ਭਾਗ ਪਹਿਲਾ
ਚਾਰੇ ਪਾਸੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ ਤੇ ਮਾੜੀ ਮਾੜੀ ਭੂਰ ਪੈ ਰਹੀ ਸੀ।
ਕੰਮ ਤੋਂ ਹਟਦਿਆਂ ਹੀ ਜਸਵਿੰਦਰ ਸਿੱਧਾ ਫ਼ੈਕਟਰੀ ਦੇ ਸਾਹਮਣੇ ਵਾਲੇ ਪੱਬ ਵਿੱਚ ਵੜ ਗਿਆ। ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੂੰ ਦਰਵਾਜ਼ੇ ਕੋਲ ਬੈਠੀ ਇੱਕ ਵਾਕਫ਼ ਗੋਰੀ ਨੇ ਦੇਖ ਕੇ ਹੈਲੋ ਕਰੀ। ਉਸ ਨੇ ਜੁਆਬ ਵਿੱਚ ਮੁੱਠੀ ਮੀਚ ਕੇ ਉੱਪਰ ਉੱਠੇ ਅੰਗੂਠੇ ਦੇ ਇਸ਼ਾਰੇ ਨਾਲ ਹੀ ਉਸ ਨੂੰ ‘ਔਰਾਇਟ’ ਆਖਿਆ ਤੇ ਬਿਨਾਂ ਉਸ ਕੋਲ ਰੁੱਕਿਆਂ ਅੱਗੇ ਲੰਘ ਗਿਆ।
ਇੱਕ ਸੋਮਵਾਰ ਤੇ ਦੂਜਾ ਬਾਰਸ਼ ਹੋਣ ਕਰਕੇ ਪੱਬ ਵਿੱਚ ਕਾਂ ਹੀ ਪੈਂਦੇ ਸਨ। ਪੰਜ ਸੱਤ ਪੱਕੇ ਗਾਹਕਾਂ ਤੋਂ ਸਿਵਾਏ ਹੋਰ ਕੋਈ ਵੀ ਨਵਾਂ ਬੰਦਾ ਨਹੀਂ ਸੀ। ਖ਼ਾਲੀ ਬਾਰ ਦੇਖ ਕੇ ਉਹ ਕਾਊਂਟਰ ’ਤੇ ਬਾਰਟੈਂਡਰ ਦੀ ਉਡੀਕ ਕਰਨ ਲੱਗਾ। ਉਸ ਦਾ ਮੂੰਹ ਸੁੱਕੀ ਜਾ ਰਿਹਾ ਸੀ। ਉਸ ਨੇ ਖ਼ੁਸ਼ਕ ਲਬਾਂ ਨੂੰ ਜੀਭ ਫੇਰ ਕੇ ਨਮ ਕਰਿਆ। ਜਸਵਿੰਦਰ ਨੂੰ ਤੱਕ ਕੇ ਕੁੱਝ ਪਲਾਂ ਬਾਅਦ ਇੱਕ ਤੋਕੜ ਜਿਹੀ ਚਾਲੀਆਂ ਪੰਤਾਲੀਆਂ ਵਰ੍ਹਿਆਂ ਦੀ ਸਪੈਨਿਸ਼ ਨਾਰ ਦੌੜਦੀ ਹੋਈ ਆ ਗਈ। ਜਸਵਿੰਦਰ ਨੇ ਉਸ ਨੂੰ ਆਪਣਾ ਆਰਡਰ ਦੇ ਦਿੱਤਾ। ਉਹ ਚੁੱਪਚਾਪ ਗਿਲਾਸ ਭਰਨ ਲੱਗ ਗਈ। ਜਸਵਿੰਦਰ ਨੇ ਉਸ ਨਾਲ ਕੋਈ ਵਿਚਾਰ-ਵਿਮਰਸ਼ ਨਾ ਕੀਤਾ। ਪਹਿਲੇ-ਪਹਿਲ ਘੁੱਟ ਪੀਤੀ ਤੇ ਇਹ ਹੀ ਨੱਢੀ ਜਸਵਿੰਦਰ ਨੂੰ ਕੋਅਕਾਫ ਦੀ ਹੂਰ ਲੱਗਣ ਲੱਗ ਜਾਇਆ ਕਰਦੀ ਸੀ। ਇਸੇ ਪਿੱਛੇ ਹੀ ਤਾਂ ਉਹ ਇਸ ਪੱਬ ਵਿੱਚ ਆਉਣ ਲੱਗਿਆ ਸੀ। ਪਰ ਹੁਣ ਜਿਵੇਂ ਜਨਾਨੀਆਂ ਤੋਂ ਉਸ ਦਾ ਮਨ ਹੀ ਮਰ ਚੁੱਕਿਆ ਸੀ। ਉਹ ਸੋਹਣੀ ਤੋਂ ਸੋਹਣੀ ਔਰਤ ਨੂੰ ਵੀ ਦੇਖ ਕੇ ਅਣਡਿੱਠਾ ਕਰ ਦਿੰਦਾ।
ਸਪੇਨਣ ਦੇ ਗਿਲਾਸ ਭਰਦਿਆਂ ਤੋਂ ਹੀ ਜਸਵਿੰਦਰ ਨੇ ਆਪਣੇ ਬੈਠਣ ਦੀ ਜਗ੍ਹਾ ਚੁਣ ਲਈ ਸੀ। ਜਿਵੇਂ ਕੁਕੜੀ ਨੇ ਤੂੜੀ ਵਿੱਚ ਇੱਕ ਪੱਕੀ ਥਾਂ ਟੋਲੀ ਹੁੰਦੀ ਹੈ ਤੇ ਰੂੜੀਆਂ ਗਾਹੁਣ ਉਪਰੰਤ ਉਸੇ ਹੀ ਮਹਿਫ਼ੂਜ਼ ਟਿਕਾਣੇ ’ਤੇ ਜਾ ਕੇ ਆਡਾਂ ਦਿੰਦੀ ਹੈ। ਉਵੇਂ ਹੀ ਪੱਬ ਦਾ ਇਹ ਸੁੰਨਾ ਤੇ ਨਿੱਘਾ ਜਿਹਾ ਕੋਨਾ ਜਸਵਿੰਦਰ ਦਾ ਪੱਕਾ ਅੱਡਾ ਹੈ। ਇਤਫ਼ਾਕਨ ਹਮੇਸ਼ਾ ਉਸ ਨੂੰ ਇਹ ਜਗ੍ਹਾ ਖ਼ਾਲੀ ਮਿਲਦੀ ਹੈ। ਜਦੋਂ ਦਾ ਉਪਰਾਮਤਾ ਦੇ ਨਾਗ ਨੇ ਉਸ ਦੇ ਚੰਦਨ ਵਰਗੇ ਸਰੀਰ ਨੂੰ ਲਪੇਟਾ ਪਾਇਆ ਹੈ। ਉਦੋਂ ਦਾ ਉਹ ਅਕਸਰ ਇਸੇ ਸਥਾਨ ’ਤੇ ਇੱਕਲਾ ਬੈਠ ਕੇ ਮਦਰਾ ਦੀ ਮਰਾਫ਼ਤ ਆਪਣੇ ਆਪ ਨੂੰ ਭੁੱਲਣ ਦਾ ਨਾਕਾਮ ਯਤਨ ਕਰਿਆ ਕਰਦਾ ਹੈ।
ਸਾਕੀ ਨੇ ਨੱਕੋ-ਨੱਕ ਭਰਿਆ ਮੱਗ ਮੂਹਰੇ ਰੱਖ ਦਿੱਤਾ। ਜਸਵਿੰਦਰ ਨੇ ਪੌਇੰਟਫਿੰਗਰ ਅਤੇ ਅੰਗੂਠੇ ਵਿਚਾਲੇ ਫੜਿਆ ਹੋਇਆ ਡੇਢ ਪੌਂਡ ਉਸ ਦੀ ਤਲੀ ’ਤੇ ਧਰਿਆ ਤੇ ਗਿਲਾਸ ਚੁੱਕ ਕੇ ਸੀਟ ਵੱਲ ਵੱਧਣ ਲੱਗਾ। ਗਿਲਾਸ ਲਬਾਲਬ ਭਰਿਆ ਹੋਣ ਕਰਕੇ ਉਹ ਇੰਝ ਸਾਵਧਾਨੀ ਨਾਲ ਤੁਰ ਰਿਹਾ ਸੀ ਜਿਵੇਂ ਜ਼ਮੀਨ ਉੱਤੇ ਨਹੀਂ ਰੱਸੀ ’ਤੇ ਤੁਰ ਰਿਹਾ ਹੋਵੇ। ਉਸ ਦੇ ਮਜਾਜਣਾ ਵਾਂਗੂੰ ਬੋਚ-ਬੋਚ ਕੇ ਪੱਬ ਧਰਨ ਦੇ ਬਾਵਜੂਦ ਵੀ ਉੱਛਲ ਕੇ ਬੀਅਰ ਡੁੱਲ ਰਹੀ ਸੀ। ਰਸਤੇ ਵਿੱਚ ਖਲੋ ਕੇ ਉਸ ਨੇ ਡੁੱਲ ਕੇ ਪੈਰਾਂ ’ਤੇ ਪੈਂਦੀ ਬੀਅਰ ਦੀ ਝੱਗ ਨੂੰ ਇੱਕ ਲੰਬੀ ਚੁਸਕੀ ਨਾਲ ਆਪਣੇ ਅੰਦਰ ਖਿੱਚ ਲਿਆ। ਗਿਲਾਸ ਉਣਾ ਹੋ ਜਾਣ ਕਾਰਨ ਹੁਣ ਛੱਲ ਵੱਜ ਕੇ ਡੁੱਲਣੋਂ ਹੱਟ ਗਿਆ। ਅਰਾਮ ਨਾਲ ਜਾ ਕੇ ਉਹ ਸੀਟ ’ਤੇ ਬਿਰਾਜਮਾਨ ਹੋ ਗਿਆ। ਖੱਬੇ ਵਿਹਲੇ ਹੱਥ ਨਾਲ ਉਹਨੇ ਬੈਠੇ ਨੇ ਆਪਣੇ ਬੈਠਣ ਵਾਲੇ ਸਥਾਨ ਤੋਂ ਕੁੱਝ ਦੂਰੀ ’ਤੇ ਪਿਆ ਮੇਜ਼ ਖਿੱਚ ਕੇ ਨੇੜੇ ਕਰ ਲਿਆ। ਬੀਅਰ ਦਾ ਇੱਕ ਵੱਡਾ ਘੁੱਟ ਭਰਿਆ। ਮੇਜ਼ ਉੱਤੇ ਪਏ ਗੱਤੇ ਦੇ ਕੱਪਮੈਟ ਨੂੰ ਲੋਟ ਕਰ ਕੇ ਗਿਲਾਸ ਉਸ ਉੱਤੇ ਰੱਖ ਦਿੱਤਾ।
ਪੱਬ ਵਿੱਚ ਲੱਗੀ ਸੈਂਟਰਲ ਹੀਟਿੰਗ ਕਾਰਨ ਜਸਵਿੰਦਰ ਦੇ ਬਦਨ ’ਤੇ ਹਲਕੀ ਹਲਕੀ ਖੁਜਲੀ ਹੋਣ ਲੱਗੀ। ਉਸ ਨੂੰ ਸਾਹ ਵੀ ਕੁੱਝ ਔਖਾ ਆ ਰਿਹਾ ਸੀ। ਜੈਕਟ ਦੀ ਜਿੱਪ ਖੋਲ੍ਹਦਿਆਂ ਹੀ ਉਸ ਨੇ ਕੁੱਝ ਰਾਹਤ ਮਹਿਸੂਸ ਕੀਤੀ। ਪੈਂਟ ਦੀ ਜੇਬ ਵਿੱਚੋਂ ਡੱਬੀ ਕੱਢ ਕੇ ਸਿਗਰਟ ਸੁਲਗਾਈ। ਸਿਗਰਟ ਦਾ ਕਸ਼ ਲੈਣ ਮਗਰੋਂ ਬੀਅਰ ਨੂੰ ਮੂੰਹ ਲਾਇਆ। ਫਿਰ ਕੁੱਝ ਸਮੇਂ ਦੇ ਅੰਤਰਾਲ ਪਿੱਛੋਂ ਸਿਗਰਟ ਬੁੱਲ੍ਹਾਂ ਨਾਲ ਲਾਈ ਤੇ ਥੋੜਾ ਅਟਕ ਕੇ ਗਿਲਾਸ ਵਿੱਚੋਂ ਇੱਕ ਹੋਰ ਸਿੱਪ ਖਿੱਚੀ। ਹਰ ਵਾਰ ਉਹ ਇਸੇ ਤਰ੍ਹਾਂ ਨਿਯਮਬਧ ਪੀਂਦਾ ਗਿਆ। ਬੀਅਰ ਦੇ ਗਿਲਾਸ ਮਗਰੋਂ ਸਿਗਰਟ ਹੋਠਾਂ ਨੂੰ ਛੁਹਾਉਂਦਾ ’ਤੇ ਸਿਗਰਟ ਪਿੱਛੋਂ ਬੀਅਰ ਨੂੰ ਸੁੜਕਾ ਮਾਰਦਾ। ਹਮੇਸ਼ਾ ਸਿਗਰਟ ਦੇ ਸੂਟੇ ਬਾਅਦ ਉਸ ਨੂੰ ਸ਼ਰਾਬ ਯਾਦ ਹੁੰਦੀ। ਕਦੇ ਵੀ ਉਹਨੇ ਭੁੱਲ ਕੇ ਸਿਗਰਟ ਦੇ ਦੋ ਕਸ਼ ਨਹੀਂ ਸਨ ਖਿੱਚੇ ਤੇ ਨਾ ਹੀ ਭੁਲੇਖੇ ਨਾਲ ਬੀਅਰ ਦੇ ਦੋ ਘੁੱਟ ਲਗਾਤਾਰ ਪੀਤੇ ਸਨ।
ਜਦੋਂ ਸਿਗਰਟ ਦਾ ਸਫ਼ੈਦ ਹਿੱਸਾ ਜਲ ਕੇ ਲਾਲ ਲਾਟ, ਪੀਲੇ ਰੰਗ ਦੇ ਫ਼ਿਲਟਰ ਨੂੰ ਗਲਵੱਕੜੀ ਪਾਉਣ ਤੱਕ ਜਾਂਦੀ ਤਾਂ ਉਹ ਉਸ ਨੂੰ ਐਸ਼ਟਰੇ ਵਿੱਚ ਮਸਲ ਕੇ ਉਸ ਸਿਗਰਟ ਦਾ ਭੋਗ ਪਾ ਦਿੰਦਾ। ਫਿਰ ਦੁਬਾਰਾ ਨਵੀਂ ਸਿਗਰਟ ਧੁਖਾ ਲੈਂਦਾ। ਜਦੋਂ ਬੀਅਰ ਗਿਲਾਸ ਦੇ ਤਲ ਨੇੜੇ ਨੂੰ ਹੁੰਦੀ ਤਾਂ ਗਿਲਾਸ ਵਿੱਚੋਂ ਥੱਲਾ ਦਿਸਣ ਤੋਂ ਪਹਿਲਾਂ ਹੀ ਹੋਰ ਪਾਇੰਟ ਲੈ ਲੈਂਦਾ।
ਜਸਵਿੰਦਰ ਦੇ ਪੰਜਵੇਂ ਪਾਇੰਟ ਪੀਣ ਤੱਕ ਪੱਬ ਵਿੱਚ ਕਾਫ਼ੀ ਚਹਿਲ-ਪਹਿਲ ਹੋ ਗਈ ਸੀ। ਕੋਈ ਢਾਣੀ ਵਿੱਚ ਗੱਲਾਂਬਾਤਾਂ ਮਾਰ ਰਿਹਾ ਸੀ। ਕੋਈ ਜੂਈਕ ਬਾਕਸ ’ਤੇ ਵੱਜਦੇ ਸੰਗੀਤ ਦਾ ਅਨੰਦ ਮਾਣ ਰਿਹਾ ਸੀ। ਕੋਈ ਪੂਲ ਖੇਡਣ ਵਿੱਚ ਮਸਤ ਸੀ। ਕੋਈ ਡਾਰਟਾਂ ਨਾਲ ਆਪਣੀ ਨਿਸ਼ਾਨੇ ਬਾਜ਼ੀ ਵਿੱਚ ਮਹਾਰਤ ਹਾਸਲ ਕਰਨ ਲੱਗਿਆ ਹੋਇਆ ਸੀ ਤੇ ਕਿਤੇ ਤਾਸ਼ ਦੀ ਬਾਜ਼ੀ ਮਘੀ ਹੋਈ ਸੀ। ਪਰ ਜਸਵਿੰਦਰ ਨੂੰ ਕਿਸੇ ਵੀ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਉਹ ਇੰਝ ਮੂੰਹ ਲਟਕਾਈ ਬੈਠਾ ਸੀ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ ਹੈ। ਗੁੰਮ-ਸੁੰਮ ਤੇ ਸਭ ਤੋਂ ਬੇਖ਼ਬਰ ਹੋਇਆ ਉਹ ਆਪਣਾ ਹੀ ਇੱਕ ਵੱਖਰਾ ਜਹਾਨ ਵਸਾਈ ਬੈਠਾ ਸੀ।
ਘਰੇ ਜਾਣ ਨੂੰ ਜਸਵਿੰਦਰ ਦਾ ਜੀਅ ਤਾਂ ਨਹੀਂ ਸੀ ਕਰਦਾ, ਪਰ ਮਜਬੂਰਨ ਪੱਬ ਬੰਦ ਹੋ ਜਾਣ ਕਾਰਨ ਉਸ ਨੂੰ ਆਉਣਾ ਹੀ ਪਿਆ। ਉਹ ਬਾਹਰ ਆਇਆ ਤਾਂ ਮੀਂਹ ਤੇਜ਼ ਹੋ ਗਿਆ। ਕਣੀਆਂ ਉਹਦੀ ਟੋਟਣ ਭੰਨਣ ਲੱਗੀਆਂ। ਘਰ ਤੱਕ ਆਉਂਦਾ ਆਉਂਦਾ ਉਹ ਲੜਖੜਾਉਣ ਲੱਗ ਪਿਆ ਸੀ। ਪਰ ਐਨਾ ਵੀ ਸ਼ਰਾਬੀ ਨਹੀਂ ਸੀ ਹੋਇਆ ਕਿ ਉਸ ਨੂੰ ਕੋਈ ਸੁੱਧ-ਬੁੱਧ ਹੀ ਨਾ ਹੋਵੇ। ਉਹ ਵੀ ਕੋਈ ਵੇਲਾ ਸੀ ਜਦੋਂ ਉਹ ਸ਼ੈਂਡੀ ਪੀ ਕੇ ਹੀ ਸ਼ਰਾਬੀ ਹੋ ਜਾਂਦਾ ਸੀ। ਪਰ ਹੁਣ ਤਾਂ ਵਿਸਕੀ ਵੀ ਉਸ ਨੂੰ ਨਸ਼ਾ ਕਰਨੋਂ ਹੱਟ ਗਈ ਹੈ। ਹੁਣ ਉਹ ਅਲਕੋਹਲਿਕ, ਮਤਲਬ ਪੱਕਾ ਪਿਆਕੜ ਬਣ ਗਿਆ ਹੈ। ਅੱਜ ਵੀ ਉਸ ਨੇ ਸੁਪਰ ਟੈਂਨੱਟ ਸਟਰੌਂਗ ਬੀਅਰ ਦੇ ਜਹਿਰ ਵਰਗੇ ਕੌੜੇ ਪੂਰੇ ਨੌ ਪਾਇੰਟ ਪੀਤੇ ਹਨ। ਫੇਰ ਵੀ ਉਸ ਦੇ ਹੋਸ਼ੋ-ਹਵਾਸ ਕਾਇਮ ਹਨ।
ਦਰਵਾਜ਼ਾ ਖੋਲ੍ਹਦਿਆਂ ਹੀ ਜਸਵਿੰਦਰ ਨੇ ਆਪਣੀ ਪਤਨੀ ਕਲਵੰਤ ਨੂੰ ਦੇਖਿਆ। ਭਾਵੇਂ ਅੱਧੀ ਰਾਤ ਹੋ ਗਈ ਸੀ। ਫਿਰ ਵੀ ਉਹ ਸੋਫ਼ੇ ’ਤੇ ਬੈਠੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਜਸਵਿੰਦਰ ਨੇ ਰੋਟੀ ਵਾਲਾ ਡੱਬਾ ਤੇ ਚਾਹ ਵਾਲੀ ਥਰਮੋਸ ਪੌਲੀਥੀਨ ਬੈਗ ਵਿੱਚੋਂ ਕੱਢ ਕੇ ਰਸੋਈ ਵਿੱਚ ਰੱਖ ਦਿੱਤੇ। ਕਲਵੰਤ ਨੇ ਫ਼ਲਾਸਕ ਤੇ ਰੋਟੀ ਵਾਲਾ ਡੱਬਾ ਫੇਅਰੀ ਪਾ ਕੇ ਗਰਮ ਪਾਣੀ ਨਾਲ ਧੋ-ਮਾਂਝ ਕੇ ਭਾਂਡਿਆਂ ਵਿੱਚ ਟਿਕਾ ਦਿੱਤੇ।
ਜਸਵਿੰਦਰ ਨੇ ਡਰਾਅ (ਅਲਮਾਰੀ) ਵਿੱਚੋਂ 75% ਪਰੂਫ ਵਿਸਕੀ ਦੀ ਬੋਤਲ ਕੱਢ ਕੇ ਕੱਚ ਦੇ ਗਿਲਾਸ ਨੂੰ ਸਿਰੇ ਤੱਕ ਭਰ ਲਿਆ। ਹਾੜਾ ਲੈ ਕੇ ਉਹ ਡਰਾਇੰਗਰੂਮ ਵਿੱਚ ਗਿਆ ਤੇ ਬੈਠ ਕੇ ਨੀਟ (ਸ਼ੁੱਧ) ਹੀ ਪੀਣ ਲੱਗਾ। ਉਸ ਨੇ ਅੱਧਿਉਂ ਵੱਧ ਪੈਗ ਪੀ ਲਿਆ ਸੀ। ਕਲਵੰਤ ਨੇ ਰੋਟੀ ਪਾ ਕੇ ਮੂਹਰੇ ਰੱਖ ਦਿੱਤੀ। ਬਾਕੀ ਦੀ ਬਚਦੀ ਸ਼ਰਾਬ ਅੰਦਰ ਸੰਘ ਵਿੱਚ ਸੁੱਟ ਕੇ ਉਹ ਚੁੱਪਚਾਪ ਖਾਣਾ ਖਾਣ ਲੱਗ ਗਿਆ। ਜਿੰਨਾ ਚਿਰ ਉਹ ਭੋਜਨ ਗ੍ਰਹਿਣ ਕਰਦਾ ਰਿਹਾ, ਕਲਵੰਤ ਕੋਲ ਹੀ ਬੈਠੀ ਰਹੀ। ਪਾਣੀ ਖ਼ਤਮ ਹੁੰਦਾ ਤਾਂ ਜਸਵਿੰਦਰ ਲਈ ਪਾਣੀ ਲੈ ਆਉਂਦੀ, ਫੁਲਕਾ ਮੁੱਕਦਾ ਫੁਲਕਾ ਤੇ ਸਬਜੀ, ਦਾਲ ਥੁੜਨ ’ਤੇ ਬਿਨਾਂ ਪੁੱਛਿਆਂ ਡੌਂਗੇ ਲਿਆ ਕੇ ਉਹਦੇ ਅੱਗੇ ਰੱਖ ਦਿੰਦੀ। ਜਸਵਿੰਦਰ ਆਪੇ ਲੋੜ ਅਨੁਸਾਰ ਚੀਜ਼ ਲੈ ਲੈਂਦਾ। ਉਹਨਾਂ ਨੇ ਇੱਕ ਦੂਜੇ ਵੱਲ ਨਾ ਚੱਜ ਨਾਲ ਦੇਖਿਆ ਤੇ ਨਾ ਹੀ ਉਹਨਾਂ ਦਰਮਿਆਨ ਕੋਈ ਗੁਫ਼ਤਗੂ ਹੋਈ। ਉਹ ਦੋਵੇਂ ਬਿਲਕੁਲ ਸ਼ਾਤ ਸਨ ਜਿਵੇਂ ਉਹਨਾਂ ਨੇ ਮੌਨ ਬਰਤ ਰੱਖਿਆ ਹੁੰਦਾ ਹੈ।
ਕਲਵੰਤ ਦਾ ਪ੍ਰਸ਼ਾਦਾ ਛਕਣ ਨੂੰ ਮਨ ਨਹੀਂ ਸੀ ਕਰਦਾ। ਉਹ ਜਸਵਿੰਦਰ ਦੇ ਜੂਠੇ ਭਾਂਡੇ ਧੋਣ ਮਗਰੋਂ ਬੈਡਰੂਮ ਵਿੱਚ ਜਾ ਕੇ ਲੇਟ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਕੁੱਝ ਚਿਰ ਪਿੱਛੋਂ ਜਸਵਿੰਦਰ ਵੀ ਜਾ ਕੇ ਉਸੇ ਦੇ ਨਾਲ ਮੰਜੇ ਦੇ ਇੱਕ ਪਾਸੇ ਹੋ ਕੇ ਪੈ ਗਿਆ। ਜਸਵਿੰਦਰ ਨੇ ਫਿਰ ਸਵੇਰੇ ਸਾਜਰੇ ਉਠ ਕੇ ਕੰਮ ’ਤੇ ਜਾਣਾ ਸੀ। ਹਫ਼ਤੇ ਦਾ ਉਹਨਾਂ ਪਤੀ ਪਤਨੀ ਨੇ ਇੱਕ ਦੂਜੇ ਨੂੰ ਕਲਾਮ ਨਹੀਂ ਕੀਤਾ।
ਹਫ਼ਤਾ ਪਹਿਲਾਂ ਜਸਵਿੰਦਰ ਵੱਲੋਂ ਕਰੇ ਕੁੱਟ-ਕਟਾਪੇ ਕਾਰਨ ਕਲਵੰਤ ਦੇ ਪਿੰਡੇ ਉਤੇ ਪਈਆਂ ਰਗੜਾਂ ਉੱਪਰ ਤਾਂ ਖਰੀਂਡ ਆ ਗਏ ਸਨ। ਪਰ ਉਸ ਦੇ ਦਿਲ ਵਿਚਲੀਆਂ ਸੱਟਾਂ ਅਜੇ ਤੱਕ ਉਵੇਂ ਹੀ ਤਾਜ਼ੀਆਂ ਹਨ। ਉਹਨਾਂ ’ਤੇ ਲੋੜੀਂਦੀ ਮਲ੍ਹਮ ਦਾ ਲੇਪ ਨਹੀਂ ਸੀ ਲੱਗ ਸਕਿਆ। ਕਲਵੰਤ ਨੇ ਸਰੀਰਕ ਜ਼ਖ਼ਮਾਂ ਉੱਤੇ ਜੀ ਪੀ ਨੂੰ ਕੋਰੇ ਤੋਂ ਤਿਲਕ ਕੇ ਡਿੱਗਣ ਦੀ ਝੂਠੀ ਕਹਾਣੀ ਦੱਸ ਕੇ ਦਵਾਈ ਲੈ ਆਂਦੀ ਸੀ। ਪਰ ਦਿਲ ਦੇ ਫੱਟਾਂ ਲਈ ਤਾਂ ਉਹ ਦਵਾਈ ਬਿਲਕੁਲ ਬੇਅਸਰ ਸੀ। ਉਹਨਾਂ ਰੂਹਾਨੀ ਸੱਟਾਂ ਨੂੰ ਤਾਂ ਜੀ ਪੀ ਲੇਡੀ ਡਾਕਟਰ ਦੇਖ ਵੀ ਨਹੀਂ ਸੀ ਸਕਦੀ। ਕਿਉਂਕਿ ਅਜਿਹਾ ਕਰਨ ਲਈ ਉਸ ਨੂੰ ਕਲਵੰਤ ਦੇ ਹਿਰਦੇ ਅੰਦਰ ਝਾਕਣਾ ਪੈਣਾ ਸੀ। ਇੰਗਲੈਂਡ ਵਰਗੇ ਆਧੁਨਿਕ ਤੇ ਮਸਰੂਫ ਮੁਲਖ ਵਿੱਚ ਕਿਸੇ ਕੋਲ ਕਿਸੇ ਦਾ ਮਨ ਟੋਹਣ ਦਾ ਵਿਹਲ ਹੀ ਕਿੱਥੇ ਹੁੰਦਾ ਹੈ।
ਸੱਚ ਤਾਂ ਇਹ ਸੀ, ਜਸਵਿੰਦਰ ਤੋਂ ਸਿਵਾਏ ਹੋਰ ਕਿਸੇ ਕੋਲ ਵੀ ਉਹਨਾਂ ਘਾਵਾਂ ਦਾ ਉਪਚਾਰ ਨਹੀਂ ਸੀ ਤੇ ਜਸਵਿੰਦਰ ਨੇ ਵੀ ਕਲਵੰਤ ਦੀ ਪੀੜ ਨੂੰ ਅਣਗੌਲਿਆ ਕਰ ਦਿੱਤਾ ਸੀ। ਅੰਦਰੋਂ-ਅੰਦਰ ਦੁੱਪਰਿਆਰੀ ਕਲਵੰਤ ਦਾ ਜ਼ਖ਼ਮ ਨਸੂਰ ਬਣਦਾ ਜਾ ਰਿਹਾ ਸੀ। ਪਰ ਉਹ ਦਰਦ ਦੀ ਸ਼ਿੱਦਤ ਨੂੰ ਕਸੀਸ ਵੱਟ ਕੇ ਜਰੀ ਜਾ ਰਹੀ ਸੀ।
ਜਸਵਿੰਦਰ ਕਈ ਵਰ੍ਹੇ ਪਹਿਲਾਂ ਯੂ ਕੇ ਵਿੱਚ ਛੇ ਮਹੀਨੇ ਦਾ ਵੀਜ਼ਾ ਲੈ ਕੇ ਸੈਰ ਲਈ ਆਇਆ ਸੀ। ਉਦੋਂ ਸਾਰਾ ਪਿੰਡ ਹੈਰਾਨ ਸੀ ਬਈ ਜਵਾਨ ਮੁੰਡੇ ਨੂੰ ਵੀਜ਼ਾ ਕਿਵੇਂ ਲੱਗ ਗਿਆ। ਪਰ ਅਸਲੀਅਤ ਕਿਸੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਦਿੱਲੀ ਬ੍ਰਿਟਿਸ਼ ਅੰਬੈਸੀ ਵਿੱਚ ਕੰਮ ਕਰਦਾ ਇੱਕ ਬੰਦਾ ਗੰਢ ਲਿਆ ਸੀ। ਢਾਈ ਲੱਖ ਰੁਪਏ ਵਿੱਚ ਹੀ ਉਸ ਬੰਦੇ ਨੇ ਬਕਾਇਦਾ ਕਾਨੂੰਨੀ ਢੰਗ ਨਾਲ ਅੰਬੈਸੀ ਵਿੱਚ ਇੰਟਰਵਿਊ ਤੇ ਡਾਕਟਰੀ ਕਰਵਾ ਕੇ ਜਸਵਿੰਦਰ ਦੇ ਪਾਸਪੋਰਟ ਉੱਤੇ ਛੇ ਮਹੀਨਿਆਂ ਦਾ ਵੀਜ਼ਿਟਰ ਵੀਜ਼ਾ ਲਵਾ ਦਿੱਤਾ ਸੀ।
ਜਸਵਿੰਦਰ ਦਾ ਅਸਲੀ ਮਨੋਰਥ ਤਾਂ ਅੱਗੇ ਅਮਰੀਕਾ ਜਾਣ ਦਾ ਸੀ। ਯੂ ਐਸ ਏ ਵਿੱਚ ਉਸ ਦੇ ਕਈ ਰਿਸ਼ਤੇਦਾਰਾਂ ਦੇ ਆਪਣੇ ਖੇਤ ਹਨ। ਉਹ ਲਕਸ਼ ਪ੍ਰਾਪਤੀ ਨੂੰ ਅਸਾਨ ਬਣਾਉਣ ਦੇ ਮੰਤਵ ਨਾਲ ਹੀ ਇੰਗਲੈਂਡ ਆਇਆ ਸੀ। ਭਾਰਤ ਨਾਲੋਂ ਬ੍ਰਿਟਿਨ ਤੋਂ ਅਮਰੀਕਾ ਪਹੁੰਚਣਾ ਕਾਫ਼ੀ ਅਸਾਨ ਸੀ। ਜਸਵਿੰਦਰ ਨੇ ਸੋਚਿਆ ਸੀ ਇੰਗਲਿਸਤਾਨ ਵਿੱਚ ਕੁੱਝ ਦੇਰ ਕੰਮ ਕਰਕੇ ਉਹ ਕੁੱਝ ਪੂੰਜੀ ਇਕੱਤਰ ਕਰ ਲਵੇਗਾ ਤੇ ਫਿਰ ਕਿਸੇ ਏਜੰਟ ਦੇ ਰਾਹੀਂ ਅੱਗੇ ਆਪਣੀ ਮੰਜ਼ਿਲ ’ਤੇ ਅੱਪੜ ਜਾਏਗਾ।
ਵਲਾਇਤ ਵਿੱਚ ਜਸਵਿੰਦਰ ਦੀ ਇੱਕ ਚਚੇਰੀ ਭੈਣ ਤੋਂ ਛੁੱਟ ਕੋਈ ਵੀ ਸਕੀਰੀ ਜਾਂ ਵਾਕਫ਼ੀਅਤ ਨਹੀਂ ਸੀ। ਉਸ ਭੈਣ ਜਾਂ ਉਸ ਦੇ ਸਾਹੁਰਿਆਂ ਨਾਲ ਜਸਵਿੰਦਰ ਹੋਰਾਂ ਦਾ ਕੋਈ ਬਹੁਤਾ ਤਿਉ-ਤੱਲਕ ਨਹੀਂ ਸੀ। ਇਸ ਲਈ ਜਸਵਿੰਦਰ ਨੇ ਸੋਚਿਆ ਸੀ ਕਿ ਉਹ ਉਹਨਾਂ ਉੱਪਰ ਬੋਝ ਨਹੀਂ ਬਣੇਗਾ। ਖੁਦ ਆਪਣਾ ਕਮਾਏਗਾ ਤੇ ਆਪਣਾ ਖਾਏਗਾ। ਪਰ ਬਾਹਰੀ ਦੁਨੀਆਂ ਦਾ ਤਾਂ ਡੱਡੂ ਨੂੰ ਖੂਹ ਵਿੱਚੋਂ ਬਾਹਰ ਨਿਕਲਿਆਂ ਹੀ ਗਿਆਨ ਹੁੰਦਾ ਹੈ। ਇੰਗਲੈਂਡ ਆ ਕੇ ਹੀ ਉਸ ਨੂੰ ਇਲਮ ਹੋਇਆ ਸੀ ਕਿ ਕੰਮ ਕਰਨ ਲਈ ਉਸ ਨੂੰ ਯੋਗ ਕਾਗ਼ਜ਼ਾਤ ਤੇ ਨੈਸ਼ਨਲ ਇੰਨਸ਼ੋਰੈਸ਼ ਨੰਬਰ ਦੀ ਲੋੜ ਹੈ। ਜੋ ਉਸ ਨੂੰ ਵਿਜ਼ਿਟਰ ਵੀਜ਼ਾ ਹੋਣ ਕਰਕੇ ਕਾਨੂੰਨਨ ਹਾਸਲ ਨਹੀਂ ਸੀ ਹੋ ਸਕਦੇ। ਨਾ ਚਾਹੁੰਦਿਆਂ ਹੋਇਆਂ ਵੀ ਉਸ ਨੂੰ ਭੈਣ ਅਤੇ ਭਣੋਇਏ ਪਾਲ ਕੋਲ ਸ਼ਰਨ ਲੈਣੀ ਪਈ ਸੀ। ਪਾਲ ਹੋਰਾਂ ਦੀ ਕੱਪੜੇ ਸੀਉਣ ਦੀ ਆਪਣੀ ਫ਼ੈਕਟਰੀ ਸੀ। ਜਿਸ ਵਿੱਚ ਉਹਨਾਂ ਨੇ ਜਸਵਿੰਦਰ ਨੂੰ ਗੈਰਕਾਨੂੰਨੀ ਤੌਰ ’ਤੇ ਕੰਮ ਕਰਨ ਲਗਾ ਲਿਆ ਸੀ।
ਦੇਸ਼ ਛੱਡ ਕੇ ਪ੍ਰਦੇਸੀ ਗਏ ਬਾਕੀ ਸਭਨਾਂ ਲੋਕਾਂ ਵਾਂਗ ਜਸਵਿੰਦਰ ਦੇ ਸੀਨੇ ਵਿੱਚ ਵੀ ਪੈਸੇ ਕਮਾਉਣ ਦਾ ਤਿੱਖਾ ਜੋਸ਼ ਸੀ। ਉਦੋਂ ਉਹ ਉਮਰ ਦੇ ਬਾਈਵੇ ਵਰ੍ਹੇ ਵਿੱਚ ਸੀ। ਉਸ ਦੀ ਜਵਾਨੀ ਸਿਖਰਾਂ ’ਤੇ ਸੀ। ਉਹ ਰਿਸ਼ਟ-ਪੁਸ਼ਟ ਤੇ ਅਣਥੱਕ ਮਿਹਨਤ ਕਰਨ ਵਾਲਾ ਗੱਭਰੂ ਸੀ। ਪਾਲ ਨਾਲ ਵੀਕ ਐਂਡ ਤੇ ਮਾਰਕਿਟਾਂ ਲਵਾਉਂਦਾ ਤੇ ਬਾਕੀ ਚਾਰ ਦਿਨ ਪਾਲ ਦੀ ਕੱਪੜਿਆਂ ਦੀ ਫ਼ੈਕਟਰੀ ਵਿੱਚ ਤਨ-ਦੇਹੀ ਨਾਲ ਕੰਮ ਕਰਦਾ ਸੀ।
ਜਸਵਿੰਦਰ ਤੜਕ ਸਾਰ ਇਕੱਲਾ ਹੀ ਉੱਠ ਕੇ ਫ਼ੈਕਟਰੀ ਚਲਿਆ ਜਾਂਦਾ ਸੀ। ਰਿਸ਼ਤੇਦਾਰੀ ਹੋਣ ਕਾਰਨ ਪਾਲ ਹੋਰੀਂ ਚਾਬੀਆਂ ਉਸ ਦੇ ਹਵਾਲੇ ਕਰ ਦਿੰਦੇ ਸਨ। ਰਾਤੀ ਜਾਣ ਤੋਂ ਪਹਿਲਾਂ ਕਟਿੰਗ ਟੇਬਲ ਤੇ ਕੱਪੜਾ ਵਿਛਾਇਆ ਹੁੰਦਾ ਸੀ, ਜਸਵਿੰਦਰ ਕੱਟਰ ਲੈ ਕੇ ਉਸ ਨੂੰ ਮਿੰਟਾਂ ਵਿੱਚ ਕੱਟ ਕੇ ਔਹ ਮਾਰਦਾ ਸੀ। ਕਾਰੀਗਰ ਮਹਿਲਾਵਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਲਈ ਦਿਨ ਭਰ ਦਾ ਲੋੜੀਂਦਾ ਕੰਮ ਮਸ਼ੀਨਾਂ ਕੋਲ ਰੱਖ ਦਿੰਦਾ ਸੀ। ਅੱਠ ਵਜੇ ਜਦੋਂ ਤੱਕ ਕਾਮੇ ਆਉਂਦੇ ਉਹ ਪਿਛਲੇ ਦਿਨ ਦਾ ਤਿਆਰ ਹੋਇਆ ਮਾਲ ਪੈਕ ਕਰ ਚੁੱਕਿਆ ਹੁੰਦਾ ਸੀ।
ਸਾਰੇ ਕਰਿੰਦੇ ਸਮੇਂ ਸਿਰ ਸਵੇਰੇ ਆਉਂਦੇ ਸਨ, ਵਕਤ ਸਿਰ ਸ਼ਾਮ ਨੂੰ ਚਲੇ ਜਾਂਦੇ ਸਨ। ਪਾਲ ਹੋਰੀਂ ਵੀ ਇੱਕ ਨਿਰਧਾਰਤ ਸਮੇਂ ਆਉਂਦੇ ਤੇ ਨਿਯਤ ਸਮੇਂ ਘਰ ਚਲੇ ਜਾਂਦੇ ਸਨ। ਪਰ ਜਸਵਿੰਦਰ ਪਿਉ ਦਾ ਪੁੱਤ ਦੇਰ ਰਾਤ ਤੱਕ ਕਦੇ ਬਟਨ, ਕਦੇ ਕਾਜ਼, ਕਦੇ ਥਰੈਡ ਟ੍ਰੀਮਿੰਗ (ਧਾਗੇ ਕੱਟਣੇ), ਕਦੇ ਓਵਰ ਲਾਕਿੰਗ ਕੋਈ ਨਾ ਕੋਈ ਕੰਮ ਕਰਨ ਵਿੱਚ ਰੁੱਝਿਆ ਹੀ ਰਹਿੰਦਾ ਸੀ। ਉਹ ਰਾਤ ਗਈ ਡਾਢੀ ਦੇਰ ਬਾਅਦ ਫ਼ੈਕਟਰੀ ਬੰਦ ਕਰਕੇ ਘਰ ਪਰਤਦਾ ਸੀ।
ਸਾਰੇ ਵਰਕਰ ਦਸ ਵਜੇ ਪੰਦਰਾਂ ਮਿੰਟ ਦੀ ਟੀ ਬਰੇਕ(ਛੁੱਟੀ), ਸਾਢੇ ਬਾਰਾਂ ਅੱਧੇ ਘੰਟੇ ਦੀ ਲੰਚ ਬਰੇਕ ਤੇ ਫਿਰ ਤਿੰਨ ਵਜੇ ਪੰਦਰਾਂ ਮਿੰਟਾਂ ਦੀ ਇੱਕ ਹੋਰ ਬਰੇਕ ਕਰਦੇ ਸਨ। ਸਭ ਕਾਮੇ ਅੰਨ-ਪਾਣੀ ਪੰਜ ਦਸ ਮਿੰਟ ਵਿੱਚ ਹੀ ਖਾਹ ਲੈਂਦੇ ਸਨ। ਕੋਈ ਵੀ ਵਰਕਰ ਬਰੇਕ ਦੀ ਸਮਾਪਤੀ ਲਈ ਮੁਕੱਰਰ ਵਕਤ ਤੋਂ ਇੱਕ ਮਿੰਟ ਵੀ ਪਹਿਲਾਂ ਕੰਮ ਨੂੰ ਹੱਥ ਨਹੀਂ ਸੀ ਲਾਉਂਦਾ। ਰੋਟੀ ਖਾਣ ਮਗਰੋਂ ਬਰੇਕ ਲਈ ਮਿਥਿਆ ਸਮਾਂ, ਸਭ ਗੱਲਾਂਬਾਤਾਂ ਮਾਰ ਕੇ ਪੂਰਾ ਕਰਦੇ ਸਨ। ਇੱਕ ਜਸਵਿੰਦਰ ਸੀ ਜਿਸ ਨੂੰ ਖਾਣ ਪੀਣ ਦਾ ਵੀ ਚੇਤਾ ਨਹੀਂ ਹੁੰਦਾ ਸੀ। ਉਹਦੀਆਂ ਤਾਂ ਸਾਰੀਆਂ ਬਰੇਕਾਂ ਦਸ ਵਜੇ ਵਾਲੀ ਬਰੇਕ ਹੀ ਹੁੰਦੀ ਸੀ ਤੇ ਉਹ ਵੀ ਪੰਜ ਸੱਤ ਮਿੰਟ ਦੀ। ਉਹ ਦੋ ਟੁੱਕਰ ਢਿੱਡ ਵਿੱਚ ਸੁੱਟਦਾ ਤੇ ਫਿਰ ਕੰਮ ਵਿੱਚ ਰੁੱਝ ਜਾਂਦਾ ਸੀ। ਸਭ ਜਸਵਿੰਦਰ ਨੂੰ ਅਰਾਮ ਕਰਨ ਲਈ ਬਥੇਰਾ ਆਖਦੇ ਸਨ, ਪਰ ਉਹ ਕਿਸੇ ਦੀ ਇੱਕ ਨਹੀਂ ਸੀ ਸੁਣਦਾ ਤੇ ਇੱਕਲਾ ਹੀ ਚੌਹਾਂ ਜਾਣਿਆ ਜਿੰਨਾ ਕੰਮ ਕੱਢ ਦਿੰਦਾ ਸੀ।
ਚਲਦਾ