ਲੰਡਨ- ਬ੍ਰਿਟਿਸ਼ ਕੰਪਨੀ ਸੈਂਟੇਡਰ ਨੇ ਭਾਰਤ ਵਿੱਚੋਂ ਆਪਣੇ ਸਾਰੇ ਕਾਲ ਸੈਂਟਰਾਂ ਨੂੰ ਵਾਪਿਸ ਲਿਆਉਣ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਥਿਤ ਉਨ੍ਹਾਂ ਦੇ ਕਰਮਚਾਰੀਆਂ ਦੇ ਵਰਤਾਓ ਕਰਕੇ ਗਾਹਕਾਂ ਵਿੱਚ ਪੈਦਾ ਹੋਈ ਨਿਰਾਸ਼ਾ ਕਰਕੇ ਅਜਿਹਾ ਕਦਮ ਉਠਾਇਆ ਜਾ ਰਿਹਾ ਹੈ। ਸੈਂਟੇਡਰ ਦੂਸਰੀ ਅਜਿਹੀ ਕੰਪਨੀ ਹੈ ਜੋ ਭਾਰਤ ਵਿੱਚ ਆਪਣੇ ਕਾਲ ਸੈਂਟਰ ਬੰਦ ਕਰ ਰਹੀ ਹੈ।
ਨਿਊ ਕਾਲ ਟੈਲੀਕਾਮ ਇਹ ਘੋਸ਼ਣਾ ਕਰ ਚੁਕੀ ਹੈ ਕਿ ਉਹ ਭਾਰਤ ਵਿੱਚ ਆਊਟਸੋਰਸਿੰਗ ਬੰਦ ਕਰ ਰਹੀ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੰਮ ਕਰਵਾਉਣਾ ਹੁਣ ਸਸਤਾ ਨਹੀਂ ਰਿਹਾ। ਸੈਂਟੇਡਰ ਨੇ ਇੱਕ ਬਿਆਨ ਵਿੱਚ ਕਿਹਾ ਹੈ, ਸੈਂਟੇਡਰ ਆਪਣੇ ਸਾਰੇ ਭਾਰਤੀ ਕਾਲ ਸੈਂਟਰਾਂ ਨੂੰ ਵਾਪਿਸ ਯੂਕੇ ਲਿਆ ਰਹੀ ਹੈ, ਤਾਂ ਜੋ ਗਾਹਕਾਂ ਦੇ ਟੈਲੀਫ਼ੋਨ ਕਰਨ ਤੇ ਬ੍ਰਿਟੇਨ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਕਰਮਚਾਰੀ ਹੀ ਜਵਾਬ ਦੇ ਸਕਣ। ਇਹ ਕਾਲ ਸੈਂਟਰ ਬੰਗਲੌਰ, ਪੂਨੇ ਅਤੇ ਮੁੰਬਈ ਤੋਂ ਬੰਦ ਹੋ ਕੇ ਲੀ ਸੈਸਟਰ, ਲਿਵਰਪੂਲ ਅਤੇ ਗਲਾਸਗੋ ਵਿੱਚ ਖੁਲ੍ਹਣਗੇ। ਪੰਜ ਸੌ ਨਵੇਂ ਕਰਮਚਾਰੀ ਵੀ ਨਿਯੁਕਤ ਕੀਤੇ ਜਾਣਗੇ।