ਫਤਿਹਗੜ੍ਹ ਸਾਹਿਬ :- “ਜਦੋਂ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਉਸ ਅਕਾਲ ਪੁਰਖ ਦੀ ਬਾਣੀ ਦੇ ਇੱਕ ਸ਼ਬਦ ਨੂੰ ਬਦਲਣ ਦੀ ਗੁਸਤਾਖੀ ਕਰਨ ਵਾਲੇ ਸ਼੍ਰੀ ਰਾਮ ਰਾਏ ਨੂੰ ਗੁਰੂ ਸਾਹਿਬ ਨੇ ਸਿੱਖੀ ਵਿੱਚੋਂ ਸਦਾ ਲਈ ਦੁਰਕਾਰ ਦਿੱਤਾ ਸੀ, ਤਾਂ ਹੁਣ ਆਰ ਐਸ ਐਸ, ਬੀਜੇਪੀ ਅਤੇ ਹੋਰ ਸਿੱਖ ਵਿਰੋਧੀ ਫਿਰਕੂ ਜਮਾਤਾਂ ਦੇ ਗੁਪਤ ਆਦੇਸ਼ਾਂ ਉੱਤੇ ਪੰਜਾਬ ਦੀ ਹਕੂਮਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਿਜ਼ ਧਿਰਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਬਦੀਲੀਆਂ ਕਰਨ ਦੀ ਕਾਰਵਾਈਆਂ ਕਰਕੇ ਉਨ੍ਹਾ ਮੁਤੱਸਵੀਆਂ ਦੀ ਸੋਚੀ ਸਮਝੀ ਸ਼ਾਜਿਸ ਨੂੰ ਨੇਪਰੇ ਚਾੜ੍ਹ ਰਹੀ ਹੈ। ਇਸ ਸ਼ਾਜਿਸ ਵਿੱਚ ਭਾਈਵਾਲ ਬਣਨ ਵਾਲੇ ਕਿਸੇ ਵੀ ਸਿੱਖ ਨੂੰ ਸਿੱਖ ਕੌਮ ਵੱਲੋ ਕਤਈ ਵੀ ਮੁਆਫ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਬੱਜਰ ਗੁਸਤਾਖੀ ਮੁਆਫ਼ ਕਰਨ ਦੇ ਬਿਲਕੁੱਲ ਯੋਗ ਨਹੀਂ ਹੈ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਖੌਤੀ ਸਿੱਖ ਲੀਡਰਸਿਪ, ਬੀਜੇਪੀ, ਆਰ ਐਸ ਐਸ ਅਤੇ ਕਾਂਗਰਸ ਵਰਗੀਆਂ ਮਕਾਰ ਜਮਾਤਾਂ ਦੀਆਂ ਖਾਲਸਾ ਪੰਥ ਵਿਰੋਧੀ ਕਾਰਵਾਈਆਂ ਦੀ ਪੁਰਜ਼ੋਰ ਨਿੰਦਾ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਮਿਸਾਲ ਦਿੰਦੇ ਹੋਏ ਕਿਹਾ ਕਿ ਇੱਕ ਅਤਿ ਮਿਸ਼ਣੇ ਕਿਸਮ ਦਾ ਬਾਣੀਆਂ ਜਾਂ ਲਾਲਾ ਜਿਵੇਂ ਇੱਕ ਫਲਾਂ ਦੀ ਪੇਟੀ ਵਿੱਚ ਨੀਚੇ ਖਰਾਬ ਫਲ ਛੁਪਾ ਕੇ ਰੱਖ ਦਿੰਦਾ ਹੈ ਅਤੇ ਉਸ ਪੇਟੀ ਦੇ ਉਪਰਲੇ ਪਾਸੇ ਖੁਸ਼ਬੂਦਾਰ ਅਤੇ ਅੱਛੇ ਫਲ ਰੱਖ ਕੇ ਖ੍ਰੀਦਦਾਰ ਨੂੰ ਮੂਰਖ ਬਣਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ, ਉਸੇ ਤਰ੍ਹਾ ਅੱਜ ਸਿੱਖ ਕੌਮ ਵਿੱਚ ਵਿਚਰ ਰਹੀਆਂ ਕਾਲੀਆਂ ਭੇਡਾਂ ਆਪਣੇ ਨਿੱਜੀ, ਮਾਲੀ ਅਤੇ ਸਿਆਸੀ ਸਵਾਰਥਾਂ ਦੀਆਂ ਗੁਲਾਮ ਬਣ ਕੇ ਸਿੱਖ ਕੌਮ ਦੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੰਦਭਾਵਨਾ ਅਧੀਨ ਬਹੁਤ ਹੀ ਸੂਖਮ ਤਰੀਕੇ ਸਾਡੇ ਇਤਿਹਾਸ ਨੂੰ ਕਲੰਕਿਤ ਕਰਨ ਲਈ ਸਰਗਰਮ ਹਨ, ਜਿਸ ਤੋ ਹਰ ਗੁਰਸਿੱਖ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸ: ਮਾਨ ਨੇ ਕਿਹਾ ਕਿ ਜਦੋ 2008 ਵਿੱਚ “ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ” ਨੂੰ ਹੋਂਦ ਵਿੱਚ ਲਿਆਉਣ ਵੇਲੇ ਜਿੰਮੇਵਾਰੀ ਨਾਲ ਇਹ ਵਿਵਸਥਾ ਕਾਇਮ ਕੀਤੀ ਗਈ ਸੀ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੋਵੇ ਸਿੱਖ ਸੰਸਥਾਵਾਂ ਤੋ ਇਲਾਵਾ ਹੋਰ ਕੋਈ ਵੀ ਸੰਸਥਾ ਜਾਂ ਨਿੱਜੀ ਤੌਰ ‘ਤੇ ਕੋਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਨਹੀਂ ਕਰ ਸਕੇਗਾ, ਤਾਂ ਇਨ੍ਹਾ ਸੁਨਹਿਰੀ ਬੀੜਾਂ ਨੂੰ ਛਪਵਾਉਣ ਵਾਲਿਆਂ ਸੁਲੱਖਣ ਸਿੰਘ ਜੌਹਲ, ਸਤਨਾਮ ਸਿੰਘ ਜੌਹਲ ਅਤੇ ਪ੍ਰਿੰਟਰ ਰਿੰਕਲ ਕਾਰਡਜ਼ ਲੁਧਿਆਣਾ ਨੂੰ ਇਹ ਬੀੜਾਂ ਛਾਪਣ ਦਾ ਕਿਸਨੇ ਅਧਿਕਾਰ ਦਿੱਤਾ ਹੈ? ਇਸਦੀ ਨਿਰਪੱਖਤਾ ਅਤੇ ਸੰਜੀਦਗੀ ਨਾਲ ਪਾਰਦਰਸ਼ੀ ਛਾਣਬੀਣ ਹੋਣੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਵਿੱਚ ਬੀਜੇਪੀ, ਆਰ ਐਸ ਐਸ ਅਤੇ ਕਾਂਗਰਸ ਦੇ ਬੈਠੇ ਏਜੰਟਾਂ ਦੀ ਸਿੱਖ ਕੌਮ ਨੂੰ ਪਹਿਚਾਣ ਵੀ ਹੋ ਸਕੇ ਅਤੇ ਉਨ੍ਹਾ ਨੂੰ ਸਿੱਖ ਕੌਮ ਆਪਣੀਆਂ ਰਵਾਇਤਾਂ ਅਨੁਸਾਰ ਬਣਦੀਆਂ ਸਜ਼ਾਵਾਂ ਵੀ ਦੇ ਸਕੇ।
ਉਨ੍ਹਾ ਕਿਹਾ ਕਿ ਜੋ ਭਾਈ ਤਰਸੇਮ ਸਿੰਘ ਮੁਖੀ ਧਰਮ ਪ੍ਰਚਾਰ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾ ਦੇ ਸਾਥੀਆਂ ਨੇ ਇਸ ਸਿੱਖ ਵਿਰੋਧੀ ਸ਼ਾਜਿਸ ਦੀ ਪਹਿਲੀ ਪਰਤ ਬਾਰੇ ਸਿੱਖ ਕੌਮ ਨੂੰ ਜਾਣਕਾਰੀ ਦੇ ਕੇ ਕੌਮੀ ਫਰਜ਼ ਪੂਰੇ ਕੀਤੇ ਹਨ, ਉਹ ਅਤਿ ਸ਼ਲਾਘਾਯੋਗ ਉੱਦਮ ਹੈ। ਉਨ੍ਹਾ ਕਿਹਾ ਕਿ ਕਾਂਗਰਸ, ਬੀਜੇਪੀ, ਕਮਿਊਨਿਸਟ, ਬਾਦਲ ਦਲ, ਸਿੱਖ ਫੇਡਰੇਸ਼ਨਾਂ, ਟਕਸਾਲ ਦੇ ਬਾਬਾ ਧੁੰਮਾ ਜੀ, ਅਖੌਤੀ ਡੇਰੇਦਾਰ ਆਦਿ ਸਭ ਕੇਂਦਰੀ ਹਕੂਮਤ ਤੋ ਨਿੱਜੀ ਅਤੇ ਮਾਲੀ ਫਾਇਦੇ ਲੈਣ ਦੀ ਖਾਤਿਰ ਸਿੱਖ ਧਰਮ ਅਤੇ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਾਰਵਾਈਆਂ ਵਿੱਚ ਇੱਕ ਦੂਸਰੇ ਤੋ ਮੋਹਰੀ ਹੋ ਕੇ ਲੱਗੇ ਹੋਏ ਹਨ, ਜੋ ਅਤਿ ਦੁੱਖਦਾਇਕ ਅਤੇ ਅਸਹਿ ਕਾਰਵਾਈ ਹੈ। ਉਨ੍ਹਾ ਕਿਹਾ ਕਿ ਕੋਈ ਵੀ ਸਿਆਸੀ ਜਾਂ ਧਾਰਮਿਕ ਸੰਗਠਨ ਪੰਜਾਬ ਸੂਬੇ ਅਤੇ ਇੱਥੋ ਦੇ ਨਿਵਾਸੀਆਂ ਦੀ ਵਿਗੜੀ ਹੋਈ ਮਾਲੀ, ਸਮਾਜਿਕ, ਇਖਲਾਕੀ, ਧਾਰਮਿਕ, ਸਿਆਸੀ ਅਤੇ ਸੱਭਿਅਕ ਦਸ਼ਾ ਨੂੰ ਬਿਹਤਰ ਬਣਾਉਣ ਅਤੇ ਇੱਥੋ ਦੇ ਨਿਜ਼ਾਮ ਨੂੰ ਸਾਫ਼ ਸੁੱਥਰਾ ਅਤੇ ਇਨਸਾਫ਼ ਪਸੰਦ ਬਣਾਉਣ ਲਈ ਸੰਜੀਦਾ ਉੱਦਮ ਨਹੀਂ ਕਰ ਰਹੇ। ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਹੀ ਨਿਰੰਤਰ ਲੰਮੇ ਸਮੇ ਤੋ ਆਪਣੇ ਕੌਮੀ, ਧਾਰਮਿਕ, ਸਮਾਜਿਕ, ਇਖਲਾਕੀ ਅਤੇ ਸਿਆਸੀ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਹਰ ਮੁੱਦੇ ਉੱਤੇ ਡੱਟ ਕੇ ਪਹਿਰਾ ਦੇਣ ਦੀਆਂ ਜਿੰਮੇਵਾਰੀਆਂ ਪੂਰੀਆਂ ਕਰਦੀ ਆ ਰਹੀ ਹੈ। ਉਨ੍ਹਾ ਕਿਹਾ ਕਿ ਇਸ ਅਤਿ ਗੰਧਲੇ ਸਿਆਸੀ ਅਤੇ ਨਿਜ਼ਾਮੀ ਮਾਹੌਲ ਵਿੱਚ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਹੀ ਇੱਥੋ ਦੇ ਨਿਵਾਸੀਆਂ ਨੂੰ ਸਾਫ਼ ਸੁੱਥਰਾ, ਰਿਸ਼ਵਤ ਤੋ ਰਹਿਤ, ਇਨਸਾਫ ਵਾਲਾ ਰਾਜ ਪ੍ਰਬੰਧ ਦੇਣ ਦੇ ਸਮਰੱਥ ਹੈ। ਜਿਸ ਵਿੱਚ ਕਿਸੇ ਵੀ ਕੌਮ, ਧਰਮ, ਜਾਂ ਫਿਰਕੇ ਨਾਲ ਕੋਈ ਰਤੀ ਭਰ ਵੀ ਬੇਇਨਸਾਫੀ ਨਹੀਂ ਹੋ ਸਕੇਗੀ। ਇਸ ਲਈ ਅਗਲੀ ਪੰਜਾਬ ਦੀ ਹਕੂਮਤ ਉੱਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਨੂੰ ਬੈਠਣ ਅਤੇ ਸਰਬ ਸਾਂਝਾ ਪ੍ਰਬੰਧ ਕਾਇਮ ਕਰਨ ਤੋ ਹੁਣ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ। ਉਨ੍ਹਾ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ 11 ਜੁਲਾਈ ਨੂੰ ਪ੍ਰੌ: ਭੁੱਲਰ ਦੀ ਰਿਹਾਈ ਲਈ ਜੋ ਦਿੱਲੀ ਵਿਖੇ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਵਿੱਚ ਸਮੂਹ ਸੰਗਠਨਾਂ, ਜਥੇਬੰਦੀਆਂ, ਪਾਰਟੀਆਂ ਨੂੰ ਸਮੂਲੀਅਤ ਕਰਨ ਲਈ ਸਤਿਕਾਰ ਸਹਿਤ ਖੁੱਲ੍ਹਾ ਸੱਦਾ ਵੀ ਦਿੰਦ ਹਾਂ ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਵਿੱਚ ਗੁਰੂ ਸਾਹਿਬਾਨ ਜੀ ਦੀ ਸੋਚ ‘ਤੇ ਅਧਾਰਿਤ “ਹਲੇਮੀ ਰਾਜ” ਕਾਇਮ ਕਰਨ ਲਈ ਉਹ ਆਉਣ ਵਾਲੇ ਸਮੇ ਵਿੱਚ ਸਾਨੂੰ ਹਰ ਪੱਖੋ ਸਹਿਯੋਗ ਦਿੰਦੇ ਹੋਏ ਸਰਬ ਸਾਂਝੀ ਹਕੂਮਤ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ