ਲੁਧਿਆਣਾ – ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਦਲੀਪ ਕੁਮਾਰ ਉਰਫ਼ ਸੰਜੇ ਪੁਲਿਸ ਰਿਕਾਰਡ ਵਿੱਚ ਆਪਣੇ ਆਪ ਨੂੰ ਮਰਿਆ ਹੋਇਆ ਸਾਬਿਤ ਕਰਕੇ ਲੁਧਿਆਣਾ ਦੀਆਂ ਫੈਕਟਰੀਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਦਾ ਰਿਹਾ। ਉਸ ਦੇ ਜਿੰਦਾ ਹੋਣ ਦਾ ਭੇਦ ਉਸ ਸਮੇਂ ਖੁਲ੍ਹਿਆ, ਜਦੋਂ ਪੁਲਿਸ ਨੇ ਉਸ ਨੂੰ ਸਾਥੀਆਂ ਸਮੇਤ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਰੰਗੇ ਹੱਥੀਂ ਫੜਿਆ। ਅਰੋਪੀਆਂ ਕੋਲੋਂ ਹੱਥਿਆਰ ਵੀ ਮਿਲੇ ਹਨ, ਜਿਨ੍ਹਾਂ ਦੀ ਨੋਕ ਤੇ ਉਹ ਲੁੱਟਾਂਖੋਹਾਂ ਕਰਦੇ ਸਨ। ਇਹ ਗਿਰੋਹ ਫੈਕਟਰੀਆਂ ਵਿੱਚੋਂ ਨਿਕਲ ਚੋਰੀ ਕਰਦਾ ਸੀ।
ਦਲੀਪ ਕੁਮਾਰ ਇਸ ਗਿਰੋਹ ਦਾ ਮੁੱਖ ਸਰਗਨਾ ਹੈ ਜੋ ਕਿ ਯੂਪੀ ਦੇ ਬਿਚਾਲਾ ਪਿੰਡ ਦਾ ਰਹਿਣ ਵਾਲਾ ਹੈ। ਇਹ ਬੰਗਾਲਾ ਗਿਰੋਹ ਨਾਲ ਸਬੰਧਿਤ ਹਨ। ਅਰੋਪੀ ਨੂੰ ਕਤਲ ਕੇਸ ਵਿੱਚ ਵੀਹ ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ। ਉਹ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬੰਦ ਵੀ ਰਿਹਾ ਹੈ। ਉਸ ਉਪਰ 12 ਮੁਕਦਮੇ ਦਰਜ਼ ਹਨ। ਉਸ ਦੇ ਭਰਾ ਸੰਜੇ ਦੀ 2010 ਵਿੱਚ ਮੌਤ ਹੋ ਗਈ ਸੀ। ਅਰੋਪੀ ਨੇ ਪੁਲਿਸ ਅਤੇ ਅਦਾਲਤ ਨੂੰ ਗੁੰਮਰਾਹ ਕਰਦੇ ਹੋਏ ਆਪਣੇ ਆਪ ਨੂੰ ਮੁਰਦਾ ਸਾਬਿਤ ਕਰ ਦਿੱਤਾ। ਪੁਲਿਸ ਵਿਭਾਗ ਨੇ ਉਸ ਨੂੰ ਮਰਿਆ ਹੋਇਆ ਸਮਝ ਕੇ ਉਸ ਦੇ ਖਿਲਾਫ਼ ਦਰਜ ਸਾਰੇ ਮੁਕਦਮਿਆਂ ਦੀ ਫਾਈਲ ਬੰਦ ਕਰ ਦਿੱਤੀ।