ਇਸਲਾਮਾਬਾਦ- ਪਾਕਿਸਤਾਨ ਦਾ ਕਹਿਣਾ ਹੈ ਕਿ ਅਮਰੀਕਾ ਵਲੋਂ ਸਹਾਇਤਾ ਰੋਕੇ ਜਾਣ ਦਾ ਅਤਵਾਦ ਖਿਲਾਫ਼ ਚਲ ਰਹੀ ਲੜਾਈ ਤੇ ਕੋਈ ਅਸਰ ਨਹੀਂ ਪਵੇਗਾ। ਅਮਰੀਕੀ ਸਹਾਇਤਾ ਤੋਂ ਬਿਨਾਂ ਵੀ ਸੰਘਰਸ਼ ਜਾਰੀ ਰਹੇਗਾ। ਇਹ ਵੀ ਕਿਹਾ ਕਿ ਸੈਨਾ ਸਬੰਧੀ ਦਿੱਤੀ ਜਾਣ ਵਾਲੀ 80 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਰੋਕੇ ਜਾਣ ਦੀ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ।
ਪਾਕਿਸਤਾਨ ਦੀ ਸੈਨਾ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸੈਨਾ ਨੇ ਪਹਿਲਾਂ ਵੀ ਬਿਨਾਂ ਕਿਸੇ ਬਾਹਰੀ ਮਦਦ ਦੇ ਆਪਣੇ ਸਾਧਨਾਂ ਦੀ ਵਰਤੋਂ ਕਰਕੇ ਅਤਵਾਦ ਵਿਰੁੱਧ ਵਿੱਢੀ ਮੁਹਿੰਮ ਨੂੰ ਸਫ਼ਲਤਾਪੂਰਵਕ ਚਲਾਇਆ ਹੈ। ਅਮਰੀਕਾ ਵਲੋਂ ਪਾਕਿਸਤਾਨੀ ਸੈਨਾ ਨੂੰ ਹਰ ਸਾਲ ਦਿੱਤੀ ਜਾਣ ਵਾਲੀ ਦੋ ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਰਾਸ਼ੀ ਦਾ ਇੱਕ ਤਿਹਾਈ ਤੋਂ ਵੱਧ ਦਾ ਹਿੱਸਾ ਰੋਕਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਲੋਂ ਸਹਾਇਤਾ ਰਾਸ਼ੀ ਦੇ ਤਹਿਤ 30 ਕਰੋੜ ਡਾਲਰ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਦੀ ਸੀਮਾ ਤੇ ਇੱਕ ਲੱਖ ਤੋਂ ਜਿਆਦਾ ਸੈਨਿਕ ਤੈਨਾਤ ਕਰਨ ਕਰਕੇ ਉਨ੍ਹਾਂ ਤੇ ਹੋਣ ਵਾਲੇ ਖਰਚ ਦੇ ਭੁਗਤਾਨ ਦੇ ਸਬੰਧ ਵਿੱਚ ਦਿੱਤਾ ਜਾਂਦਾ ਹੈ। ਸੈਨਾ ਦੀ ਟਰੇਨਿੰਗ ਤੇ ਹੱਥਿਆਰਾਂ ਤੇ ਆਉਣ ਵਾਲਾ ਖਰਚ ਵੀ ਇਸ ਦਾ ਮੁੱਖ ਹਿੱਸਾ ਹੈ। ਅਮਰੀਕਾ ਅਤਵਾਦੀ ਸੰਗਠਨ ਅਲਕਾਇਦਾ ਨਾਲ ਜੁੜੇ ਸੰਗਠਨ ਹਕਾਨੀ ਨੈਟਵਰਕ ਦੇ ਖਿਲਾਫ਼ ਕਾਰਵਾਈ ਕਰਨ ਲਈ ਜੋਰ ਪਾ ਰਿਹਾ ਹੈ। ਹਕਾਨੀ ਸੰਗਠਨ ਅਫ਼ਗਾਨਿਸਤਾਨ ਵਿੱਚ ਨੈਟੋ ਅਤੇ ਅਮਰੀਕੀ ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਦੀ ਜਮੀਨ ਦੀ ਵਰਤੋਂ ਕਰਦਾ ਹੈ। ਅਮਰੀਕਾ ਦਾ ਇਹ ਵੀ ਕਹਿਣਾ ਹੈ ਕਿ ਸੈਨਾ ਦੀਆਂ ਖੁਫ਼ੀਆ ਏਜੰਸੀਆਂ ਦੇ ਹਕਾਨੀ ਨਾਲ ਸਬੰਧ ਹਨ।