱਲੋਂ ਦੀ ਵਾਇਸ ਚਾਂਸਲਰ ਵਲੋਂ ਨਿਯੁਕਤੀ ਤੇ ਵੀ ਮੁਬਾਰਕਬਾਦ ਦਿੱਤੀ ਹੈ।