ਯੂਬਾ ਸਿਟੀ: ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਦੇ ਮਿੰਨੀ ਪੰਜਾਬ ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 29ਵਾਂ ਅਤੇ 300 ਸਾਲਾ ਗੁਰਤਾ ਗੱਦੀ ਦਿਵਸ ਦਾ ਗੁਰਪੁਰਬ ਅਤੇ ਨਗਰ ਕੀਰਤਨ ਖਾਲਸਈ ਸ਼ਾਨੋ ਸ਼ੌਕਤ, ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਦਾ ਰਿਕਾਰਡ ਤੋੜ ਇਕੱਠ ਰਿਹਾ। ਆਕਾਸ਼ ‘ਤੇ ਭਾਵੇਂ ਬਦਲ ਛਾਏ ਹੋਏ ਸਨ ਫਿਰ ਵੀ ਸੰਗਤਾਂ ਦੇ ਇਸ ਇਕੱਠ ਨੇ ਪਿਛਲੇ ਰਿਕਾਰਡਾਂ ਨੂੰ ਤੋੜਦੇ ਹੋਏ ਇਕ ਲੱਖ ਤੋਂ ਵੱਧ ਗਿਣਤੀ ਵਿਚ ਪਹੁੰਚਕੇ ਗੁਰੂ ਕੀਆਂ ਖੁਸ਼ੀਆਂ ਹਾਸਲ ਕੀਤੀਆਂ। ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
ਆਪਣੇ ਮਿਥੇ ਸਮੇਂ ਅਨੁਸਾਰ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੁਆਰਾ ਇਸ ਖਾਲਸਈ ਰੰਗਤ ਵਿਚ ਰੰਗੇ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਸਾਹਿਬਾਂ ਦਾ ਗੁਣਗਾਨ ਕਰਦੀਆਂ ਹੋਈਆਂ ਪਾਲਕੀ ਸਾਹਿਬ ਦੇ ਨਾਲ ਨਾਲ ਚਲ ਰਹੀਆਂ ਸਨ। ਪਾਲਕੀ ਸਾਹਿਬ ਦੇ ਨਾਲ ਬੈਠੇ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲ ਰਿਹਾ ਸੀ ਅਤੇ ਉਨ੍ਹਾਂ ਦੇ ਨਾਲ ਨਾਲ ਸੰਗਤਾਂ ਕੀਰਤਨ ਦਾ ਜਾਪ ਕਰਦੀਆਂ ਹੋਈਆਂ ਚਲ ਰਹੀਆਂ ਸਨ। ਇਸ ਨਗਰ ਕੀਰਤਨ ਵਿਚ ਕੇਸਰੀ, ਨੀਲੀਆਂ, ਕਾਲੀਆਂ ਅਤੇ ਅਨੇਕਾਂ ਵੱਖ ਵੱਖ ਰੰਗਾਂ ਦੀਆਂ ਪੱਗਾਂ ਅਤੇ ਚੁੰਨੀਆਂ ਨਾਲ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਮੀਲਾਂ ਤੱਕ ਦਿਖਾਈ ਦੇ ਰਿਹਾ ਸੀ। ਇਸ ਮੌਕੇ ਕੈਲੀਫੋਰਨੀਆਂ ਦੇ ਵੱਖ ਵੱਖ ਸ਼ਹਿਰਾਂ ਤੋਂ ਗੁਰਘਰਾਂ ਦੀਆਂ ਸੰਗਤਾਂ ਫਲੋਟ ਲੈ ਕੇ ਪਹੁੰਚੀਆਂ ਹੋਈਆਂ ਸਨ। ਉਨ੍ਹਾਂ ਫਲੋਟਾਂ ਉਪਰ ਸਿੱਖ ਧਰਮ ਅਤੇ ਵਿਰਸੇ ਨੂੰ ਦਰਸਾਉਂਦੇ ਹੋਏ ਮਾਡਲ, ਸ਼ਹੀਦਾਂ ਸਿੰਘ ਦੀਆਂ ਤਸਵੀਰਾਂ ਅਤੇ ਹੋਰਨਾਂ ਖਾਲਸਈ ਰੰਗਾਂ ਵਿਚ ਰੰਗੇ ਹੋਏ ਫਲੋਟ ਇਸ ਨਗਰ ਕੀਰਤਨ ਦੀ ਸ਼ਾਨ ਵਧਾ ਰਹੇ ਸਨ। ਅਮਰੀਕਨ ਸਿੰਘਾਂ ਵਲੋਂ ਇਕ ਫਲੋਟ ਉਚੇਚੇ ਤੌਰ ‘ਤੇ ਸ਼ਾਮਿਲ ਕੀਤਾ ਗਿਆ। ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਗਤਕਾ ਦਲ ਵਲੋਂ ਆਪਣੇ ਬਹਾਦਰੀ ਭਰਪੂਰ ਕਰਤਬਾਂ ਦਾ ਪ੍ਰਦਰਸ਼ਨ ਕੀਤਾ ਗਿਆ। ਜਿਸਨੂੰ ਵੇਖਕੇ ਸਿੱਖ ਸੰਗਤਾਂ ਹੀ ਨਹੀਂ ਸਗੋਂ ਗੋਰੇ ਵੀ ਹੈਰਾਨ ਹੋ ਰਹੇ ਸਨ।
ਨੌਜਵਾਨ ਅਤੇ ਬੱਚੇ ਬੱਚੀਆਂ ਆਪਣੀਆਂ ਪੁਰਾਤਨ ਅਤੇ ਪੰਜਾਬੀ ਪੁਸ਼ਾਕਾਂ ਵਿਚ ਨਗਰ ਕੀਰਤਨ ਦੀ ਇਕ ਵੱਖਰੀ ਹੀ ਨੁਹਾਰ ਪੇਸ਼ ਕਰ ਰਹੇ ਸਨ। ਇਸ ਨਗਰ ਕੀਰਤਨ ਵਿਚ ਬੱਚਿਆਂ ਅਤੇ ਨੌਜਵਾਨਾਂ ਵਿਚ ਆਪਣੇ ਇਸ ਮਹਾਨ ਨਗਰ ਕੀਰਤਨ ਨੂੰ ਵੇਖਕੇ ਇਕ ਵਖਰਾ ਹੀ ਜੋਸ਼ ਵਿਖਾਈ ਦੇ ਰਿਹਾ ਸੀ।
ਇਸ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ ਸੰਗਤਾਂ ਵਲੋਂ ਭਾਰਤ ਵਾਂਗ ਵੱਖ ਵੱਖ ਸੇਵਾ ਦਲਾਂ, ਸਭਾ ਸੁਸਾਇਟੀਆਂ, ਗੁਰੂਘਰਾਂ ਅਤੇ ਸੰਗਤਾਂ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਲੰਗਰ ਦੀ ਸੇਵਾ ਕਰ ਰਹੇ ਪ੍ਰੇਮੀਆਂ ਵਲੋਂ ਇਕ ਪਾਸੇ ਪਾਣੀ ਅਤੇ ਕੋਲਡ ਡਰਿੰਕਸ ਦੀ ਸੇਵਾ ਨਿਭਾਈ ਜਾ ਰਹੀ ਸੀ ਤਾਂ ਦੂਜੇ ਪਾਸੇ ਚਾਹ ਦੇ ਲੰਗਰ ਦੀ ਸੇਵਾ ਨਿਭਾ ਰਹੇ ਪ੍ਰੇਮੀ ਸੰਗਤਾਂ ਨੂੰ ਰੋਕ ਰੋਕ ਆਪਣੀ ਸੇਵਾ ਅਤੇ ਕਮਾਈ ਸਫਲਾ ਕਰ ਰਹੇ ਸਨ। ਇਸਦੇ ਨਾਲ ਹੀ ਫਲਾਂ ਅਤੇ ਮਠਿਆਈਆਂ, ਪਕੌੜਿਆਂ ਦੇ ਲੰਗਰ ਤੋਂ ਇਲਾਵਾ ਛੋਲੇ ਪੂਰੀਆਂ, ਛੋਲੇ ਭਟੂਰਿਆਂ, ਬਰੈੱਡ ਪਕੌੜਿਆਂ, ਅਤੇ ਹੋਰਨਾਂ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਦੀ ਸੇਵਾ ਨਿਭਾਈ ਜਾ ਰਹੀ ਸੀ ।
ਅਕਤੂਬਰ 31 ਨੂੰ ਰੱਖੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਮਿਤੀ 2 ਨਵੰਬਰ, 2008 ਨੂੰ ਹੋਈ। ਇਸਤੋਂ ਇਕ ਦਿਨ ਪਹਿਲਾਂ ਕੈਲੀਫੋਰਨੀਆਂ ਦੇ ਲੂਟੈਨੈਂਟ ਗਵਰਨਰ ਜੌਹਨ ਗਰੈਮੰਡੀ ਪਹੁੰਚੇ। ਉਨ੍ਹਾਂ ਨੇ ਸਿੱਖਾਂ ਵਲੋਂ ਕੈਲੀਫੋਰਨੀਆਂ ਅਤੇ ਅਮਰੀਕਾ ਵਲੋਂ ਪਾਏ ਗਏ ਯੋਗਦਾਨ ਦਾ ਉਚੇਚੇ ਤੌਰ ‘ਤੇ ਜਿ਼ਕਰ ਕਰਦੇ ਹੋਏ ਕਿਹਾ ਕਿ ਸਿੱਖਾਂ ਵਲੋਂ ਖੇਤੀਬਾੜੀ, ਟਰਕਿੰਗ ਅਤੇ ਹੋਰਨਾਂ ਅਨੇਕਾਂ ਵਪਾਰਕ ਅਦਾਰਿਆਂ ਵਿਚ ਆਪਣੀ ਅਣਥੱਕ ਮਿਹਨਤ ਸਦਕਾ ਉੱਘਾ ਯੋਗਦਾਨ ਪਾਇਆ ਅਤੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਪੂਰੀ ਮੇਹਨਤ ਕੀਤੀ, ਜੋ ਬਹੁਤ ਹੀ ਸ਼ਲਾਘਾਯੋਗ ਰਹੀ। ਨਗਰ ਕੀਰਤਨ ਵਿਚ ਅਟਾਰਨੀ ਜਰਨਲ ਆਫ ਕੈਲੇਫੋਰਨੀਆਂ ਜੈਰੀ ਬਰਾਊਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਜਿ਼ਕਰਯੋਗ ਹੈ ਕਿ ਜੈਰੀ ਬਰਾਊਨ ਦੋ ਵਾਰ ਕੈਲੀਫੋਰਨੀਆਂ ਦੇ ਗਵਰਨਰ ਰਹਿ ਚੁੱਕੇ ਹਨ ਅਤੇ ਇਕ ਵਾਰ ਓਕਲੈਂਡ ਦੇ ਮੇਅਰ ਵੀ ਰਹਿ ਚੁੱਕੇ ਹਨ। ਜੌਹਨ ਗਰੈਮੰਡੀ ਤੋਂ ਇਲਾਵਾ ਕੈਲੇਫੋਰਨੀਆਂ ਸਟੇਟ ਸੈਨੇਟਰ ਜਿਮ ਨੈਲਸਨ, ਵੇਲੀ ਹਰਗਰ ਕਾਂਗਰਸਮੈਨ, ਯੂਬਾ ਸਿਟੀ ਦੇ ਮੇਅਰ ਰੋਰੀ ਰੀਮਰਜ, ਮਲਕੀਤ ਸਿੰਘ ਦਾਖਾ ਐਮ ਐਲ ਏ ਲੁਧਿਆਣਾ, ਕੈਸ਼ ਗਿਲ ਅਤੇ ਤੇਜ ਮਾਨ ਸਿੱਟੀ ਕੌਂਸਲ ਮੈਨ ਪਹੁੰਚੇ ਹੋਏ ਸਨ।
ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਭਾਰਤ ਤੋਂ ਕੁਝ ਰਾਗੀ ਜਥਿਆਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ । ਹਜੂਰੀ ਰਾਗੀ ਭਾਈ ਪ੍ਰੀਤਮ ਸਿੰਘ ਮਿਠੇ ਟਿਵਾਣੇ ਵਾਲੇ, ਭਾਈ ਮਨਜੀਤ ਸਿੰਘ, ਭਾਈ ਗੁਰਮੀਤ ਸਿੰਘ ਪਠਾਨਕੋਟ ਵਾਲੇ, ਭਾਈ ਸੁਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਬਲਬੀਰ ਸਿੰਘ ਸਦੀਕੀ ਅਤੇ ਭਾਈ ਗੁਲਬਾਗ ਸਿੰਘ ਨੇ ਸ਼ਬਦ ਕੀਰਤਨ ਰਾਹੀ ਲੋਕਾਂ ਨੂੰ ਨਿਹਾਲ ਕੀਤਾ। ਢਾਡੀ ਜਥਾ ਭਾਈ ਗੁਰਨਾਮ ਸਿੰਘ ਭੰਡਾਲ ਨੇ ਕਵੀਸ਼ਰੀ ਪੇਸ਼ ਕੀਤੀ।
ਇਸ ਨਗਰ ਕੀਰਤਨ ਵਿਚ ਯੂਬਾ ਸਿਟੀ ਦੇ ਗੁਰਦਵਾਰਾ ਟਾਇਰਾ ਬਿਊਨਾ ਦੇ ਪ੍ਰਧਾਨ ਸ: ਦੀਦਾਰ ਸਿੰਘ ਬੈਂਸ, ਕਰਮਦੀਪ ਸਿੰਘ ਬੈਂਸ, ਗੁਰਨਾਮ ਸਿੰਘ ਪੰਮਾ, ਅਜੀਤ ਸਿੰਘ ਬੈਂਸ, ਸੁਖਰਾਜ ਸਿੰਘ ਪੰਮਾ, ਸਰਬ ਥਿਆੜਾ, ਜਸਵੰਤ ਸਿੰਘ ਬੈਂਸ, ਦਿਲਬਾਗ ਸਿੰਘ ਬੈਂਸ, ਸੁਖਵਿੰਦਰ ਸਿੰਘ ਸੈਨੀ, ਜਸਪ੍ਰੀਤ ਥਿਆੜਾ, ਤਜਿੰਦਰ ਸਿੰਘ ਦੁਸਾਂਝ, ਗੁਰਮੇਮ ਸਿੰਘ ਗਿੱਲ, ਸੁਰਜੀਤ ਬੈਂਸ ਯੂਬਾ ਸਿਟੀ, ਕੁਲਦੀਪ ਸਿੰਘ ਅਟਵਾਲ, ਕਰਨੈਲ ਸਿੰਘ ਚੀਮਾ ਅਤੇ ਗਿਆਨੀ ਗੁਰਦੇਵ ਸਿੰਘ ਆਦਿ ਪ੍ਰਬੰਧਕਾਂ ਨੇ ਬਹੁਤ ਹੀ ਸੁਚਜੇ ਢੰਗ ਨਾਲ ਸਾਰਾ ਪ੍ਰਬੰਧ ਕੀਤਾ ਹੋਇਆ ਸੀ। ਕੈਲੇਫੋਰਨੀਆਂ ਦੇ ਦੂਸਰੇ ਸ਼ਹਿਰਾਂ ਤੋਂ ਪਹੁੰਚਣ ਵਾਲੀਆਂ ਸ਼ਖਸ਼ੀਅਤਾਂ ਜਿਵੇਂ ਬਿਜਨਸਮੈਨ ਅਤੇ ਅਕਾਲੀ ਲੀਡਰ ਬਲਜੀਤ ਸਿੰਘ ਮਾਨ, ਪ੍ਰਸਿੱਧ ਅਟਾਰਨੀ ਜਸਪ੍ਰੀਤ ਸਿੰਘ, ਬਿਜਨਸਮੈਨ ਅਵਤਾਰ ਗਿੱਲ (ਫਰਿਜਨੋ), ਬਿਜਨਸਮੈਨ ਸੁਰਿੰਦਰ ਸਿੰਘ ਅਟਵਾਲ, ਅਕਾਲੀ ਲੀਡਰ ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ, ਅਕਾਲੀ ਲੀਡਰ ਦਵਿੰਦਰ ਸਿੰਘ ਰਣੀਆ, ਅਕਾਲੀ ਲੀਡਰ ਕੁਲਵੰਤ ਸਿੰਘ ਖਹਿਰਾ, ਗੁਰਦਿਆਲ ਸਿੰਘ ( ਮਡੈਸਟੋ) ਅਕਾਲੀ ਲੀਡਰ ਰੌਣਕ ਸਿੰਘ, ਰਵਿੰਦਰ ਸਿੰਘ, ਜਜ ਮੇਵਾ ਸਿੰਘ, ਅਰਜਿੰਦਰ ਪਾਲ ਸਿੰਘ ਸੇਖੋਂ, ਸੁਖਵਿੰਦਰ ਸਿੰਘ ਟਿਵਾਣਾ, ਸੁਰਿੰਦਰ ਸਿੰਘ ਸਰਪੰਚ, ਗੁਰਚਰਨ ਸਿੰਘ ਮਾਨ, ਦਰਸ਼ਨ ਸਿੰਘ ਮੁੰਡੀ ਵੈਸਟ ਸੈਕਰਾਮੈਂਟੋ , ਰਘਬੀਰ ਸਿੰਘ ਸ਼ੇਰਗਿੱਲ, ਦਵਿੰਦਰ ਸਿੰਘ, ਬਲਬੀਰ ਸਿੰਘ , ਚਰਨ ਸਿੰਘ ਗਿੱਲ, ਦਲਜੀਤ ਸਿੰਘ ਜੌਹਲ ਫੇਅਰਫੀਲਡ, ਸੁਰਿੰਦਰ ਸਿੰਘ ਧਨੋਆ, ਸਿਕੰਦਰ ਗਰੇਵਾਲ (ਪੰਜਾਬੀ ਢਾਬਾ ਡਿਕਸਨ) , ਡਾ: ਹਰਕੇਸ਼ ਸਿੰਘ ਸੰਧੂ, ਲਵਲੀ ਪਾਬਲਾ ਅਤੇ ਹੁਸਨ ਲੜੋਆ ਬੰਗਾ ਅਤੇ ਹੋਰ ਅਨੇਕਾਂ ਪਤਵੰਤੇ ਸੱਜਣ ਪਹੁੰਚੇ ਹੋਏ ਸਨ।