ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥੇ ਭਾਈ ਸੁਖਵਿੰਦਰ ਸਿੰਘ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਕੌਮ ਦਾ ਇਤਿਹਾਸ ਅਣਖ, ਕੁਰਬਾਨੀਆਂ ਤੇ ਰੱਬੀ ਜਜ਼ਬੇ ਨਾਲ ਭਰਪੂਰ ਹੈ। ਸਿੱਖ ਕੌਮ ਦੇ ਅਨੇਕਾਂ ਮਹਾਨ ਸ਼ਹੀਦ ਹੋਏ ਹਨ, ਜਿਨ੍ਹਾਂ ‘ਚ ਭਾਈ ਤਾਰੂ ਸਿੰਘ ਦੀ ਲਾਸਾਨੀ ਸ਼ਹਾਦਤ ਦਾ ਵਿਲੱਖਣ ਸਥਾਨ ਹੈ। ਭਾਈ ਤਾਰੂ ਸਿੰਘ ਪਿੰਡ ਪੂਹਲਾ (ਤਰਨ ਤਾਰਨ) ਦੇ ਵਸਨੀਕ ਰਹਿਣੀ-ਬਹਿਣੀ ਦੇ ਪੱਕੇ, ਗੁਰਮਤਿ ਦੇ ਧਾਰਨੀ ਤੇ ਧਰਮ ਦੀ ਕਿਰਤ-ਵਿਰਤ ਵਾਲੇ ਗੁਰਸਿੱਖ ਸਨ। ਭਾਈ ਸਾਹਿਬ ਘਰੋਂ ਪ੍ਰਸ਼ਾਦਾ ਤਿਆਰ ਕਰਵਾਉਂਦੇ ਅਤੇ ਗੁਰੂ ਕੇ ਸਿੱਖਾਂ ਤੇ ਲੋੜਵੰਦਾਂ ਨੂੰ ਛਕਾ ਕੇ ਸੇਵਾ ਕਰਦੇ। ਭਾਈ ਸਾਹਿਬ ਦਾ ਸਿਰੜੀ ਜੀਵਨ ਸਮੇਂ ਦੇ ਹਾਕਮ ਜਕਰੀਆ ਖ਼ਾਨ ਨੂੰ ਚੰਗਾ ਨਾ ਲੱਗਾ। ਉਸ ਨੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਆਂਦਾ। ਗ੍ਰਿਫ਼ਤਾਰੀ ਦੌਰਾਨ ਉਹਨਾਂ ਨੂੰ ਆਪਣਾ ਸਿੱਖੀ ਸਿਰੜ ਵਾਲਾ ਜੀਵਨ ਛੱਡਣ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੇਸ ਕਤਲ ਕਰਵਾਉਣ ਦੀ ਸ਼ਰਤ ‘ਤੇ ਜਾਨ-ਬਖਸ਼ੀ ਦਾ ਸੁਝਾਅ ਦਿੱਤਾ ਗਿਆ, ਪਰੰਤੂ ਗੁਰੂ ਕਾ ਸਿੱਖ ਅਡੋਲ ਰਿਹਾ ਅਤੇ ਜਕਰੀਆ ਖ਼ਾਨ ਦੇ ਹਰ ਸੁਝਾਅ ਨੂੰ ਨਕਾਰ ਕੇ ਸ਼ਹੀਦ ਹੋਣ ਨੂੰ ਤਰਜੀਹ ਦਿੱਤੀ ਤੇ ਜ਼ਾਲਮ ਹਾਕਮਾਂ ਨੇ ਭਾਈ ਤਾਰੂ ਸਿੰਘ ਦੀ ਖੋਪਰੀ ਲਾਹ ਕੇ ਸ਼ਹੀਦ ਕੀਤਾ। ਆਓ ! ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਨੌਜਵਾਨ ਪੀੜ੍ਹੀ, ਜੋ ਕੇਸ ਕਤਲ ਕਰਵਾ ਕੇ ਨਸ਼ਿਆਂ ਦੀ ਦਲ਼ਦਲ਼ ਵਿੱਚ ਧਸਦੀ ਜਾ ਰਹੀ ਹੈ, ਨੂੰ ਸੰਭਾਲੀਏ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀ: ਸਕੱਤਰ ਸ੍ਰ: ਸਤਿਬੀਰ ਸਿੰਘ, ਡਾਇਰੈਕਟਰ ਸ੍ਰ: ਰੂਪ ਸਿੰਘ, ਮੀਤ ਸਕੱਤਰ ਸ੍ਰ: ਰਾਮ ਸਿੰਘ, ਸ੍ਰ: ਗੁਰਚਰਨ ਸਿੰਘ ਘਰਿੰਡਾ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਹਰਭਜਨ ਸਿੰਘ ਮਨਾਵਾਂ, ਸ੍ਰ: ਅੰਗਰੇਜ਼ ਸਿੰਘ, ਸ੍ਰ: ਬਿਜੇ ਸਿੰਘ, ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ੍ਰ: ਕੁਲਵਿੰਦਰ ਸਿੰਘ ਰਮਦਾਸ, ਸੁਪ੍ਰਿੰਟੈਂਡੈਂਟ ਸ੍ਰ: ਹਰਮਿੰਦਰ ਸਿੰਘ ਮੂਧਲ, ਸ/ਸੁਪ੍ਰਿੰਟੈਂਡੈਂਟ ਸ੍ਰ: ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ੍ਰ: ਨਿਸ਼ਾਨ ਸਿੰਘ ਤੇ ਸ੍ਰ: ਜਸਵਿੰਦਰ ਸਿੰਘ ਦੀਪ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ: ਹਰਬੰਸ ਸਿੰਘ (ਮੱਲ੍ਹੀ) ਤੇ ਸ੍ਰ: ਪ੍ਰਤਾਪ ਸਿੰਘ, ਐਡੀ: ਮੈਨੇਜਰ ਸ੍ਰ: ਬਲਦੇਵ ਸਿੰਘ ਤੇ ਸ੍ਰ: ਬਿਅੰਤ ਸਿੰਘ, ਮੀਤ ਮੈਨੇਜਰ ਸ੍ਰ: ਮੰਗਲ ਸਿੰਘ, ਸ/ਸੰਪਾਦਕ ਸ੍ਰ: ਗੁਰਮੀਤ ਸਿੰਘ, ਚੀਫ਼ ਗੁ: ਇੰ: ਸ੍ਰ: ਸਤਨਾਮ ਸਿੰਘ ਤੇ ਸ੍ਰ: ਜਗੀਰ ਸਿੰਘ, ਐਡੀ: ਚੀਫ਼ ਸ੍ਰ: ਜੱਸਾ ਸਿੰਘ ਤੇ ਸ੍ਰ: ਹਰਪਾਲ ਸਿੰਘ, ਅਕਾਊਂਟੈਂਟ ਸ੍ਰ: ਮਿਲਖਾ ਸਿੰਘ, ਸੁਪਰਵਾਈਜ਼ਰ ਸ੍ਰ: ਲਖਵਿੰਦਰ ਸਿੰਘ, ਸ੍ਰ: ਲਖਬੀਰ ਸਿੰਘ ਤੇ ਸ੍ਰ: ਕਰਮਬੀਰ ਸਿੰਘ, ਇੰਟਰਨਲ ਐਡੀਟਰ ਸ੍ਰ: ਕੁਲਦੀਪ ਸਿੰਘ ਤੇ ਸ੍ਰ: ਦਰਸ਼ਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।