ਛਾਅ ਗਏ ਹੋ ਬੱਦਲੀ ਬਣਕੇ ਮੇਰੇ ਉੱਤੇ
ਮੇਰੇ ਉੱਤੇ ਵਰਾਅ ਰਹੀ ਹੈਂ ਪਿਆਰ
ਭਿੱਜ ਗਿਆ ਹਾਂ ਮੈਂ ਚੰਮ ਤਾਈਂ
ਕਦੇ ਟੁੱਟਦੀ ਨਾ ਤੇਰੀ ਝੜੀ ਫੁਹਾਰ
ਚੰਦ ਵੀ ਗ੍ਰਹਿਣਿਆ ਉਸਤਤਹੀਣ ਬੈਠਾ
ਫ਼ੁੱਲਾਂ ਦੀ ਮਹਿਕ ਹੋ ਚੱਲੀ ਬੇਹੀ
ਤੇਲੇ ਮਾਰੀ ਸਰੋਂ ਸੁਹੱਪਣ ਖੁਹਾਕੇ
ਮੋਅ ਚੱਲੀ ਬਿਨ ਪਾਣੀ ਅਤੇ ਰੇਹੀ
ਗੁੰਮਿਆਂ ਮੈਂ ਬੈਠਾ ਜੁਦਾਈ ਦਾ ਮਾਰਿਆ
ਗੁਆ ਮੈਂ ਬੈਠਾ ਜ਼ਿੰਦਗੀ ਉੱਤੇ ਅਧਿਕਾਰ
ਕਲਮਾਂ ਤੋੜਕੇ ਕਵੀ ਗ਼ਜ਼ਲਾਂ ਛੱਡ ਅਧੂਰੀਆਂ
ਸ਼ਬਦਾਂ ਵਿੱਚ ਭੁੱਲ ਗਏ ਕਰਨੀ ਤਰੀਫ਼
ਮਜ਼ਬੂਤ ਇਰਾਦੇ ਪਿਘਲ ਗਏ ਮੋਮ ਬਣਕੇ
ਬਿਰਹਾ ਮਨ ਨੂੰ ਦੇਵੇ ਤਕਲੀਫ਼
ਸੁੱਕਦੇ ਘਾਉ ਮੁੜ ਹਰੇ ਹੋ ਚੱਲੇ
ਹਿਜ਼ਰ ਦੇ ਸਦਕੇ ਘੜੀ ਸਤਾਉਂਦੇ ਹਜ਼ਾਰ
ਤੱਕਕੇ ਅਸਮਾਨੀ ਉੱਡਦੇ ਹੋਏ ਪਰਿੰਦਿਆਂ ਨੂੰ
ਖੁਦ ਉਡਾਰੀ ਲਾਉਣ ਦਾ ਆਉਂਦਾ ਖਿਆਲ
ਅੱਖਾਂ ਬੰਦ ਕਰਕੇ ਤੇਰੇ ਕੋਲ ਪਹੁੰਚਾਂ
ਬਾਹਾਂ ਵਿੱਚ ਭਰਕੇ ਹੋ ਜਾਵਾਂ ਨਿਹਾਲ
ਚੁੰਮਕੇ ਤੇਰੀ ਚਿੱਠੀ ਦੇ ਪੱਤਰਾਂ ਨੂੰ
ਕਾਗਜ਼ੀ ਕਿਸ਼ਤੀ ਜਾਵਾਂ ਸਮੁੰਦਰੋਂ ਪਾਰ
ਦੁਰਾਨੇ ਯਾਰ ਇੰਨਾ ਨਾ ਕਰ ਪਿਆਰ
ਇਹ ਵਿਛੋੜਾ ਝੱਲਣਾ ਹੋਇਆ ਮੁਸ਼ਕਿਲ
ਢਾਅ ਕੇ ਕੰਧਾਂ ਮਿਲਣ ਆਵਾਂ ਤੈਨੂੰ
ਹੌਸਲਾ ਨਾ ਪਾ ਸਕੇ ਦਿਲ ਬੁਜ਼ਦਿਲ
ਟੀਸ ਉੱਠਦੀ ਹਰ ਪਲ ਦੀਦ ਦੀ
ਰਹਿੰਦਾ ਤੇਰੇ ਟੈਲੀਫੋਨ ਦਾ ਇੰਤਜ਼ਾਰ