ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਅਮਰੀਕਾ ਦੀ ਨਜ਼ਰ ਵਿੱਚ ਗੱਦੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਸੀਰੀਆ ਵਿੱਚ ਸਰਕਾਰ ਵਿਰੁੱਧ ਹੋ ਰਹੇ ਵਿਰੋਧ ਪਰਦਰਸ਼ਨਾਂ ਤੇ ਅਮਰੀਕੀ ਪ੍ਰਸ਼ਾਸਨ ਵਲੋ ਹਿਲਰੀ ਕਲਿੰਟਨ ਨੇ ਬੜੇ ਤਲਖ ਬਿਆਨ ਵਿੱਚ ਕਿਹਾ ਹੈ ਕਿ ਅਸਦ ਦੇ ਕੁਰਸੀ ਤੇ ਬਣੇ ਰਹਿਣ ਵਿੱਚ ਅਮਰੀਕਾ ਨੂੰ ਕੋਈ ਦਿਲਚਸਪੀ ਨਹੀਂ ਹੈ।
ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਅਸਦ ਇਸ ਯੋਗ ਨਹੀਂ ਹੈ ਕਿ ਉਹ ਸੱਤਾ ਵਿੱਚ ਬਣਿਆ ਰਹੇ। ਸਾਡੀ ਨਜ਼ਰ ਵਿੱਚ ਉਸ ਨੇ ਗੱਦੀ ਤੇ ਬਣੇ ਰਹਿਣ ਦਾ ਹੱਕ ਗਵਾ ਦਿੱਤਾ ਹੈ। ਸਾਡਾ ੳੇਦੇਸ਼ ਇਹ ਵੇਖਣਾ ਹੈ ਕਿ ਸੀਰੀਆਈ ਲੋਕਾਂ ਦੀ ਲੋਕਤੰਤਰਿਕ ਬਦਲਾਅ ਦੀ ਇੱਛਾ ਪੂਰੀ ਹੋਵੇ। ਅਸਦ ਪੱਖੀਆਂ ਨੇ ਫਰਾਂਸ ਅਤੇ ਅਮਰੀਕਾ ਦੇ ਦੂਤਘਰਾਂ ਤੇ ਹਮਲੇ ਕੀਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਦੂਤਘਰ ਦੀ ਸੁਰੱਖਿਆ ਨਾਂ ਕਰ ਪਾਉਣ ਕਰਕੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤਿੰਨ ਕਰਮਚਾਰੀਆਂ ਨੂੰ ਸੱਟਾਂ ਵੀ ਲਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅੰਤਰਰਾਸ਼ਟਰੀ ਕਨੂੰਨ ਦੀ ਉਲੰਘਣਾ ਹੈ। ਸੀਰੀਆ ਦੀ ਸਰਕਾਰ ਨੇ ਸੁਰੱਖਿਆ ਦਾ ਪੂਰਾ ਭਰੋਸਾ ਦਿਵਾਇਆ ਸੀ। ਸੀਰੀਆ ਵਿੱਚ ਸਰਕਾਰ ਵਿਰੁੱਧ ਵੱਡੇ ਪੱਧਰ ਤੇ ਰੋਸ ਮੁਜ਼ਾਹਿਰੇ ਹੋ ਰਹੇ ਹਨ।