ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਪੀ.ਏ.ਯੂ ਸਥਿਤ ਪਾਲ ਆਡੀਟੋਰੀਅਮ ਵਿਖੇ ਕਰਮਚਾਰੀਆਂ ਦੇ ਰਿਕਾਰਡ ਤੋੜ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਨਵੀਆਂ ਚੁਨੌਤੀਆਂ ਦੇ ਟਾਕਰੇ ਲਈ ਵਿਗਿਆਨੀਆਂ ਦੇ ਨਾਲ ਨਾਲ ਸਾਨੂੰ ਖੁਦ ਵੀ ਰਫਤਾਰ ਮੇਲਣੀ ਪਵੇਗੀ ਅਤੇ ਨਵੇਂ ਰਾਹਾਂ ਵਿਚੋਂ ਸੂਚਨਾ ਅਤੇ ਸੰਚਾਰ ਤਕਨਾਲੌਜੀ ਦਾ ਪੂਰਾ ਲਾਭ ਉਠਾਉਣਾ ਹੈ । ਸਾਨੂੰ ਕੰਪਿਊਟਰ ਦਾ ਪੂਰਾ ਭੇਤੀ ਬਣਨਾ ਪਵੇਗਾ ।ਮੈਂ ਵਿਕਸਤ ਮੁਲਕਾਂ ਵਿਚ ਦੇਖਿਆ ਹੈ ਕਿ ਕੰਪਿਊਟਰ ਦੀ ਵਰਤੋਂ ਨਾਲ ਕਾਰਜ ਯੋਗਤਾ ਵੀ ਸੁਧਰਦੀ ਹੈ ।
ਡਾ. ਢਿਲੋਂ ਨੇ ਆਖਿਆ ਕਿ ਜਿੱਥੇ ਮੇਰੀ ਜ਼ਿੰਮੇਵਾਰੀ ਇਹ ਹੈ ਕਿ ਮੈਂ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਗਿਆਨੀਆਂ ਨਾਲ ਮਿਲ ਕੇ ਵੱਖ ਵੱਖ ਸੋਮਿਆਂ ਤੋਂ ਫੰਡ ਹਾਸਲ ਕਰਾਂ ਇਸ ਸਿਲਸਿਲੇ ਵਿਚ ਤੁਹਾਡਾ ਸਹਿਯੋਗ ਬੜਾ ਮਹੱਤਵਪੂਰਨ ਹੈ । ਜੇਕਰ ਨਿਸ਼ਚਤ ਸਮੇਂ ਤੇ ਖੋਜ ਪ੍ਰਾਜੈਕਟ ਆਪਣੇ ਅਸਲ ਟਿਕਾਣੇ ਤੇ ਹੀ ਨਾ ਪਹੁੰਚੇ ਤਾਂ ਵਿਗਿਆਨੀਆਂ ਵੱਲੋਂ ਕੀਤੀ ਮਿਹਨਤ ਅਤੇ ਯਤਨ ਅਜਾਈਂ ਜਾ ਸਕਦੇ ਹਨ । ਇਸ ਉਕਾਈ ਨਾਲ ਸਿਰਫ਼ ਵਿਗਿਆਨੀ ਦਾ ਹੀ ਦਿਲ ਨਹੀ ਟੁੱਟਦਾ ਸਗੋਂ ਸਾਨੂੰ ਸਭ ਨੂੰ ਹੀ ਤਕਲੀਫ਼ ਹੋਣੀ ਚਾਹੀਦੀ ਹੈ ।
ਡਾ. ਢਿਲੋਂ ਨੇ ਆਖਿਆ ਕਿ ਮੈਂ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਬਾਰੇ ਯਤਨਸ਼ੀਲ ਹਾਂ । ਪਰ ਇਸ ਲਈ ਸਾਨੂੰ ਸਭ ਨੂੰ ਸਾਂਝੀ ਹਿੰਮਤ ਕਰਨੀ ਪਵੇਗੀ । ਇਸ ਦੇ ਨਾਲ ਹੀ ਉਮੀਦ ਹੈ ਤੁਸੀਂ ਮੇਰੀਆਂ ਸੀਮਾਵਾਂ ਤੋਂ ਵੀ ਜਾਣੂੰ ਹੋਵੋਗੇ ।
ਡਾ. ਢਿਲੋਂ ਨੇ ਆਖਿਆ ਕਿ ਆਈ.ਸੀ.ਏ.ਆਰ. ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ । ਇਸ ਕੰਮ ਵਿੱਚ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ । ਚੰਗਾ ਕੰਮ ਕਰਕੇ ਅਸੀਂ ਸਾਰਿਆਂ ਨੇ ਆਈ.ਸੀ.ਏ.ਆਰ. ਦੀਆਂ ਨਜ਼ਰਾਂ ਵਿੱਚ ਦਾ ਅਕਸ ਹੋਰ ਸੁਧਾਰਨਾ ਹੈ । ਆਓ ! ਸਖ਼ਤ ਮਿਹਨਤ ਕਰਕੇ ਕੌਮੀ ਖੇਤੀਬਾੜੀ ਖੋਜ ਪ੍ਰਬੰਧ ਦੇ ਸਿਖ਼ਰ ਤੇ ਪਹੁੰਚੀਏ ।
ਡਾ. ਢਿੱਲੋਂ ਨੇ ਆਖਿਆਂ ਕਿ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਮਨੁੱਖਤਾ ਲਈ ਅਨਾਜ ਪੈਦਾ ਕਰੀਏ । ਸਾਡਾ ਫ਼ਰਜ਼ ਹੈ ਕਿ ਸਮਰਪਣ, ਨਿਸ਼ਚੈ, ਇਮਾਨਦਾਰੀ ਅਤੇ ਲਗਨ ਨਾਲ ਇਸ ਪਵਿੱਤਰ ਜ਼ਿੰਮੇਵਾਰੀ ਨੂੰ ਰਲ ਕੇ ਨਿਭਾਈਏ ।
ਉਹਨਾਂ ਆਖਿਆ ਕਿ ਸਾਡਾ ਟੀਚਾ ਸਖ਼ਤ ਮਿਹਨਤ ਨਾਲ ਉਸ ਸਿਖ਼ਰ ਤੇ ਪਹੁੰਚਣਾ ਹੈ ਜਿਸ ਨਾਲ ਹਰ ਕੋਈ ਸਾਡੇ ਤੇ ਨਿਰਭਰ ਕਰੇ । ਸਾਨੂੰ ਕਿਸੇ ਦੇ ਪਿੱਛੇ ਨਾ ਭੱਜਣਾ ਪਵੇ ਸਗੋਂ ਸਾਡੀ ਸੰਸਥਾ ਨਾਲ ਜੁੜ ਕੇ ਉਹ ਆਪਣੇ ਆਪ ਨੂੰ ਚੰਗਾ ਚੰਗਾ ਮਹਿਸੂਸ ਕਰਕੇ ਸਾਨੂੰ ਵਿੱਤੀ ਸਹਾਇਤਾ ਵੀ ਦਿਵਾਵੇ । ਇਹ ਹਾਸਲ ਕਰਨ ਲਈ ਇਕੋ ਇਕ ਮੰਤਰ ਸਾਂਝੀ ਟੀਮ ਸਪਿਰਟ ਹੀ ਹੈ ।
ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਉਹਨਾਂ ਇਹ ਸਤਰਾਂ ਸੁਣਾਈਆਂ ਇਕੱਠਿਆਂ ਤੁਰਨਾ ਸ਼ੁਰੂਆਤ ਹੈ,ਇਕੱਠਿਆਂ ਕੰਮ ਕਰਨਾ ਵਿਕਾਸ ਹੈ ਅਤੇ ਇਕੱਠਿਆਂ ਰਹਿਣਾ ਕਾਮਯਾਬੀ ਹੈ ।
ਡਾ. ਢਿਲੋਂ ਲਈ ਸਵਾਗਤੀ ਸ਼ਬਦ ਡਾ. ਰਾਜ ਕੁਮਾਰ ਮਹੈ, ਰਜਿਸਟਰਾਰ ਨੇ ਕਹੇ ਜਦਕਿ ਧੰਨਵਾਦੀ ਸ਼ਬਦ ਕੰਪਟਰੋਲਰ ਸ੍ਰੀ ਅਵਤਾਰ ਚੰਦ ਰਾਣਾ ਨੇ ਬੋਲੇ। ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਅਵਿਨਾਸ਼ ਸ਼ਰਮਾ ਨੇ ਮੰਚ ਸੰਚਾਲਨ ਕੀਤਾ ਜਦਕਿ ਪਰਧਾਨ ਹਰਬੰਸ ਸਿੰਘ ਮੁੰਡੀ ਅਤੇ ਹੋਰ ਆਗੂਆਂ ਨੇ ਮਾਣਯੋਗ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।